ਬੱਚੇ ਦੀ ਬਿਮਾਰੀ ਖਤਮ ਕਰਨ ਦੇ ਨਾਮ ’ਤੇ 65 ਹਜ਼ਾਰ ਰੁਪਏ ਠੱਗਣ ਦਾ ਆਰੋਪ
ਜਲੰਧਰ/ਬਿੳੂਰੋ ਨਿੳੂਜ਼
ਜਲੰਧਰ ਦੀ ਤਾਜਪੁਰ (ਖੁਰਲਾ ਕਿੰਗਰਾ, ਲਾਂਬੜਾ) ਸਥਿਤ ਚਰਚ ਵਿਚ ਬਿਮਾਰੀ ਠੀਕ ਕਰ ਦੇਣ ਦੇ ਨਾਮ ’ਤੇ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ ’ਤੇ ਬਰੇਨ ਟਿੳੂਮਰ ਜਿਹੀ ਬਿਮਾਰੀ ਨੂੰ ਪ੍ਰਾਰਥਨਾ ਨਾਲ ਠੀਕ ਕਰਨ ਦੇ ਇਵਜ਼ ਵਜੋਂ 65 ਹਜ਼ਾਰ ਰੁਪਏ ਠੱਗਣ ਦੇ ਆਰੋਪ ਲੱਗੇ ਹਨ। ਦਿੱਲੀ ਦੇ ਨਾਂਗਲੋਈ ਦਾ ਪਰਿਵਾਰ ਆਪਣੇ ਬੱਚੇ ਦਾ ਇਲਾਜ ਕਰਵਾਉਣ ਦੇ ਲਈ ਇਸ਼ਤਿਹਾਰ ਦੇਖ ਕੇ ਚਰਚ ਵਿਚ ਆਇਆ ਸੀ, ਪਰ ਪੈਸੇ ਵੀ ਗਏ ਅਤੇ ਬੱਚਾ ਵੀ ਨਹੀਂ ਬਚ ਸਕਿਆ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪ੍ਰਾਰਥਨਾ ਦੇ ਦੌਰਾਨ ਹੀ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵਿਰੋਧ ਵੀ ਕੀਤਾ। ਦਿੱਲੀ ਦੇ ਨਾਂਗਲੋਈ ਤੋਂ ਪਹੁੰਚੇ ਬੱਚੇ ਦੇ ਮਾਤਾ-ਪਿਤਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੇ ਚਰਚ ਦਾ ਇਸ਼ਤਿਹਾਰ ਦੇਖਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਇਲਾਜ ਲਈ ਲੈ ਕੇ ਇੱਥੇ ਪਹੁੰਚੇ ਸਨ। ਚਰਚ ਵਿਚ ਪਾਦਰੀ ਬਰਜਿੰਦਰ ਨੇ ਬੱਚੇ ਦੇ ਇਲਾਜ ਲਈ ਪਹਿਲਾਂ ਵਿਸ਼ੇਸ਼ ਪ੍ਰਾਰਥਨਾ ਲਈ 15 ਹਜ਼ਾਰ ਰੁਪਏ ਲੈ ਲਏ, ਫਿਰ ਵੀ ਬੱਚਾ ਠੀਕ ਨਹੀਂ ਹੋਇਆ। ਇਸ ਤੋਂ ਬਾਅਦ ਪਾਦਰੀ ਨੇ ਪ੍ਰਾਰਥਨਾ ਲਈ 50 ਹਜ਼ਾਰ ਰੁਪਏ ਮੰਗੇ ਅਤੇ ਬੱਚੇ ਦੇ ਮਾਪਿਆਂ ਨੇ ਉਹ ਵੀ ਦੇ ਦਿੱਤੇ। ਪਰ, ਤਾਜਪੁਰ ਚਰਚ ਵਿਚ ਪ੍ਰਾਰਥਨਾ ਦੇ ਦੌਰਾਨ ਹੀ ਬੱਚੇ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਤੋਂ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਜ਼ੋਰਦਾਰ ਹੰਗਾਮਾ ਵੀ ਕੀਤਾ ਅਤੇ ਬੱਚੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।