Home / ਘਰ ਪਰਿਵਾਰ / ਹਰਫ਼ਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਹਰਫ਼ਨ ਮੌਲਾ ਕਲਾਕਾਰ ਹਰਜੀਤ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ
ਸਾਲਾਂਬੱਧੀ ਸੰਘਰਸ਼ ਦਾ ਨਾਂ ਹੈ ਹਰਜੀਤ ਸਿੰਘ ਸੰਧੂ। ਕਦੇ ਉਹ ਚੋਟੀ ਦਾ ਫੁੱਟਬਾਲ ਖਿਡਾਰੀ ਸੀ, ਫਿਰ ਪੀ. ਟੀ. ਮਾਸਟਰ ਬਣਿਆ ਤੇ ਹੁਣ ਹਰਫ਼ਨ ਮੌਲਾ ਮੋਜ਼ੇਕ ਕਲਾਕਾਰ ਹੈ। ਕੱਚ ਦੀਆਂ ਬਰੀਕ ਟੁੱਕੜੀਆਂ ਨਾਲ ਕਲਾਤਮਿਕ ਚਿੱਤਰ ਚਿੱਤਰਨ ਵਾਲਾ ਕਲਾਕਾਰ। ਲਲਿਤ ਕਲਾ ਅਕੈਡਮੀ ਚੰਡੀਗੜ੍ਹ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਲੈ ਕੇ ਟੋਰਾਂਟੋ ਤੇ ਨਿਊ ਯਾਰਕ ਦੇ ਕਲਾ ਕਦਰਦਾਨਾਂ ਵੱਲੋਂ ਉਸ ਨੂੰ ਅਨੇਕਾਂ ਅਵਾਰਡ ਮਿਲੇ ਹਨ। ਉਸ ਨੂੰ ਕਲਾ ਦੀ ਚੇਟਕ ਰੌਕ ਗਾਰਡਨ ਚੰਡੀਗੜ੍ਹ ਵਾਲੇ ਨੇਕ ਚੰਦ ਨੂੰ ਵੇਖ ਕੇ ਲੱਗੀ ਸੀ। ਲੱਗਦੈ ਉਹ ਵੀ ਨੇਕ ਚੰਦ ਵਾਂਗ ਨਿਵੇਕਲੀਆਂ ਪੈੜਾਂ ਛੱਡੇਗਾ।
ਉਹਦੀਆਂ ਗੱਲਾਂ ਹੁਣ ਮੋਗੇ ਤੋਂ ਨਿਊ ਯਾਰਕ ਤਕ ਹੁੰਦੀਆਂ ਹਨ। ਦੇਸ਼ ਵਿਦੇਸ਼ ਵਿਚ ਉਹਦੇ ਮੋਜ਼ੇਕ ਚਿੱਤਰਾਂ ਦੀਆਂ ਨੁਮਾਇਸ਼ਾਂ ਲੱਗਦੀਆਂ ਹਨ। ਮਾਣ ਸਨਮਾਨ ਮਿਲਦੇ ਹਨ। ਉਹਦਾ ਜੀਵਨ ਸਫ਼ਰ ਖੇਡ ਮੈਦਾਨ ਤੋਂ ਸ਼ੁਰੂ ਹੋ ਕੇ ਕਲਾ ਸਟੂਡੀਓ ਤਕ ਪੁੱਜਾ ਹੈ। ਵੇਖਣ ਨੂੰ ਉਹ ਸਿੱਧੜ ਜਿਹਾ ਜਾਪਦੈ। ਪੱਕਾ ਰੰਗ, ਕਰੜ ਬਰੜੀ ਦਾੜ੍ਹੀ, ਸੰਘਣੀਆਂ ਸਿਹਲੀਆਂ, ਤਿੱਖੀਆਂ ਬਰੀਕ ਅੱਖਾਂ, ਫੁੱਲੀਆਂ ਹੋਈਆਂ ਗੰਨੀਆਂ, ਢਾਲੂ ਮੁੱਛਾਂ ਤੇ ਅੱਟਣਾਂ ਵਾਲੇ ਹੱਥ। ਚੁੱਪ ਰਹੇ ਤਾਂ ਚੁੱਪ, ਪਰ ਜਦੋਂ ਬੋਲਦੈ ਤਾਂ ਵਾਰੀ ਨਹੀਂ ਲੈਣ ਦਿੰਦਾ। ਤਿੱਖੀ ਆਵਾਜ਼ ਵਿਚ ਤੇਜ਼ਤਰਾਰ ਗੱਲਾਂ ਕਰਦਾ ਕੁਝ ਬੜਬੋਲਾ ਵੀ ਲੱਗਦੈ ਪਰ ਹੈ ਨਿਰਾ ਅਫ਼ਲਾਤੂਨ। ਸੱਤਰ ਸਾਲਾਂ ਦਾ ਹੋ ਕੇ ਵੀ ਜੁਆਨ ਦਿਸਦਾ ਹੈ ਅਤੇ ਜੁਆਨਾਂ ਵਰਗੇ ਜੋਸ਼ ਨਾਲ ਹੀ ਭਰਿਆ ਹੋਇਆ ਹੈ।
ਉਹਦੇ ਬਾਰੇ ਬਲਦੇਵ ਸਿੰਘ ਸੜਕਨਾਮਾ ਨੇ ਪੁਸਤਕ ਲਿਖੀ ਹੈ ਜੋ ਮੋਮੀ ਕਾਗਜ਼ ਉਤੇ ਉਹਦੀਆਂ ਕਲਾ ਕਿਰਤਾਂ ਨਾਲ ਸ਼ਿੰਗਾਰੀ ਹੋਈ ਹੈ। ਲਿਖਿਆ ਹੈ ਕਿ ਬਚਪਨ ਤੋਂ ਹੀ ਹਰਜੀਤ ਦੇ ਹੱਥ ਕਦੇ ਨਿਚਲੇ ਨਹੀਂ ਰਹੇ। ਸ਼ਾਇਦ ਹੀ ਕੋਈ ਸ਼ਰਾਰਤ ਹੋਵੇ ਜਿਹੜੀ ਉਸ ਨੇ ਬਚਪਨ ਵਿਚ ਨਾ ਕੀਤੀ ਹੋਵੇ ਤੇ ਮਾਂ ਪਿਉ ਤੋਂ ਕੁੱਟ ਨਾ ਖਾਧੀ ਹੋਵੇ। ਕੌਡੀਆਂ ਬੰਟੇ ਖੇਡਣ, ਪਤੰਗਾਂ ਦੇ ਪੇਚੇ ਪਾਉਣ ਤੇ ਘਰ ਦੇ ਨੌਕਰ ਦੀ ਬੋਦੀ ਪੁੱਟਣ ਦੀਆਂ ਇੱਲਤਾਂ ਨਾ ਕੀਤੀਆਂ ਹੋਣ। ਅਤੇ ਪੇਂਟਿੰਗ ਤੇ ਕਲੇਅ ਮਾਡਲਿੰਗ ਤੋਂ ਲੈ ਕੇ ਸ਼ੀਸ਼ਾਕਾਰੀ ਤਕ ਸ਼ਾਇਦ ਹੀ ਕੋਈ ਕਲਾ ਹੋਵੇ ਜਿਸ ਨਾਲ ਉਹਦੇ ਪੋਟਿਆਂ ਨੇ ਪੰਗੇ ਨਾ ਲਏ ਹੋਣ। ਤਦੇ ਬਲਦੇਵ ਸਿੰਘ ਨੇ ਉਹਦੇ ਜੀਵਨ ਤੇ ਕਲਾ ਬਾਰੇ ਲਿਖੀ ਪੁਸਕਤ ਦਾ ਨਾਂ ਰੱਖਿਆ: ਪੋਟੇ ਬੋਲ ਪਏ।
ਬਲਦੇਵ ਸਿੰਘ ਲਿਖਦਾ ਹੈ, ”ਕੀ ਕੋਈ ਸੋਚ ਸਕਦਾ ਹੈ, ਦਸਵੀਂ ਵਿਚੋਂ ਦੋ ਵਾਰ ਫੇਲ੍ਹ ਹੋਣ ਵਾਲਾ ਵਿਦਿਆਰਥੀ, ਛੱਪੜਾਂ ਦੀ ਚੀਕਣੀ ਮਿੱਟੀ ਨਾਲ ਬਲਦ ਘੋੜੇ ਬਣਾਉਂਦਾ ਫਾਈਨ ਆਰਟਸ ਦੀ ਐੱਮ. ਏ. ਕਰ ਸਕਦਾ ਹੈ ਤੇ ਆਪਣੀ ਵਿਸ਼ੇਸ਼ ਕਲਾ ઑਮੁਜ਼ੇਕ ਆਰਟ਼ ਵਿਚ ਅਜਿਹੀਆਂ ਕਲਾ-ਕ੍ਰਿਤਾਂ ਤਿਆਰ ਕਰਦਾ ਹੈ ਕਿ ਵਿਸ਼ਵ ਭਰ ਦੇ ਕਲਾਕਾਰ, ਉਸ ਦੀ ਕਲਾ ਦਾ ਲੋਹਾ ਮੰਨਦੇ ਹਨ।”
ਪੰਜਾਹ ਪਹਿਲਾਂ ਦੀ ਗੱਲ ਹੈ। ਮੈਂ ਉਦੋਂ ਢੁੱਡੀਕੇ ਕਾਲਜ ਵਿਚ ਲੈਕਚਰਾਰ ਸਾਂ। ਭਿੰਦਰ ਸਿੰਘ ਸੋਹੀ ਡੀ. ਪੀ. ਈ. ਸੀ। ਅਸੀਂ ਕਾਲਜ ਦੀਆਂ ਕਬੱਡੀ, ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਬਣਾਉਣੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਮੈਚ ਜਿੱਤਣੇ ਸ਼ੁਰੂ ਕਰ ਲਏ ਸਨ। ਦੋ ਤਿੰਨ ਸਾਲਾਂ ਵਿਚ ਹੀ ਅਸੀਂ ਕਬੱਡੀ ਤੇ ਹਾਕੀ ਦੇ ਯੂਨੀਵਰਸਿਟੀ ਚੈਂਪੀਅਨ ਬਣਨ ਲੱਗ ਪਏ ਸਾਂ। ਆਏ ਸਾਲ ਲਾਜਪਤ ਰਾਏ ਖੇਡ ਮੇਲਾ ਖ਼ੂਬ ਭਰਦਾ। ਕਬੱਡੀ, ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਦੂਰੋਂ ਦੂਰੋਂ ਢੁੱਡੀਕੇ ਦੇ ਖੇਡ ਮੇਲੇ ਵਿਚ ਭਾਗ ਲੈਣ ਆਉਂਦੀਆਂ। ਉਥੇ ਰੰਗ ਬਰੰਗੇ ਝੰਡੇ ਝੂਲਦੇ, ਖਿਡਾਰੀਆਂ ਦੇ ਭਖੇ ਹੋਏ ਜੁੱਸੇ ਲਿਸ਼ਕਦੇ, ਗਰਾਊਂਡਾਂ ਵਿਚ ਵੱਜਦੀਆਂ ਵਿਸਲਾਂ ਅਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਆਲਾ ਦੁਆਲਾ ਗੂੰਜ ਉਠਦਾ। ਕਿਧਰੇ ਕਬੱਡੀਆਂ ਪੈਂਦੀਆਂ, ਕਿਧਰੇ ਹਾਕੀ ਦੀਆਂ ਗੇਂਦਾਂ ਨਾਲ ਫੱਟੇ ਖੜਕਦੇ ਤੇ ਕਿਧਰੇ ਫੁੱਟਬਾਲ ਦੀਆਂ ਕਿੱਕਾਂ ਲੱਗਦੀਆਂ।
ਉਦੋਂ ਕੁ ਹੀ ਮੈਂ ਇਕ ਸਕੂ ਦੇ ਪੀ. ਟੀ. ਨੂੰ ਫੁੱਟਬਾਲ ਖੇਡਦੇ ਵੇਖਿਆ। ਉਹਦਾ ਨਾਂ ਹਰਜੀਤ ਸਿੰਘ ਸੀ। ਉਹਦੀਆਂ ਕਿੱਕਾਂ ਵਿਚ ਜਾਨ ਸੀ। ਤੇਜ਼ ਦੌੜਦਾ ਹੋਇਆ ਪਾਸ ਦਿੰਦਾ ਲੈਂਦਾ ਸੀ। ਉਦੋਂ ਉਹ ਪੈਰਾਂ ਦੀ ਕਲਾਕਾਰੀ ਵਿਖਾਉਂਦਾ ਸੀ ਜਦ ਕਿ ਹੁਣ ਹੱਥਾਂ ਦੀ ਕਲਾਕਾਰੀ ਵਿਖਾ ਰਿਹੈ। ਹੈਰਾਨ ਹੋਈਦੈ ਕਿ ਉਹ ਰੰਗੀਨ ਸ਼ੀਸ਼ਿਆਂ ਨੂੰ ਕੱਟ ਤਰਾਸ਼ ਕੇ ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਟੁਕੜੀਆਂ ਨੂੰ ਕਿਵੇਂ ਜੋੜ ਲੈਂਦੈ ਕਿ ਕਦੇ ਉਹ ਬਾਬਾ ਫਰੀਦ ਦੇ ਦੁਆਵਾਂ ਮੰਗਦੇ ਹੱਥ ਤੇ ਮਿਹਰਬਾਨ ਚਿਹਰਾ ਮੁਹਰਾ ਬਣ ਜਾਂਦੀਆਂ ਹਨ ਤੇ ਕਦੇ ਮਦਰ ਟੈਰੇਸਾ ਦੇ ਸੇਵਾ ਭਾਵ ਦਾ ਬਿੰਬ ਬਣਦੀਆਂ ਹਨ। ਕਦੇ ਬਰੀਕ ਟੁੱਕੜੀਆਂ ਨਾਲ ਬਣਾਏ ਦਰਬਾਰ ਸਾਹਿਬ ਦੀ ਸੁਨਹਿਰੀ ਝਲਕ ਸਰੋਵਰ ਵਿਚ ਲਹਿਰਾਉਂਦੀ ਦਿਸਦੀ ਹੈ। ਸ਼ੀਸ਼ੇ ਦੀਆਂ ਟੁੱਕੜੀਆਂ ਵਿਚ ਦੀ ਪਾਣੀ ‘ਚ ਪੈਂਦੀ ਝਲਕ ਨੂੰ ਠੋਸ ਕਲਾਕ੍ਰਿਤੀ ਰਾਹੀਂ ਵਿਖਾਉਣਾ ਸੌਖਾ ਕਾਰਜ ਨਹੀਂ। ਇਕ ਦੋ ਦਿਨ ਨਹੀਂ, ਮਹੀਨੇ ਲੱਗ ਜਾਂਦੇ ਹਨ ਅਜਿਹੇ ਕਾਰਜ ਨੂੰ ਨੇਪਰੇ ਚਾੜ੍ਹਦਿਆਂ। ਅਜਿਹੀ ਕਲਾ ਦੀ ਕਦਰ ਮੁਜ਼ੇਕ ਕਲਾ ਦੇ ਜੌਹਰੀ ਹੀ ਪਾ ਸਕਦੇ ਹਨ।
ਹਰਜੀਤ ਸੰਧੂ ਦੇ ਵਡੇਰੇ ਮਾਝੇ ਦੇ ਵਸਨੀਕ ਸਨ। ਉਹਦਾ ਦਾਦਾ ਕਲਕੱਤੇ ਟੈਕਸੀ ਚਲਾਉਣ ਲੱਗ ਪਿਆ ਸੀ। ਉਹਦੇ ਘਰ ਹਰਜੀਤ ਦਾ ਪਿਤਾ ਬਣਨ ਵਾਲਾ ਮੇਲਾ ਸਿੰਘ 1908 ਵਿਚ ਜੰਮਿਆ ਜੋ ਬੀ. ਏ. ਕਰ ਕੇ ਰੇਲਵੇ ਦਾ ਅਫ਼ਸਰ ਬਣ ਗਿਆ। ਉਹ ਮੋਗੇ ਦੇ ਪਿੰਡ ਕਾਲੀਏ ਵਾਲੇ ਵਿਆਹਿਆ ਗਿਆ ਤੇ ਤਰੱਕੀ ਕਰਦਾ ਦੇਸ਼ ਵੰਡ ਸਮੇਂ ਯੂ. ਪੀ. ਵਿਚ ਮੁਗ਼ਲ ਸਰਾਏ ਸਟੇਸ਼ਨ ਦਾ ਸਭ ਤੋਂ ਵੱਡਾ ਅਫ਼ਸਰ ਬਣ ਗਿਆ। ਉਥੇ ਵੱਡਾ ਬੰਗਲਾ ਤੇ ਨੌਕਰ ਚਾਕਰ ਮਿਲ ਗਏ। ਮੇਲਾ ਸਿੰਘ ਦੇ ਤਿੰਨ ਪੁੱਤਰ ਹੋਏ ਤੇ ਦੋ ਪੁੱਤਰੀਆਂ। ਹਰਜੀਤ ਦਾ ਜਨਮ 7 ਜਨਵਰੀ 1949 ਨੂੰ ਭਾਵੇਂ ਮੋਗੇ ‘ਚ ਹੋਇਆ ਪਰ ਬਚਪਨ ਮੁਗ਼ਲ ਸਰਾਏ ਦੇ ਬੰਗਲੇ, ਵਧੀਆ ਸਕੂਲਾਂ ਤੇ ਵਧੀਆ ਗਰਾਊਂਡਾਂ ਵਿਚ ਖੇਡਦਿਆਂ ਬੀਤਿਆ। ਬਾਪ ਅਸੂਲਾਂ ਦਾ ਪੱਕਾ ਤੇ ਅਨੁਸਾਸ਼ਨ ਦਾ ਪਾਬੰਦ ਸੀ ਜਿਸ ਕਰਕੇ ਬੱਚਿਆਂ ਨੂੰ ਖਿੱਚ ਕੇ ਰੱਖਦਾ। ਉਹ ਚਾਹੁੰਦਾ ਸੀ ਉਹਦੇ ਬੱਚੇ ਕਿਸੇ ਕਲਾਕਾਰੀ ਵੱਲ ਜਾਣ ਦੀ ਥਾਂ ਵਧੀਆ ਵਿਦਿਆਰਥੀ, ਵਧੀਆ ਖਿਡਾਰੀ ਤੇ ਵੱਡੇ ਅਫ਼ਸਰ ਬਣਨ। ਪਰ ਹੋਣੀ ਨੂੰ ਕੌਣ ਮੋੜੇ?
ਹਰਜੀਤ ਬਾਰਾਂ ਕੁ ਸਾਲਾਂ ਦਾ ਸੀ ਕਿ ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਵਿਧਵਾ ਮਾਂ ਪੰਜਾਂ ਬੱਚਿਆਂ ਨੂੰ ਲੈ ਕੇ ਮੋਗੇ ਬਿਰਧ ਬਾਪ ਦੇ ਬੂਹੇ ਆ ਬੈਠੀ। ਬਾਪ ਦੇ ਚਾਰ ਧੀਆਂ ਹੀ ਧੀਆਂ ਸਨ, ਪੁੱਤਰ ਕੋਈ ਨਹੀਂ ਸੀ। ਦੋ ਧੀਆਂ ਵਿਧਵਾ ਹੋ ਗਈਆਂ ਸਨ। ਉਨ੍ਹਾਂ ਦੇ ਸਾਰੇ ਬੱਚੇ ਵਿਦਿਆਰਥੀ ਸਨ। ਪਰਿਵਾਰ ਦੀ ਆਮਦਨ ਕੋਈ ਹੈ ਨਹੀਂ ਸੀ। ਨਾਨੇ ਦੀ ਜ਼ਮੀਨ ਦੇ ਠੇਕੇ ਨਾਲ ਹੀ ਪਰਿਵਾਰ ਦੀ ਗੱਡੀ ਰਿੜ੍ਹਨੀ ਸ਼ੁਰੂ ਹੋਈ। ਹਰਜੀਤ ਮੋਗੇ ਦੇ ਆਰੀਆ ਸਕੂਲ ਵਿਚ ਦਾਖਲ ਹੋ ਗਿਆ। ਅਰਜ਼ੀ ਦੇ ਕੇ ਫੀਸ ਮੁਆਫ਼ ਕਰਾਈ। ਪਰ ਉਹ ਪੜ੍ਹਨ ਦੀ ਥਾਂ ਮਿੱਟੀ ਦੇ ਬਲਦ ਘੋੜੇ ਬਣਾਉਂਦਾ ਰਹਿੰਦਾ ਜਿਸ ਦੇ ਸਿੱਟੇ ਵਜੋਂ ਦਸਵੀਂ ‘ਚੋਂ ਦੋ ਵਾਰ ਫੇਲ੍ਹ ਹੋ ਗਿਆ। ਫਿਰ ਕਰੇ ਤਾਂ ਕੀ ਕਰੇ?
ਹਾਰ ਕੇ ਹਰਜੀਤ ਨੂੰ ਮੋਗੇ ਦੀ ਨੈਸਲੇ ਡੇਅਰੀ ਵਿਚ ਦਰਜਾ ਚਾਰ ਕਰਮਚਾਰੀ ਬਣਨਾ ਪਿਆ। ਜਦੋਂ ਚਾਰ ਪੈਸੇ ਹੱਥ ਆਏ ਤਾਂ ਦੁਬਾਰਾ ਮਿਸ਼ਨ ਸਕੂਲ ਵਿਚ ਪੜ੍ਹਨ ਲੱਗ ਪਿਆ। ਹਮਦਰਦ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਦਸਵੀਂ ਪਾਸ ਕਰ ਗਿਆ। ਮਿਸ਼ਨ ਸਕੂਲ ਵਿਚ ਪੜ੍ਹਦਿਆਂ ਉਹ ਪੰਜਾਬ ਪੱਧਰ ‘ਤੇ ਫੁੱਟਬਾਲ ਖੇਡਿਆ ਅਤੇ ਡਰਾਇੰਗ ਵਿਚ ਸਭ ਤੋਂ ਵਧੀਆ ਵਿਦਿਆਰਥੀ ਸਾਬਤ ਹੋਇਆ। ਮਾਸਟਰ ਨਿਰਮਲ ਸਿੰਘ ਗਿੱਲ ਨੇ ਉਸ ਨੂੰ ਬੀ. ਐੱਡ ਕਾਲਜ ਦੇ ਆਰਟ ਪ੍ਰੋਫ਼ੈਸਰ ਡੀ. ਐਸ. ਰਾਠੌਰ ਦੇ ਲੜ ਲਾ ਦਿਤਾ। ਰਾਠੌੜ ਦੀ ਸੰਗਤ ਵਿਚ ਹਰਜੀਤ ਦੀ ਪ੍ਰਤਿਭਾ ਨੂੰ ਸੇਧ ਮਿਲ ਗਈ। ਉਹ ਕਿਸੇ ਆਰਟ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਸੀ ਪਰ ਗੇੜ ਅਜਿਹਾ ਬਣਿਆ ਕਿ ਪਟਿਆਲੇ ਦੇ ਸਰੀਰਕ ਸਿੱਖਿਆ ਕਾਲਜ ਵਿਚ ਜਾ ਦਾਖਲ ਹੋਇਆ। ਉਥੇ ਉਹਦੀ ਕਲਾ ਪ੍ਰਤਿਭਾ ਵੀ ਚਮਕਣੀ ਸ਼ੁਰੂ ਹੋ ਗਈ। ਖਿਡਾਰੀ ਵੀ ਤਕੜਾ ਬਣ ਗਿਆ। ਪਰ ਨਾ ਕਲਾ ਵਿਚ ਰੁਜ਼ਗਾਰ ਸੀ ਨਾ ਖੇਡ ਵਿਚ। ਫਿਰ ਰੁਜ਼ਗਾਰ ਦਫਤਰਾਂ ਦੇ ਧੱਕੇ ਖਾਂਦਾ ਕਦੇ ਕਿਸੇ ਸਕੂ ‘ਚ ਪੀ. ਟੀ. ਕਰਾਉਣ ਲੱਗਦਾ, ਕਦੇ ਕਿਸੇ ਸਕੂਲ ਵਿਚ। ਉਹ ਜਿਸ ਸਕੂਲ ਵਿਚ ਵੀ ਪੀ. ਟੀ. ਲੱਗਦਾ ਉਹਦੀਆਂ ਹੀ ਟੀਮਾਂ ਜਿੱਤਣ ਲੱਗਦੀਆਂ। ਅੱਜ ਵੀ ਉਹਦੇ ਸਮਕਾਲੀ ਅਧਿਆਪਕ ਦੱਸਦੇ ਹਨ, ”ਹਰਜੀਤ ਬਣਨਾ ਬਹੁਤ ਔਖਾ ਹੈ। ਉਹ ਤਾਂ ਦੂਸਰੇ ਅਧਿਆਪਕਾਂ ਦੇ ਖਾਲੀ ਪੀਰੀਅਡ ਵਿਚ ਵੀ ਕਲਾਸਾਂ ਵਿਚ ਜਾ ਵੜਦਾ। ਬੱਚਿਆਂ ਨੂੰ ਗਰਾਊਂਡ ਵਿਚ ਲੈ ਜਾਂਦਾ। ਕਦੇ ਗਿੱਲੀ ਮਿੱਟੀ ਨਾਲ ਜਾਨਵਰ ਬਣਾਉਣੇ ਸਿਖਾਉਂਦਾ। ਕਦੇ ਪੇਂਟਿੰਗ ਸਿਖਾਉਂਦਾ, ਕਦੇ ਲੱਕੜ ਤਰਾਸ਼ੀ। ਹਰਜੀਤ ਦੇ ਸਕੂਲ ਵਿਚ ਹੁੰਦਿਆਂ, ਮਜਾਲ ਹੈ ਕੋਈ ਕਲਾਸ ਵਿਹਲੀ ਹੋਵੇ ਤੇ ਬੱਚੇ ਰੌਲਾ ਪਾਉਂਦੇ ਹੋਣ। ਪੂਰਾ ਸਕੂਲ ਕੰਟਰੋਲ ਵਿਚ ਹੁੰਦਾ ਸੀ। ਸੱਚ ਆਖੀਏ ਹਰਜੀਤ ਦਾ ਰੰਗ ਗਰਾਊਂਡਾਂ ਵਿਚ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਂਦਿਆਂ ਹੀ ਧੁੱਪਾਂ ‘ਚ ਕਾਲਾ ਹੋਇਆ। ਉਹ ਤਾਂ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਸਕੂਲ ਵਿਚ ਬੁਲਾ ਲੈਂਦਾ ਸੀ ਤੇ ਆਪ ਮੋਗਿਓਂ ਸਵੇਰੇ ਹੀ ਸਾਈਕਲ ‘ਤੇ ਨਿਕਲ ਜਾਂਦਾ, ਕਦੇ ਡਾਲੇ, ਕਦੇ ਮਹਿਣੇ, ਕਦੇ ਘੱਲ ਕਲਾਂ, ਕਦੇ ਦੀਨਾ ਸਾਹਿਬ ਤੇ ਕਦੇ ਦੌਲਤਪੁਰੇ…। ਅੱਜ ਕੱਲ੍ਹ ਤਾਂ ਮਾਸਟਰ ਕੰਮ ਵਾਲੇ ਦਿਨ ਨੀ ਬੱਚਿਆਂ ਨੂੰ ਪੜ੍ਹਾਉਂਦੇ, ਛੁੱਟੀ ਵਾਲੇ ਦਿਨ ਕੌਣ ਜਾਂਦੈ? ਹਰਜੀਤ ਬਣਨਾ ਬਹੁਤ ਔਖਾ ਹੈ।”
ਪੀ. ਟੀ. ਹੁੰਦਿਆਂ ਉਸ ਨੇ ਪ੍ਰਾਈਵੇਟ ਤੌਰ ‘ਤੇ ਬੀ. ਏ. ਕਰ ਲਈ। ਉਹ ਵੀ ਫਸਟ ਕਲਾਸ ਵਿਚ। ਫਿਰ ਸਕੂਲੋਂ ਛੁੱਟੀ ਲੈ ਕੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਫਾਈਨ ਆਰਟਸ ਦੀ ਐਮ. ਏ. ਕੀਤੀ। 1983 ਵਿਚ ਉਸ ਨੂੰ ਸਟੇਟ ਪੱਧਰ ਦਾ ਕਲਾ ਅਵਾਰਡ ਮਿਲਿਆ। ਪੰਜਾਬ ਦੇ ਗਵਰਨਰ ਨੇ ਉਚੇਚਾ ਪਰਸ਼ੰਸਾ ਪੱਤਰ ਦਿੱਤਾ। ਬਾਬਾ ਫਰੀਦ ਮੇਲੇ ਵਿਚ ਡੀ. ਸੀ. ਫਰੀਦਕੋਟ ਨੇ ਤੇ ਲਾਜਪਤ ਰਾਏ ਮੇਲਾ ਢੁੱਡੀਕੇ ਵਿਚ ਮੁੱਖ ਸਕੱਤਰ ਨੇ ਅਵਾਰਡ ਦਿੱਤੇ। ਫਿਰ ਉਹ ਆਪਣੀ ਭੈਣ ਕੋਲ ਨਿਊ ਯਾਰਕ ਚਲਾ ਗਿਆ। ਉਥੇ ਸਾਈਨ ਬੋਰਡ ਲਿਖਣ ਦੀ ਮਜ਼ਦੂਰੀ ਕਰਦਾ ਰਿਹਾ। ਆਖ਼ਰ 2010 ਤੋਂ ਉਹਦੀ ਮੋਜ਼ੇਕੀ ਦਾ ਮੁੱਲ ਪੈਣ ਲੱਗਾ। ਚਿੱਤਰਾਂ ਦੀ ਮਾਣ ਭੇਟਾ ਹਜ਼ਾਰਾਂ ਡਾਲਰਾਂ ਤਕ ਚਲੀ ਗਈ। ਉਥੋਂ ਦੇ ਕਲਾ ਪਾਰਖੂਆਂ ਨੇ ਕਿਹਾ, ”ਇਹ ਤਾਂ ਛੁਪਿਆ ਰੁਸਤਮ ਨਿਕਲਿਆ!”
ਉਸ ਨੇ ਕੱਚ ਦੀਆਂ ਬਰੀਕ ਟੁੱਕੜੀਆਂ ਜੋੜ ਕੇ ਬਾਬਾ ਫਰੀਦ ਦਾ ਚਿੱਤਰ ਬਣਾਇਆ ਜਿਸ ਵਿਚ ਚਿਹਰੇ ਦੀ ਰੂਹਾਨੀਅਤ ਵੀ ਉਜਾਗਰ ਕੀਤੀ। ਮੋਜ਼ੇਕ ਸ਼ੈਲੀ ਵਿਚ ઑਆਸਕਰ ਅਵਾਰਡ਼ ਦੇ ਘੁੰਮਦੇ ਹੋਣ ਦਾ ਪ੍ਰਭਾਵ ਪੂਰੀ ਪ੍ਰਵੀਨਤਾ ਨਾਲ ਸਿਰਜਿਆ। ਹਰਿਮੰਦਰ ਸਾਹਿਬ ਦਾ ਚਿੱਤਰ ਇਕ ਸਾਲ ਦੀ ਮਿਹਨਤ ਨਾਲ ਤਿਆਰ ਕੀਤਾ। ਉਸ ਵਿਚ ਸਰੋਵਰ ‘ਤੇ ਪੈਂਦਾ ਅਕਸ ਚਮਤਕਾਰੀ ਮਹਿਸੂਸ ਹੁੰਦਾ ਹੈ। ਨੀਲੇ ਤੇ ਸੁਨਹਿਰੀ ਰੰਗ ਅਧਿਆਤਮਿਕ ਰੂਪ ਨੂੰ ਨਿਖਾਰਦੇ ਹਨ। ਕਲਾ ਪਾਰਖੂ ਮੋਨਿਕਾ ਨਾਰਥ ਅਮੈਰੀਕਨ ਸਿੱਖ ਰੀਵਿਊ ਵਿਚ ਲਿਖਦੀ ਹੈ, ”ਹਰਜੀਤ ਦਾ ਆਰਟ ਵਰਕ ਆਪਣੇ ਮੂੰਹੋਂ ਆਪ ਬੋਲਦਾ ਹੈ ਜੋ ਉਹਦੇ ਸਬਰ ਸੰਤੋਖ, ਸਖ਼ਤ ਮਿਹਨਤ, ਲਗਨ, ਦ੍ਰਿੜਤਾ ਤੇ ਤਿਆਗ ਦੀ ਗਵਾਹੀ ਦਿੰਦਾ ਹੈ।”
ਡਾ. ਸਰੋਦ ਪਾਂਦੇ ਨੇ ਲਿਖਿਆ, ”ਹਰਜੀਤ ਮਿੱਟੀ, ਲੱਕੜ ਤੇ ਪੱਥਰਾਂ ਨਾਲ ਆਪਣੀ ਪਿਛਲੇ ਜਨਮ ਦੀ ਸਾਂਝ ਦੱਸਦਾ ਹੈ। ਉਹ ਮਿੱਟੀ ਵਿਚ ਸਿਰਜੇ ਚਿਹਰੇ ਤੇ ਪੰਜਾਂ ਇੰਦਰੀਆਂ ਦਾ ਮੇਲ ਇੰਜ ਮੇਲਦਾ ਹੈ ਜਿਵੇਂ ਖ਼ਾਸ ਮਿੱਟੀ, ਖ਼ਾਸ ਆਦਮੀ ਦੇ ਚਰਿਤਰ ਲਈ ਹੀ ਬਣੀ ਹੋਵੇ। ਹਰਜੀਤ ਟੋਭਿਆਂ ਦੀ ਮਿੱਟੀ ਨੂੰ ਸਾਕਾਰ ਰੂਪ ਦੇਣ ਵਾਲਾ ਕਲਾਕਾਰ ਹੈ।”
ਉਸ ਦੇ ਆਰਟ ਗੁਰੂ ਪ੍ਰੋ. ਡੀ. ਐਸ. ਰਾਠੌਰ ਜੋ ਪੈਂਸਲ ਵਰਕ, ਵਾਟਰ-ਕਲਰ, ਆਇਲ ਕਲਰ ਤੇ ਬੁੱਤ ਤਰਾਸ਼ੀ ਵਿਚ ਮਾਹਿਰ ਸਨ, ਹਰਜੀਤ ਨੂੰ ਐਸਾ ਚੰਡਿਆ ਸੀ ਕਿ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਹਰਜੀਤ ਆਪਣੀ ਮਿਹਨਤ ਤੇ ਲਗਨ ਬਾਰੇ ਦੱਸਦਾ ਹੈ, ”ਇਕ ਵਾਰ ਮੈਂ ਰਾਠੌਰ ਸਾਹਿਬ ਕੋਲ ਬੈਠਾ ਸ਼ਹੀਦ ਭਗਤ ਸਿੰਘ ਦਾ ਮਿੱਟੀ ਦਾ ਬੁੱਤ ਰਿਹਾ ਸਾਂ। ਮੈਂ ਆਪਣੇ ਕੰਮ ਵਿਚ ਏਨਾ ਮਗਨ ਸਾਂ ਕਿ ਪਤਾ ਹੀ ਨਹੀਂ ਲੱਗਾ, ਕਿੰਨੇ ਘੰਟੇ ਮੈਂ ਪੈਰਾਂ ਭਾਰ ਬੈਠਾ ਆਪਣੀ ਧੁਨ ਵਿਚ ਲੱਗਾ ਰਿਹਾ? ਜਦੋਂ ਸ਼ਾਮ ਨੂੰ ਕੰਮ ਖ਼ਤਮ ਕਰ ਕੇ ਉੱਠਣ ਲੱਗਾ ਤਾਂ ਧੜੰਮ ਕਰ ਕੇ ਪਿੱਠ ਪਰਨੇ ਡਿੱਗ ਪਿਆ। ਪੈਰਾਂ ਨੇ ਭਾਰ ਹੀ ਨਾ ਝੱਲਿਆ। ਪੈਰ ਤਾਂ ਜਿਵੇਂ ਮੇਰੇ ਨਾਲ ਈ ਨਹੀਂ ਸਨ। ਸੁੰਨ ਮਸੁੰਨ, ਭਾਵੇਂ ਹੌਲੀ ਹੌਲੀ ਵੱਢ ਦਿਉ, ਮੈਨੂੰ ਭੋਰਾ ਪੀੜ ਨਾ ਹੋਵੇ। ਖੜਕਾ ਸੁਣ ਕੇ ਗੁਰੂ ਰਾਠੌਰ ਭੱਜੇ ਆਏ ਤੇ ਚੁੱਕਿਆ।”
ਦਰਅਸਲ ਸਿਰਜਣਾ ਵਿਚ ਲੀਨ ਹੋਏ ਨੇ ਮਹਿਸੂਸ ਹੀ ਨਾ ਕੀਤਾ ਕਿ ਪੈਰਾਂ ਨੂੰ ਉਸ ਦੀ ਬਲੱਡ ਸਰਕੁਲੇਸ਼ਨ ਰੁਕ ਚੁੱਕੀ ਹੈ। ਤਦੇ ਕਿਹਾ ਜਾਂਦਾ ਹੈ ਕਿ ਕਲਾਕਾਰ ਕਲਾ ਸਿਰਜਣਾ ਵਿਚ ਅਕਸਰ ਡੁੱਬ ਜਾਂਦੇ ਹਨ।
ਹਰਜੀਤ ਸੰਧੂ ਨੇ ਬਾਬਾ ਫਰੀਦ ਤੋਂ ਲੈ ਕੇ ਦਰਬਾਰ ਸਾਹਿਬ, ਮਦਰ ਟਰੀਸਾ, ਬਰਾਕ ਓਬਾਮਾ, ਔਸਕਰ ਅਵਾਰਡ, ਮੇਅਰ ਬਲੂਮ ਬਰਗ ਤੇ ਸ਼ਹੀਦ ਭਗਤ ਸਿੰਘ ਆਦਿ ਦੇ ਮੋਜ਼ੇਕ ਸਿਰਜੇ ਹਨ ਅਤੇ ਮਿੱਟੀ ਤੇ ਲੱਕੜ ਦੀਆਂ ਕਲਾ ਕ੍ਰਿਤਾਂ ਵੀ ਹਨ। ਉਹਦਾ ਇਹ ਸਫ਼ਰ ਜਾਰੀ ਹੈ ਜੋ ਅੰਤਲੇ ਦਮ ਤਕ ਜਾਰੀ ਰਹੇਗਾ। ਕਿਸੇ ਕਵੀ ਦੀਆਂ ਸਤਰਾਂ ਹਨ:
ਜਦੋਂ ਵਾਰੀ ਆਈ ਤਾਂ ਜਹਾਨ ਛੱਡ ਜਾ,
ਪਿੱਛੇ ਪਰ ਪੈੜਾਂ ਦੇ ਨਿਸ਼ਾਨ ਛੱਡ ਜਾ।
ਲੱਖਾਂ ਆਏ ਮੇਲਿਆਂ ‘ਚ ਗੁੰਮ ਹੋ ਗਏ,
ਵੱਖਰੀ ਕੋਈ ਆਪਣੀ ਪਛਾਣ ਛੱਡ ਜਾ।

Check Also

ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ

ਗੁਰਪ੍ਰੀਤ ਸਿੰਘ ਚੰਬਲ ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ …