4.8 C
Toronto
Thursday, November 6, 2025
spot_img
Homeਪੰਜਾਬਵੈਕਸੀਨ ਘੁਟਾਲਾ ਮਾਮਲੇ 'ਚ ਅਕਾਲੀਆਂ ਨੇ ਸਿਹਤ ਮੰਤਰੀ ਦੀ ਕੋਠੀ ਘੇਰੀ

ਵੈਕਸੀਨ ਘੁਟਾਲਾ ਮਾਮਲੇ ‘ਚ ਅਕਾਲੀਆਂ ਨੇ ਸਿਹਤ ਮੰਤਰੀ ਦੀ ਕੋਠੀ ਘੇਰੀ

ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਵੀ ਦਿੱਤੀ ਚਿਤਾਵਨੀ
ਮੁਹਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੋਵਿਡ ਵੈਕਸੀਨ ਘਪਲੇ ਦੇ ਮੁੱਦੇ ‘ਤੇ ਮੁਹਾਲੀ ਦੇ ਫੇਜ਼-7 ਸਥਿਤ ਸਿਹਤ ਮੰਤਰੀ ਦੀ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ 15 ਜੂਨ ਤੱਕ ਬਲਬੀਰ ਸਿੱਧੂ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਸੁਖਬੀਰ ਨੇ ਬਲਬੀਰ ਸਿੱਧੂ ‘ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਲੋਕ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਸਿਹਤ ਮੰਤਰੀ ਨਿੱਜੀ ਹਸਪਤਾਲਾਂ ਨੂੰ ਮੁਨਾਫ਼ਾ ਦੇਣ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਕਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਬਿਆਨਾਂ ‘ਤੇ ਸਿਹਤ ਮੰਤਰੀ ਸਮੇਤ ਹੋਰ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਸ ਮਗਰੋਂ ਸਿਹਤ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਜੇਲ੍ਹ ਵਿੱਚ ਭੇਜਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਵਿਧਾਇਕ ਐੱਨ.ਕੇ ਸ਼ਰਮਾ, ਪਵਨ ਕੁਮਾਰ ਟੀਨੂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਵਿਰਸਾ ਸਿੰਘ ਵਲਟੋਹਾ, ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ।

ਅਕਾਲੀ ਤੇ ‘ਆਪ’ ਆਗੂਆਂ ਖ਼ਿਲਾਫ਼ ਕੇਸ ਦਰਜ
ਸਿਹਤ ਮੰਤਰੀ ਖਿਲਾਫ ਧਰਨਾ ਦੇਣ ‘ਤੇ ਮੁਹਾਲੀ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ‘ਆਪ’ ਆਗੂ ਅਨਮੋਲ ਗਗਨ ਮਾਨ ਸਮੇਤ ਦੋਵਾਂ ਪਾਰਟੀਆਂ ਦੇ ਹੋਰ ਸੀਨੀਅਰ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੋਵਿਡ ਨਿਯਮਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਵਿਰੋਧੀ ਧਿਰਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਦੋਵਾਂ ਪਾਰਟੀਆਂ ਦੇ ਜ਼ਿੰਮੇਵਾਰ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਕੀਤੀ ਸੀ।

ਵੈਕਸੀਨ ਘੁਟਾਲਾ ਮਾਮਲੇ ਵਿਚ ‘ਆਪ’ ਵਰਕਰਾਂ ਨੇ ਬਲਬੀਰ ਸਿੱਧੂ ਦੀ ਕੋਠੀ ਘੇਰੀ
ਅਨਮੋਲ ਗਗਨ ਮਾਨ, ਮਾਣੂੰਕੇ ਤੇ ਹੋਰ ਆਗੂ ਪੁਲਿਸ ਨੇ ਹਿਰਾਸਤ ਵਿੱਚ ਲਏ
ਮੁਹਾਲੀ : ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ‘ਤੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਵੈਕਸੀਨ ਵੇਚਣ ਦਾ ਆਰੋਪ ਲਗਾਉਂਦਿਆਂ ਮੁਹਾਲੀ ‘ਚ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲਿਸ ਨੇ ਕਈ ‘ਆਪ’ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ। ਜਾਣਕਾਰੀ ਅਨੁਸਾਰ ‘ਆਪ’ ਵਰਕਰਾਂ ਨੇ ਸੇਂਟ ਸੋਲਜਰ ਸਕੂਲ ਕੋਲ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਸਿਹਤ ਮੰਤਰੀ ਦੇ ਘਰ ਵੱਲ ਚਾਲੇ ਪਾਏ। ਇਸ ਦੌਰਾਨ ਮੁਹਾਲੀ ਪੁਲਿਸ ਨੇ ਸਿੱਧੂ ਦੇ ਘਰ ਜਾਂਦੇ ਸਾਰੇ ਰਸਤਿਆਂ ‘ਤੇ ਰੋਕਾਂ ਲਾਈਆਂ ਹੋਈਆਂ ਸਨ ਪਰ ‘ਆਪ’ ਕਾਰਕੁਨ ਸਾਰੀਆਂ ਰੋਕਾਂ ਤੋੜਦੇ ਅੱਗੇ ਵੱਧਦੇ ਗਏ। ਜਦੋਂ ਪ੍ਰਦਰਸ਼ਨਕਾਰੀ ਮੰਤਰੀ ਦੇ ਘਰ ਨੇੜਲੇ ਮੋੜ ‘ਤੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ। ਇੱਥੇ ਮੁੜ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਨਾਲ ਖਿੱਚ-ਧੂਹ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਤੁਰੰਤ ‘ਆਪ’ ਆਗੂ ਤੇ ਗਾਇਕਾ ਅਨਮੋਲ ਗਗਨ ਮਾਨ, ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਜੈ ਸਿੰਘ ਰੋੜੀ ਸਮੇਤ ਸੈਂਕੜੇ ਵਾਲੰਟੀਅਰਾਂ ਨੂੰ ਹਿਰਾਸਤ ਵਿੱਚ ਲੈ ਕੇ ਮਟੌਰ ਥਾਣੇ ਦੀ ਚਾਰਦੀਵਾਰੀ ‘ਚ ਡੱਕ ਦਿੱਤਾ। ਇਸ ਮੌਕੇ ਅਨਮੋਲ ਗਗਨ ਮਾਨ, ਸਰਬਜੀਤ ਮਾਣੂੰਕੇ, ਜੈ ਸਿੰਘ ਰੋੜੀ ਤੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਸਿਹਤ ਮੰਤਰੀ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਇੱਕ ਪਾਸੇ ਲੋਕ ਸਿਹਤ ਸੇਵਾਵਾਂ ਦੀ ਘਾਟ ਨਾਲ ਜੂਝ ਰਹੇ ਹਨ, ਦੂਜੇ ਪਾਸੇ ਸਰਕਾਰ ਨਿੱਜੀ ਹਸਪਤਾਲਾਂ ਨੂੰ ਮੁਨਾਫ਼ਾ ਦੇਣ ਵਿੱਚ ਲੱਗੀ ਹੋਈ ਹੈ।

 

RELATED ARTICLES
POPULAR POSTS