Breaking News
Home / ਪੰਜਾਬ / ਕਿਸਾਨ ਯੂਨੀਅਨ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ : ਚੜੂਨੀ

ਕਿਸਾਨ ਯੂਨੀਅਨ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ : ਚੜੂਨੀ

ਸਰਬਜੀਤ ਸਿੰਘ ਮੱਖਣ ਨੂੰ ਫਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਐਲਾਨ ਕੇ ਕੀਤੀ ਸ਼ੁਰੂਆਤ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮੱਖਣ ਦੇ ਗ੍ਰਹਿ ਪਿੰਡ ਤਰਖਾਣ ਮਾਜਰਾ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ। ਉਨ੍ਹਾਂ ਹਲਕਾ ਫਤਹਿਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਖਣ ਨੂੰ ਉਮੀਦਵਾਰ ਐਲਾਨ ਕੇ ਇਸ ਦੀ ਸ਼ੁਰੂਆਤ ਕੀਤੀ।
ਚੜੂਨੀ ਨੇ ਕਿਹਾ ਕਿ ਪੂੰਜੀਪਤੀ ਘਰਾਣਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਚੋਣਾਂ ਲੜਨੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਮਹਾਨ ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਇੱਥੋਂ ਚੋਣਾਂ ਲੜਨ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਖਤਮ ਕਰਕੇ ਸਾਫ਼-ਸੁਥਰਾ ਰਾਜ ਭਾਗ ਲਿਆਉਣ ਲਈ ਯੂਨੀਅਨ ਵੱਲੋਂ ਐਲਾਨੇ ਗਏ ਉਮੀਦਵਾਰ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਹਲਕਿਆਂ ਵਿੱਚ ਵੀ ਸਾਫ਼-ਸੁਥਰੇ ਅਕਸ ਵਾਲੇ ਆਗੂਆਂ ਨੂੰ ਜਲਦੀ ਉਮੀਦਵਾਰ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਮਸਲਿਆਂ ਸਬੰਧੀ ਕੇਂਦਰ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਕਿਸਾਨਾਂ ਦੀ ਸਰਕਾਰ ਬਣਨ ਨਾਲ ਕੇਂਦਰ ਖਿਲਾਫ ਸੰਘਰਸ਼ ਨੂੰ ਮਜ਼ਬੂਤੀ ਮਿਲੇਗੀ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਰੋਹਟਾ ਨੇ ਨਿਭਾਈ। ਇਸ ਮੌਕੇ ਹਾਜ਼ਰ ਕਿਸਾਨਾਂ ਨੇ ਹੱਥ ਖੜ੍ਹੇ ਕਰਕੇ ਕਿਸਾਨ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

 

Check Also

ਪੰਜਾਬ ’ਚ ਪੰਚਾਇਤੀ ਚੋਣਾਂ ਭਲਕੇ ਮੰਗਲਵਾਰ 15 ਅਕਤੂਬਰ ਨੂੰ

ਪੰਚਾਇਤੀ ਚੋਣਾਂ ਰੱਦ ਕਰਵਾਉਣ ਲਈ ਪਾਈਆਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਕੀਤਾ ਰੱਦ ਚੰਡੀਗੜ੍ਹ/ਬਿਊਰੋ ਨਿਊਜ਼ …