-1.5 C
Toronto
Friday, December 19, 2025
spot_img
Homeਪੰਜਾਬਤਰਨਤਾਰਨ ਮਾਮਲਾ

ਤਰਨਤਾਰਨ ਮਾਮਲਾ

ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਸੀ ਤਿਆਰੀ
ਤਰਨਤਾਰਨ/ਬਿਊਰੋ ਨਿਊਜ਼ : ਕਰੀਬ ਮਹੀਨਾਂ ਪਹਿਲਾਂ ਤਰਨਤਾਰਨ-ਖਡੂਰ ਸਾਹਿਬ ਸੜਕ ‘ਤੇ ਪੈਂਦੇ ਪਿੰਡ ਕਲੇਰ ਦੇ ਖੇਤਾਂ ਵਿਚ ਹੋਏ ਬੰਬ ਧਮਾਕੇ ਦੀ ਭਾਵੇਂ ਪੁਲਿਸ ਨੇ ਜਾਂਚ ਕਰਕੇ ਇਸ ਸਬੰਧੀ ਸੱਤ ਜਣਿਆਂ ਨੂੰ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ ਪਰ ਇਸ ਕਾਂਡ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (ਆਈਆਈਏ) ਵਲੋਂ ਕੀਤੇ ਜਾਣ ਨਾਲ ਹੋਰ ਵੀ ਕਈ ਪਰਤਾਂ ਖੁੱਲ੍ਹ ਰਹੀਆਂ ਹਨ। ਸੂਤਰਾਂ ਅਨੁਸਾਰ ਮੁਲਜ਼ਮਾਂ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਹਿਮ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਸੀ।
ਮਾਮਲੇ ਦੀ ਜਾਂਚ ਦੌਰਾਨ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਿਆ ਹੈ ਕਿ ਮੁਲਜ਼ਮਾਂ ਦੇ ਵਿਦੇਸ਼ਾਂ ਵਿਚ ਵਸੇ ਖਾਲਿਸਤਾਨੀ ਤੱਤਾਂ ਨਾਲ ਸਬੰਧ ਅਜੇ ਵੀ ਕਾਇਮ ਸਨ। ਇਸ ਮਾਮਲੇ ਦੇ ਮੁਲਜ਼ਮ ਗੁਰਜੰਟ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਐੱਨਆਈਏ ਵਲੋਂ ਹਿਰਾਸਤ ਵਿਚ ਲੈਣ ਨਾਲ ਸਥਿਤੀ ਹੋਰ ਵੀ ਸਪੱਸ਼ਟ ਹੋ ਰਹੀ ਹੈ। ਮਾਮਲੇ ਦੇ ਕੇਂਦਰ ਬਿੰਦੂ ਗੁਰਜੰਟ ਸਿੰਘ ਵਾਸੀ ਬਚੜੇ, ਹਰਜੀਤ ਸਿੰਘ ਪੰਡੋਰੀ ਗੋਲਾ, ਮਾਨਦੀਪ ਸਿੰਘ ਮੱਸਾ ਵਾਸੀ ਦੀਨੇਵਾਲ, ਚੰਨਦੀਪ ਸਿੰਘ ਬਟਾਲਾ, ਮਨਪ੍ਰੀਤ ਸਿੰਘ ਮੰਨਾ ਵਾਸੀ ਮੁਰਾਦਪੁਰ (ਤਰਨ ਤਾਰਨ),ਅੰਮ੍ਰਿਤਪਾਲ ਸਿੰਘ ਰੰਧਾਵਾ ਵਾਸੀ ਬਚੜੇ, ਮਲਕੀਤ ਸਿੰਘ ਵਾਸੀ ਕੋਟਲਾ ਗੁੱਜਰ (ਅੰਮ੍ਰਿਤਸਰ) ਅਤੇ ਅਮਰਜੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਸਾਰਿਆਂ ਦਾ ਸਬੰਧ ਗਰਮਖਿਆਲੀ ਸਿੱਖ ਜਥੇਬੰਦੀ ਨਾਲ ਸੀ। ਮਲਕੀਤ ਸਿੰਘ ਕੋਟਲਾ ਗੁੱਜਰ ਅਤੇ ਅਮਰਜੀਤ ਸਿੰਘ ਦੇ ਪਰਿਵਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਪੁੱਤਰਾਂ ਦੇ ਸਬੰਧ ਇਸ ਇਲਾਕੇ ਦੇ ਵਾਸੀ ਮੁਲਜ਼ਮਾਂ ਨਾਲ ਸ੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬਣੇ ਸਨ ਅਤੇ ਉਸ ਤੋਂ ਬਾਅਦ ਇਹ ਮੋਬਾਈਲ ਫੋਨ ‘ਤੇ ਸੰਪਰਕ ਕਰਦੇ ਰਹੇ ਸਨ। ਇਨ੍ਹਾਂ ਮੁਲਜ਼ਮਾਂ ਨੇ ਚੱਬਾ ਵਿਚ ਹੋਏ ਸਰਬੱਤ ਖਾਲਸਾ ਦੇ ਪ੍ਰਬੰਧਾਂ ਵਿਚ ਸਰਗਰਮ ਭੂਮਿਕਾ ਅਦਾ ਕੀਤੀ ਸੀ ਅਤੇ ਸੂਬੇ ਵਿਚ ਬੇਅਦਬੀ ਦੀਆਂ ਵਾਰਦਾਤਾਂ ਦੇ ਵਿਰੋਧ ਵਿਚ ਹਫ਼ਤਿਆਂ ਤੱਕ ਸੜਕਾਂ ਜਾਮ ਕਰਨ ਵਿਚ ਵੀ ਮੋਹਰੀ ਭੂਮਿਕਾ ਅਦਾ ਕੀਤੀ ਸੀ।
ਸੂਤਰਾਂ ਨੇ ਦੱਸਿਆ ਕਿ ਇਹ ਤੱਤ ਬੇਅਦਬੀ ਦੀਆਂ ਵਾਰਦਾਤਾਂ ਲਈ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਤੌਰ ‘ਤੇ ਕਸੂਰਵਾਰ ਸਮਝਦੇ ਸਨ, ਜਿਸ ਕਰਕੇ ਉਹ ਜਿੱਥੇ ਬੰਬਾਂ ਨਾਲ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ ਉਥੇ ਉਹ ਕਈ ਹੋਰ ਵੀ.ਆਈ.ਪੀਜ਼. ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਉਹ ਕਿਸੇ ਧਾਰਮਿਕ ਸੰਸਥਾ ਵਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਸਨ। ਉਨ੍ਹਾਂ 2020 ਦੇ ਸਿੱਖ ਰਿਫਰੈਂਡਮ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਮਾਮਲੇ ਦੇ ਕਥਿਤ ਦੋਸ਼ੀ ਹਰਜੀਤ ਸਿੰਘ ਨੂੰ ਜਿਥੇ ਵਿਦੇਸ਼ਾਂ ਤੋਂ ਪੈਸਾ ਮਿਲਣ ਦੀ ਗੱਲ ਸਾਹਮਣੇ ਆਈ ਹੈ ਉਥੇ ਮਾਨਦੀਪ ਸਿੰਘ ਮੱਸਾ ਦੀ ਅਗਵਾਈ ਵਾਲੀ ਸੰਸਥਾ ‘ਕਰ ਭਲਾ, ਹੋ ਭਲਾ’ ਨੂੰ ਵੀ ਵਿਦੇਸ਼ਾਂ ਤੋਂ ਪੈਸੇ ਮਿਲਣ ਦੀ ਗੱਲ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਬੰਬ ਬਣਾਉਣ ਲਈ ਵਿਸਫੋਟਕ ਸਮੱਗਰੀ ਸਲਫਰ ਅਤੇ ਪੋਟਾਸ਼ੀਅਮ ਕਲੋਰੇਟ ਅੰਮ੍ਰਿਤਸਰ ਤੋਂ ਲਿਆਂਦੀ ਸੀ, ਜਿਸ ਨੂੰ ਉਨ੍ਹਾਂ ਨੇ ਪਿੰਡ ਕਲੇਰ ਦੇ ਖੇਤਾਂ ਵਿਚ ਦਬਾ ਕੇ ਰੱਖਿਆ ਹੋਇਆ ਸੀ।

RELATED ARTICLES
POPULAR POSTS