-7.7 C
Toronto
Friday, January 23, 2026
spot_img
Homeਪੰਜਾਬਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ 'ਚ ਸ਼ਰਾਬੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ

ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ‘ਚ ਸ਼ਰਾਬੀ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ

ਆਰੋਪੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਪੁਲਿਸ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਔਰਤ ਦੀ ਹੱਤਿਆ ਕਰਨ ਵਾਲੇ ਨਿਰਮਲਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਨਹੀਂ ਮੰਗਿਆ। ਇਸ ਕਰਕੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜਦੋਂ ਪੁਲਿਸ ਨੇ ਨਿਰਮਲਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਤਾਂ ਉੱਥੇ ਮੌਜੂਦ ਕੁਝ ਜਥੇਬੰਦੀਆਂ ਦੇ ਸਿੰਘਾਂ ਅਤੇ ਆਮ ਲੋਕਾਂ ਨੇ ਉਸ ਉੱਤੇ ਫੁੱਲਾਂ ਦੀ ਵਰਖਾ ਕਰਦਿਆਂ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ‘ਚ ਸਰੋਵਰ ਨੇੜੇ ਬੈਠ ਕੇ ਸ਼ਰਾਬ ਪੀ ਰਹੀ ਇੱਕ ਔਰਤ ਦੀ ਇਕ ਸ਼ਰਧਾਲੂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮ੍ਰਿਤਕਾ ਦੀ ਪਛਾਣ ਪਰਵਿੰਦਰ ਕੌਰ (35) ਵਜੋਂ ਹੋਈ ਹੈ, ਜੋ ਸ਼ਰਾਬ ਪੀਣ ਦੀ ਆਦੀ ਸੀ। ਉਸ ਦਾ ਕੋਈ ਪਰਿਵਾਰਕ ਮੈਂਬਰ ਸਾਹਮਣੇ ਨਹੀਂ ਆਇਆ ਹੈ। ਗੋਲੀ ਲੱਗਣ ਕਾਰਨ ਸਾਗਰ ਸਿੰਘ ਨਾਮ ਦਾ ਇਕ ਸ਼ਰਧਾਲੂ ਵੀ ਜ਼ਖ਼ਮੀ ਹੋ ਗਿਆ, ਜੋ ਰਾਜਿੰਦਰਾ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਰਵਿੰਦਰ ਕੌਰ ਗੁਰਦੁਆਰੇ ਦੇ ਸਰੋਵਰ ਨੇੜੇ ਬੈਠ ਕੇ ਜਦੋਂ ਸ਼ਰਾਬ ਪੀ ਰਹੀ ਸੀ, ਤਾਂ ਸੰਗਤ ਇਕੱਠੀ ਹੋ ਗਈ ਅਤੇ ਉਸ ਨੂੰ ਮੈਨੇਜਰ ਦੇ ਦਫ਼ਤਰ ਲੈ ਗਏ। ਇਸ ਦੌਰਾਨ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਇਕ ਸ਼ਰਧਾਲੂ ਨੇ ਗੁੱਸੇ ਵਿੱਚ ਆ ਕੇ ਉਸ ‘ਤੇ ਪੰਜ ਗੋਲੀਆਂ ਚਲਾਈਆਂ। ਮਹਿਲਾ ਨੂੰ ਚਾਰ ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਮਹਿਲਾ ਨੂੰ ਆਪਣੇ ਨਾਲ ਲਿਜਾਣ ਵਾਲੀ ਸੀ ਤਾਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ। ਉਧਰ ਇਲਾਕੇ ਦੇ ਡੀਐੱਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਮਹਿਲਾ ਤੋਂ ਮਿਲੇ ਆਧਾਰ ਕਾਰਡ ‘ਚ ਜੋ ਪਤਾ ਦਰਜ ਹੈ, ਉਥੇ ਉਹ ਹੁਣ ਨਹੀਂ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਨਸ਼ਾ ਛੁਡਾਊ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਵਿੰਦਰ ਕੌਰ ਨਸ਼ੇ ਦੀ ਆਦੀ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਗੋਲੀਆਂ ਮਾਰਨ ਮਗਰੋਂ ਨਿਰਮਲਜੀਤ ਸਿੰਘ ਸੈਣੀ ਮੌਕੇ ਤੋਂ ਭੱਜਿਆ ਨਹੀਂ ਅਤੇ ਉਸ ਨੇ ਪੁਲਿਸ ਕੋਲ ਸਮਰਪਣ ਕਰ ਦਿੱਤਾ।
ਸਾਜ਼ਿਸ਼ ਤਹਿਤ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ : ਐਡਵੋਕੇਟ ਧਾਮੀ
ਅੰਮ੍ਰਿਤਸਰ : ਗੁਰਦੁਆਰਾ ਦੂਖ ਨਿਵਾਰਨ ਵਿਚ ਵਾਪਰੀ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਤਿਹਾਸਕ ਗੁਰਦੁਆਰੇ ਅੰਦਰ ਲੜਕੀ ਵੱਲੋਂ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਸਾਜ਼ਿਸ਼ੀ ਹੈ, ਇਹ ਸੁਭਾਵਿਕ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਸੋਝੀ ਸਮਝੀ ਸਾਜ਼ਿਸ਼ ਨਾਲ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਜ਼ਖ਼ਮੀ ਵਿਅਕਤੀ ਦੀ ਸਹਾਇਤਾ
ਪਟਿਆਲਾ : ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜ਼ਖ਼ਮੀ ਹੋਏ ਵਿਅਕਤੀ ਦੀ ਸਹਾਇਤਾ ਲਈ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਜਿਆ ਹੈ ਜੋ ਕਮੇਟੀ ਮੈਂਬਰਾਂ ਦੇ ਵਫ਼ਦ ਨੇ ਪਰਿਵਾਰ ਨੂੰ ਸੌਂਪਿਆ। ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਖ਼ਮੀ ਵਿਅਕਤੀ ਦੇ ਇਲਾਜ ਵਿਚ ਹਰ ਸੰਭਵ ਸਹਾਇਤਾ ਕਰੇਗੀ।
ਨਿਰਮਲਜੀਤ ਸਿੰਘ ਨੂੰ ਕਾਨੂੰਨੀ ਸਹਾਇਤਾ ਦੇਵੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਸ਼ਰਾਬ ਪੀਣ ਵਾਲੀ ਔਰਤ ਦੀ ਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਨਿਰਮਲਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇੱਕ ਬਿਆਨ ਵਿਚ ਧਾਮੀ ਨੇ ਕਿਹਾ ਕਿ ਗੁਰਦੁਆਰਿਆਂ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਠੇਸ ਦੀ ਕਾਰਵਾਈ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਤਹਿਤ ਹੀ ਜਜ਼ਬਾਤ ਦੇ ਵੇਗ ਵਿਚ ਨਿਰਮਲਜੀਤ ਸਿੰਘ ਕੋਲੋਂ ਇਹ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਿਰਮਲਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਕਾਨੂੰਨੀ ਮਦਦ ਲਈ ਵਚਨਬੱਧ ਹੈ।

 

RELATED ARTICLES
POPULAR POSTS