ਮਜੀਠੀਆ ਨੇ ਕਿਹਾ – ਲਾਂਘੇ ਨੂੰ ਆਈ.ਐਸ.ਆਈ. ਦੀ ਖੇਡ ਦੱਸਣ ਸਬੰਧੀ ਮੁਆਫੀ ਮੰਗਣ ਕੈਪਟਨ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਤੇ ਪਾਕਿਸਤਾਨ 9 ਨਵੰਬਰ ਨੂੰ ਜਿੱਥੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀਆਂ ਤਿਆਰੀਆਂ ਕਰ ਰਹੇ ਹਨ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਦਸ਼ਾ ਪ੍ਰਗਟਾਇਆ ਕਿ ਪਾਕਿਸਤਾਨ ਵਲੋਂ ਲਾਂਘਾ ਖੋਲ੍ਹਣ ਦਾ ਫੈਸਲਾ ਆਈ.ਐਸ.ਆਈ. ਦੀ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਕੈਪਟਨ ਨੇ ਕਿਹਾ ਕਿ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਨਹੀਂ ਸੀ ਚੁੱਕੀ ਕਿ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਨਵਜੋਤ ਸਿੱਧੂ ਨਾਲ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਚਲਾ ਦਿੱਤੀ। ਕੈਪਟਨ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਪੂਰੀ ਤਰ੍ਹਾਂ ਅਲਰਟ ਹੈ ਅਤੇ ਪੰਜਾਬੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ।
ਇਸ ਸਬੰਧੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਆਪਣੇ ਇਸ ਬਿਆਨ ਨੂੰ ਵਾਪਸ ਲੈ ਕੇ ਸਿੱਖ ਸੰਗਤਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ 7 ਦਹਾਕਿਆਂ ਦੀਆਂ ਅਰਦਾਸਾਂ ਨਾਲ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਜਦੋਂਕਿ ਕੈਪਟਨ ਦੇ ਅਜਿਹੇ ਬੇਤੁਕੇ ਬਿਆਨ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ।