Breaking News
Home / ਪੰਜਾਬ / ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ

ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ

ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਦੂਜੀ ਵਰ੍ਹੇਗੰਢ ਮੌਕੇ ਧੁੱਸੀ ਬੰਨ੍ਹ, ਡੇਰਾ ਬਾਬਾ ਨਾਨਕ ‘ਚ ਦੁਬਾਰਾ ਲਾਂਘਾ ਖੋਲ੍ਹਣ ਦੀ ਅਰਦਾਸ ਕੀਤੀ। ਸੰਸਥਾ ਤੋਂ ਇਲਾਵਾ ਹੋਰ ਸੰਗਤ ਵੱਲੋਂ ਵੀ ਡੇਰਾ ਬਾਬਾ ਨਾਨਕ ਆ ਕੇ ਅਰਦਾਸ ਕੀਤੀ ਗਈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲਾਂਘਾ ਮੁੜ ਖੋਲ੍ਹਿਆ ਜਾਵੇ। ਇਸ ਮੌਕੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਕਰਤਾਰਪੁਰ ਲਾਂਘਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੋਲ੍ਹ ਦੇਣਾ ਚਾਹੀਦਾ ਹੈ। ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਇਜ਼ਾਜਤ ਨਾ ਦੇਣ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਘੱਟ ਗਿਣਤੀਆਂ ਨਾਲ ਵਿਤਕਰੇ ਵਾਲੀ ਨੀਤੀ ਅਪਣਾ ਰਹੀ ਹੈ।
ਇਸੇ ਦੌਰਾਨ ਹਿੰਦ-ਪਾਕਿ ਦੋਸਤੀ ਮੰਚ ਅਤੇ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵੱਲੋਂ ਹਿੰਦ-ਪਾਕਿ ਦੋਸਤੀ ਮੰਚ ਦੇ ਪ੍ਰਧਾਨ ਸਾਇਦਾ ਹਮੀਦ, ਜਨਰਲ ਸਕੱਤਰ ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ ਅਤੇ ਹਰਜੀਤ ਸਿੰਘ ਲਾਡੀ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਮੇਲ ਮਿਲਾਪ ਅਤੇ ਸਹਿਯੋਗ ਵਧੇਗਾ।
ਪਾਕਿ ਵੱਲੋਂ ਭਾਰਤ ਨੂੰ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ
ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਅਤੇ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮੌਕੇ 17 ਤੋਂ 26 ਨਵੰਬਰ ਵਿਚਾਲੇ ਪਾਕਿਸਤਾਨ ਆਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਲਾਂਘੇ ਦੀ ਦੂਜੀ ਵਰ੍ਹੇਗੰਢ ਮੌਕੇ ਪਾਕਿਸਤਾਨ ਨੇ ਉਮੀਦ ਜਤਾਈ ਕਿ ਭਾਰਤ ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਪਾਕਿਸਤਾਨ ਆਉਣ ਦੇਵੇਗਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ਆਗਾਮੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਅਸੀਂ ਭਾਰਤ ਅਤੇ ਦੁਨੀਆਂ ਦੇ ਸ਼ਰਧਾਲੂਆਂ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹਾਂ। ਬੀਤੇ ਦੋ ਵਰ੍ਹਿਆਂ ਵਿੱਚ ਲਾਂਘੇ ਨੇ ਨਾ ਸਿਰਫ ਭਾਰਤ ਸਗੋਂ ਦੁਨੀਆਂ ਦੇ ਸਿੱਖ ਭਾਈਚਾਰੇ ਨੂੰ ਇਸ ਧਾਰਮਿਕ ਸਥਾਨ ਤਕ ਆਸਾਨ ਪਹੁੰਚ ਦੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕੀਤਾ ਹੈ।
ਨਵਜੋਤ ਸਿੱਧੂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਮੁੜ ਖੋਲ੍ਹਣ ਲਈ ਕੀਤੀ ਅਰਦਾਸ
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਕੀਤੇ ਦਰਸ਼ਨ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਦੇ ਦੋ ਸਾਲ ਮੁਕੰਮਲ ਹੋ ਜਾਣ ਮੌਕੇ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬਣੇ ਆਰਜ਼ੀ ਦਰਸ਼ਨ ਸਥੱਲ ‘ਤੇ ਪਹੁੰਚੇ। ਸਿੱਧੂ ਨੇ ਧੁੱਸੀ ਬੰਨ੍ਹ ‘ਤੇ ਖੜ੍ਹੇ ਹੋ ਕੇ ਦੂਰਬੀਨ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਇਸ ਮੌਕੇ ਉਨ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਅਤੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਵੀ ਕੀਤੀ।
ਨਵਜੋਤ ਸਿੱਧੂ ਨੇ ਕਰੋਨਾ ਕਾਲ ਦੌਰਾਨ ਅਪ੍ਰੈਲ 2020 ਤੋਂ ਬੰਦ ਪਏ ਕੌਰੀਡੋਰ ਨੂੰ ਮੁੜ ਤੋਂ ਖੋਲ੍ਹਣ ਲਈ ਅਰਦਾਸ ਕੀਤੀ ਤਾਂ ਜੋ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੜ ਦਰਸ਼ਨ ਦੀਦਾਰ ਕਰ ਸਕਣ। ਜ਼ਿਕਰਯੋਗ ਹੈ ਕਿ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਸਮੀ ਤੌਰ ‘ਤੇ ਕਰਤਾਰਪੁਰ ਕੌਰੀਡੋਰ ਨੂੰ ਖੋਲ੍ਹਿਆ ਗਿਆ ਸੀ, ਜਿਸ ਨੂੰ ਕਰੋਨਾ ਮਹਾਮਰੀ ਦੇ ਚੱਲਦਿਆਂ ਬੰਦ ਕਰ ਦਿੱਤਾ ਗਿਆ ਸੀ, ਜੋ ਅੱਜ ਤੱਕ ਬੰਦ ਹੈ। ਇਸੇ ਦੌਰਾਨ ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਜਿੰਨਾ ਚਿਰ ਸਾਡੀਆਂ ਨਸਾਂ ਵਿਚ ਲਹੂ ਹੈ, ਓਨਾ ਚਿਰ ਇਹ ਵਿਵਾਦਤ ਖੇਤੀ ਕਾਨੂੰਨ ਲਾਗੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਜਾ ਰਹੇ ਹਾਂ ਅਤੇ ਸਾਡੇ ਜਿਊਂਦੇ ਜੀਅ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ।
ਦਰਸ਼ਨ ਸਥਲ ਬਾਰੇ ਕੇਂਦਰ ਨੂੰ ਪੱਤਰ ਲਿਖਣਗੇ ਸਿੱਧੂ
ਨਵਜੋਤ ਸਿੱਧੂ ਨੇ ਕਿਹਾ ਕਿ ਲਾਂਘਾ ਬਣਾਉਣ ਸਮੇਂ ਲੈਂਡ ਪੋਰਟ ਅਥਾਰਟੀ ਨੇ ਵਾਅਦਾ ਕੀਤਾ ਸੀ ਕਿ ਦੂਰਬੀਨ ਨਾਲ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਇਸ ਸਰਹੱਦ ਦੇ ਧੁੱਸੀ ਬੰਨ੍ਹ ‘ਤੇ 100 ਮੀਟਰ ਚੌੜਾ ਅਤੇ 60 ਫੁੱਟ ਉੱਚਾ ਦਰਸ਼ਨ ਸਥਲ ਬਣਾਇਆ ਜਾਵੇਗਾ ਪਰ ਇਸ ਸਬੰਧੀ ਹਾਲੇ ਕੁਝ ਨਹੀਂ ਹੋਇਆ ਹੈ, ਜਿਸ ਬਾਰੇ ਉਹ ਕੇਂਦਰ ਸਰਕਾਰ ਨੂੰ ਚਿੱਠੀ ਲਿਖਣਗੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੂੰ ਕੋਈ ਦਿੱਕਤ ਹੈ ਤਾਂ ਪੰਜਾਬ ਸਰਕਾਰ ਨੂੰ ਦਰਸ਼ਨ ਸਥਲ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਵੀ 75 ਫੀਸਦੀ ਲੋਕਾਂ ਕੋਲ ਪਾਸਪੋਰਟ ਨਹੀਂ ਹੈ, ਜਿਸ ਕਰਕੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਦੂਰਬੀਨ ਰਾਹੀਂ ਹੀ ਦਰਸ਼ਨ ਕਰਨੇ ਪੈਂਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰ ‘ਚ ਬਣਨਗੀਆਂ ਸਿਰਫ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀਆਂ ਸਬਜ਼ੀਆਂ ਅਤੇ ਦਾਲਾਂ
ਅੰਮ੍ਰਿਤਸਰ: ਪਾਕਿਸਤਾਨ ‘ਚ ਘੱਟ-ਗਿਣਤੀ ਭਾਈਚਾਰੇ ਦੇ ਧਾਰਮਿਕ ਅਸਥਾਨਾਂ ਦੇ ਰੱਖ-ਰਖਾਅ ਅਤੇ ਸੇਵਾ ਸੰਭਾਲ ਲਈ ਕਾਇਮ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਵਲੋਂ ਕਰਤਾਰਪੁਰ ਲਾਂਘੇ ਲਈ ਸਥਾਪਤ ਕੀਤੇ ਗਏ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ. ਐਮ.ਯੂ.) ਦੇ ਚੀਫ਼ ਐਗਜ਼ੀਕਿਊਟਿਵ ਅਫ਼ਸਰ (ਸੀ. ਈ. ਓ.) ਮੁਹੰਮਦ ਲਤੀਫ਼ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ‘ਚ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਖੇਤਾਂ ‘ਚ ਲਗਾਈਆਂ ਗਈਆਂ ਸਬਜ਼ੀਆਂ ਤੇ ਦਾਲਾਂ ਹੀ ਪਕਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੰਗਰ ‘ਚ ਬਣਾਏ ਜਾਣ ਵਾਲੇ ਕਣਕ ਅਤੇ ਮੱਕੀ ਦੇ ਪਰਸ਼ਾਦਿਆਂ ਲਈ ਫ਼ਸਲ ਵੀ ਗੁਰੂ ਸਾਹਿਬ ਦੇ ਖੇਤਾਂ ‘ਚ ਲਗਾਈ ਜਾਵੇਗੀ। ਇਸ ਦੇ ਇਲਾਵਾ ਸੰਗਤਾਂ ਨੂੰ ਪ੍ਰਸਾਦਿ ਵਜੋਂ ਦੇਣ ਲਈ ਅੰਬ, ਸੰਗਤਰੇ, ਮੁਸੱਮੀਆਂ, ਅਮਰੂਦ ਆਦਿ ਦੇ ਪੌਦੇ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਗੁਰੂ ਸਾਹਿਬ ਦੇ ਖੇਤਾਂ ਅਤੇ ਬਾਗ਼ ‘ਚ ਲਗਾਏ ਗਏ ਹਨ। ਸੀ.ਈ.ਓ. ਮੁਹੰਮਦ ਲਤੀਫ਼ ਨੇ ਦੱਸਿਆ ਕਿ ਇਹ ਫੈਸਲਾ ਦੇਸ਼ ਵਿਦੇਸ਼ ਦੀ ਗੁਰੂ ਨਾਨਕ ਨਾਮ ਲੇਵਾ ਅਤੇ ਵਿਸ਼ੇਸ਼ ਤੌਰ ‘ਤੇ ਸਿੱਖ ਸੰਗਤ ਦੀ ਸ਼ਰਧਾ ਤੇ ਆਸਥਾ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਨਾਰੋਵਾਲ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਰਹਿਤ ਮਰਿਆਦਾ ਬਣਾਏ ਰੱਖਣ, ਲੰਗਰ, ਸਾਫ ਸਫਾਈ ਅਤੇ ਲਾਂਘੇ ਦੇ ਹੋਰਨਾਂ ਪ੍ਰਬੰਧਾਂ ਲਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵਲੋਂ 4 ਰਾਗੀ ਤੇ ਕੀਰਤਨੀਏ, 6 ਗ੍ਰੰਥੀ ਸਿੰਘ (5 ਪੁਰਸ਼ ਅਤੇ ਇਕ ਔਰਤ), 6 ਪਾਠੀ ਸਿੰਘ (5 ਪੁਰਸ਼ ਅਤੇ ਇਕ ਔਰਤ), 15 ਸੇਵਾਦਾਰ (12 ਪੁਰਸ਼, ਦੋ ਔਰਤਾਂ ਅਤੇ ਇਕ ਘੱਟ ਗਿਣਤੀ), 5 ਕੇਅਰ ਟੇਕਰ (4 ਪੁਰਸ਼ ਅਤੇ ਇਕ ਔਰਤ), 29 ਸੁਰੱਖਿਆ ਗਾਰਡ (24 ਪੁਰਸ਼, 3 ਔਰਤਾਂ, ਇਕ ਡਿਸੈਬਲ, ਇਕ ਘੱਟ ਗਿਣਤੀ), 15 ਰਸੋਈਏ, ਲੰਗਰ ਵਰਤਾਉਣ ਵਾਲੇ, ਮਸਾਲਚੀ (12 ਪੁਰਸ਼, 2 ਔਰਤਾਂ, ਇਕ ਘੱਟ ਗਿਣਤੀ) ਸਮੇਤ 126 ਨਵੇਂ ਕਰਮਚਾਰੀਆਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤ ਕੀਤੇ ਜਾ ਰਹੇ ਕਰਮਚਾਰੀਆਂ ਅਤੇ ਅਹੁਦੇਦਾਰਾਂ ‘ਚੋਂ ਸਿਰਫ਼ ਰਾਗੀ/ਕੀਰਤਨੀਏ, ਗ੍ਰੰਥੀ ਸਿੰਘ, ਪਾਠੀ ਸਿੰਘ ਅਤੇ ਸੇਵਾਦਾਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਨਿਯੁਕਤੀ ਸਿੱਖ ਭਾਈਚਾਰੇ ‘ਚੋਂ ਕੀਤੀ ਜਾ ਰਹੀ ਹੈ, ਬਾਕੀ ਸਭ ਅਹੁਦਿਆਂ ‘ਤੇ ਨਿਯੁਕਤੀਆਂ ਪਾਕਿਸਤਾਨ ਦੇ ਮੁਸਲਿਮ ਭਾਈਚਾਰੇ ‘ਚੋਂ ਕੀਤੀਆਂ ਜਾਣਗੀਆਂ।

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …