Breaking News
Home / ਪੰਜਾਬ / ਹਿੰਦ-ਪਾਕਿ ਦੋਸਤੀ ਮੇਲਾ : ਵੰਡ ਵੇਲੇ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ

ਹਿੰਦ-ਪਾਕਿ ਦੋਸਤੀ ਮੇਲਾ : ਵੰਡ ਵੇਲੇ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ

ਅੰਮ੍ਰਿਤਸਰ : ਅੰਮ੍ਰਿਤਸਰ ‘ਚ 27ਵਾਂ ਹਿੰਦ-ਪਾਕਿ ਦੋਸਤੀ ਮੇਲਾ ਮਨਾਉਂਦਿਆਂ 1947 ਵਿੱਚ ਹੋਈ ਵੰਡ ਦੌਰਾਨ ਫਿਰਕੂ ਹਿੰਸਾ ਵਿਚ ਮਾਰੇ ਗਏ ਦਸ ਲੱਖ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਇਸ ਮੌਕੇ ਇਕ ਐਲਾਨਨਾਮੇ ਰਾਹੀਂ ਸਰਕਾਰਾਂ ਕੋਲੋਂ ਮੰਗ ਕੀਤੀ ਗਈ ਕਿ ਵੰਡ ਵੇਲੇ ਜਿਹੜੇ ਲੋਕ ਉਜਾੜੇ ਦਾ ਸ਼ਿਕਾਰ ਹੋ ਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਗਏ ਸਨ, ਉਨ੍ਹਾਂ ਨੂੰ ਆਪਣੀ ਜਨਮ ਭੌਂਇ ਦੇਖਣ ਲਈ ਮਾਨਵੀ ਆਧਾਰ ‘ਤੇ ਸੁਖਾਲੇ ਵੀਜ਼ੇ ਰਾਹੀਂ ਸਰਹੱਦ ਪਾਰ ਜਾਣ ਦੀ ਆਗਿਆ ਦਿੱਤੀ ਜਾਵੇ। ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਆਪਣੇ ਦੁਵੱਲੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਅਤੇ ਕਿਸੇ ਵੀ ਮਕਸਦ ਲਈ ਅੱਤਵਾਦੀ ਤਨਜ਼ੀਮਾਂ ਨੂੰ ਹਿੰਸਾ ਲਈ ਉਤਸ਼ਾਹਿਤ ਨਾ ਕਰਨ। ਇਹ ਹਿੰਦ-ਪਾਕਿ ਦੋਸਤੀ ਮੇਲਾ ਇੱਥੇ ਪੰਜਾਬ ਨਾਟਸ਼ਾਲਾ ਵਿੱਚ ਕਰਵਾਇਆ ਗਿਆ। ਇਸ ਦੇ ਪਹਿਲੇ ਪੜਾਅ ਵਿਚ ਇੱਥੇ ਸੈਮੀਨਾਰ ‘ਅਜੋਕੀ ਸਥਿਤੀ ਵਿੱਚ ਭਾਰਤ ਪਾਕਿ ਸਬੰਧ’ ਵਿਸ਼ੇ ‘ਤੇ ਕੀਤਾ ਗਿਆ। ਸ਼ਾਮ ਨੂੰ ਸੂਫ਼ੀ ਸੰਗੀਤ ਦਾ ਸਮਾਗਮ ਹੋਇਆ।
ਪ੍ਰਮੁੱਖ ਬੁਲਾਰਿਆਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਾਬਕਾ ਸੰਸਦ ਮੈਂਬਰ ਮਨੀਸ਼ੰਕਰ ਅਈਅਰ, ਸਾਬਕਾ ਸਫ਼ੀਰ ਨਵਦੀਪ ਸਿੰਘ ਸੂਰੀ, ਪ੍ਰੋ.ਬਾਵਾ ਸਿੰਘ, ਕਿਸਾਨ ਆਗੂ ਦਰਸ਼ਨਪਾਲ, ਡਾਕਟਰ ਸੁਖਦੇਵ ਸਿੰਘ ਸਿਰਸਾ, ਪ੍ਰੋ. ਜਗਮੋਹਨ ਸਿੰਘ, ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਬੰਧਕਾਂ ਵਿੱਚੋਂ ਹਿੰਦ-ਪਾਕਿ ਦੋਸਤੀ ਮੰਚ ਦੇ ਸਤਨਾਮ ਸਿੰਘ ਮਾਣਕ ਤੇ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਰਮੇਸ਼ ਯਾਦਵ ਤੇ ਹੋਰ ਸ਼ਾਮਲ ਸਨ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਣੇ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਸੁਖਾਲਾ ਵੀਜ਼ਾ ਪ੍ਰਣਾਲੀ ਲਾਗੂ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਸਦੀਵੀਂ ਦੋਸਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਨੂੰ ਲੋਕਾਂ ਦੀ ਆਵਾਜਾਈ ਅਤੇ ਵਪਾਰ ਵਾਸਤੇ ਖੋਲ੍ਹਿਆ ਜਾਵੇ।
ਉਨ੍ਹਾਂ ਕਿਹਾ ਕਿ ਦੇਸ਼ ਵੰਡ ਵੇਲੇ ਜਾਨ ਗੁਆਉਣ ਵਾਲੇ ਦਸ ਲੱਖ ਪੰਜਾਬੀਆਂ ਦੀ ਯਾਦ ਵਿੱਚ ਅਰਦਾਸ ਕੀਤੀ ਜਾਵੇ। ਇਨ੍ਹਾਂ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸਨ। ਇਸ ਮੌਕੇ ਜਾਰੀ ਕੀਤੇ ਐਲਾਨਨਾਮੇ ਵਿਚ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਗਈ। ਇਸ ਖਿੱਤੇ ਵਿੱਚ ਸ਼ਾਂਤੀ ਤੇ ਲੋਕਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ ਤੇ ਵੰਡ ਵੇਲੇ ਮਾਰੇ ਗਏ ਦੱਸ ਲੱਖ ਲੋਕਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਐਲਾਨਨਾਮੇ ਵਿੱਚ ਭਾਰਤ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਕੋਲੋਂ ਮੰਗ ਕੀਤੀ ਗਈ ਕਿ ਉਹ ਵੰਡ ਵੇਲੇ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੀ ਜਨਮ ਭੂਮੀ ਵੇਖਣ ਵਾਸਤੇ ਮਾਨਵੀ ਆਧਾਰ ‘ਤੇ ਸੁਖਾਲੇ ਵੀਜ਼ੇ ਦੇਣ। ਤਿੰਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਮਕਸਦ ਲਈ ਅਤਿਵਾਦ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ।
ਅਟਾਰੀ-ਵਾਹਗਾ ਸਰਹੱਦ ਨੂੰ ਵਪਾਰ ਅਤੇ ਆਮ ਲੋਕਾਂ ਦੀ ਆਵਾਜਾਈ ਲਈ ਮੁੜ ਖੋਲ੍ਹਣ ਦੀ ਮੰਗ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਅਮਨ ਅਤੇ ਦੋਸਤੀ ਲਈ ਕੰਮ ਕਰਨ ਵਾਲੇ ਸੰਗਠਨਾਂ, ਕਲਾਕਾਰਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਖੁੱਲ੍ਹਦਿਲੀ ਨਾਲ ਸਰਹੱਦ ਦੇ ਆਰ-ਪਾਰ ਜਾਣ ਲਈ ਵੀਜ਼ੇ ਦੇਣ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਜਾਣ ਵਾਸਤੇ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਜਾਂ ਕਿਸੇ ਹੋਰ ਸ਼ਨਾਖਤੀ ਪੱਤਰ ਰਾਹੀਂ ਯਾਤਰਾ ਕਰਨ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ। ਸਮਾਗਮ ਵਿੱਚ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ, ਸਾਫ਼ਮਾ ਤੇ ਸਰਬੱਤ ਦਾ ਭਲਾ ਟਰੱਸਟ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਦੋ ਪੁਸਤਕਾਂ ਵੀ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕਵੀ ਗੁਰਭਜਨ ਗਿੱਲ ਦੀ ਪੁਸਤਕ ਵੀ ਸ਼ਾਮਲ ਸੀ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …