Breaking News
Home / ਪੰਜਾਬ / ਸਮੱਗਲਰ ਨੂੰ ਫੜਨ ਹਰਿਆਣੇ ਗਈ ਬਠਿੰਡਾ ਪੁਲਿਸ ਨਾਲ ਕੁੱਟਮਾਰ

ਸਮੱਗਲਰ ਨੂੰ ਫੜਨ ਹਰਿਆਣੇ ਗਈ ਬਠਿੰਡਾ ਪੁਲਿਸ ਨਾਲ ਕੁੱਟਮਾਰ

ਬਠਿੰਡਾ/ਬਿਊਰੋ ਨਿਊਜ਼ : ਹਰਿਆਣਾ ਪੁਲਿਸ ਨੂੰ ਸੂਚਨਾ ਦਿੱਤੇ ਬਿਨਾ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ਵਿਚ ਨਸ਼ਾ ਸਮੱਗਲਰ ਫੜਨ ਲਈ ਬਠਿੰਡਾ ਪੁਲਿਸ ਤੇ ਪਿੰਡ ਵਾਲਿਆਂ ਵਿਚਕਾਰ ਬੁੱਧਵਾਰ ਨੂੰ ਜ਼ਬਰਦਸਤ ਟਕਰਾਅ ਹੋ ਗਿਆ। ਪਿੰਡ ਵਾਲਿਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਘਸੀਟ-ਘਸੀਟ ਕੇ ਕੁੱਟਿਆ। ਉਨ੍ਹਾਂ ਦੇ ਹਥਿਆਰ ਖੋਹ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਬਠਿੰਡਾ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸਮੱਗਲਰ ਦੇ ਚਾਚੇ ਜੱਗਾ ਸਿੰਘ (51) ਦੀ ਮੌਤ ਹੋ ਗਈ, ਜਦਕਿ ਪਿੰਡ ਵਾਲਿਆਂ ਦੇ ਹਮਲੇ ਵਿਚ ਛੇ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇਕ ਨੂੰ ਗੋਲੀ ਵੀ ਲੱਗੀ ਹੈ।ਜ਼ਿਕਰਯੋਗ ਹੈ ਕਿ ਬਠਿੰਡਾ ਸੀਆਈਏ ਸਟਾਫ ਨੇ ਸੱਤ ਅਕਤੂਬਰ ਨੂੰ ਪਿੰਡ ਮਾਨਵਾਲਾ ਕੋਲੋਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਨਾਲ ਦੋ ਸਮੱਗਲਰਾਂ ਗਗਨਦੀਪ ਸਿੰਘ ਤੇ ਮਨਦੀਪ ਸਿੰਘ ਨਿਵਾਸੀ ਚਰਨਾਰਥ (ਬਠਿੰਡਾ) ਨੂੰ ਕਾਬੂ ਕੀਤਾ ਸੀ। ਉਨ੍ਹਾਂ ਨੇ ਪੁੱਛਗਿਛ ਵਿਚ ਦੱਸਿਆ ਕਿ ਹਰਿਆਣੇ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ਨਿਵਾਸੀ ਕੁਲਵਿੰਦਰ ਸਿੰਘ ਕਿੰਦੀ ਉਨ੍ਹਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ। ਸੀਆਈਏ ਸਟਾਫ ਬਠਿੰਡਾ ਦੀ ਸੱਤ ਮੈਂਬਰੀ ਟੀਮ ਸਵੇਰੇ ਸੱਤ ਵਜੇ ਮੁਲਜ਼ਮ ਗਗਨਦੀਪ ਸਿੰਘ ਨੂੰ ਨਾਲ ਲੈ ਕੇ ਹਰਿਆਣੇ ਦੀ ਹੱਦ ਵਿਚ ਦਾਖਲ ਹੋ ਕੇ ਡੱਬਵਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਦੇਸੂ ਜੋਧਾ ਪੁੱਜ ਗਈ। ਪੁਲਿਸ ਨੇ ਕੁਲਵਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ। ਇਸੇ ਦੌਰਾਨ ਪਿੰਡ ਵਾਲਿਆਂ ਨਾਲ ਉਨ੍ਹਾਂ ਟਕਰਾਅ ਹੋ ਗਿਆ। ਪਿੰਡ ਵਾਲਿਆਂ ਨੇ ਹਥਿਆਰਾਂ, ਲਾਠੀਆਂ ਤੇ ਪੱਥਰਾਂ ਨਾਲ ਪੁਲਿਸ ‘ਤੇ ਹਮਲਾ ਕਰ ਦਿੱਤਾ। ਮਹਿਲਾ ਪੁਲਿਸ ਮੁਲਾਜ਼ਮ ਸਮੇਤ ਤਿੰਨ ਮੁਲਾਜ਼ਮਾਂ ਨੂੰ ਪਿੰਡ ਵਾਲਿਆਂ ਨੇ ਬੰਧਕ ਬਣਾ ਲਿਆ। ਹੋਰਨਾਂ ਨੂੰ ਕੁੱਟਦਿਆਂ ਹੋਇਆਂ ਗਲੀ ਵਿਚ ਘਸੀਟ ਕੇ ਲੈ ਗਏ। ਜ਼ਖ਼ਮੀ ਪੁਲਿਸ ਮੁਲਾਜ਼ਮ ਦੇ ਢਿੱਡ ਵਿਚ ਲੱਤਾਂ ਤੇ ਘਸੁੰਨ ਮਾਰੇ ਗਏ। ਇਸੇ ਦੌਰਾਨ ਸੀਆਈਏ ਸਟਾਫ-ਇਕ ਬਠਿੰਡਾ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਫਾਇਰਿੰਗ ਵੀ ਕੀਤੀ, ਜਿਸ ਵਿਚ ਪੁਲਿਸ ਮੁਲਾਜ਼ਮ ਕਮਲਜੀਤ ਸਿੰਘ ਨੂੰ ਗੋਲੀ ਲੱਗੀ ਹੈ। ਡੱਬਵਾਲੀ ਪੁਲਿਸ ਕਾਰਵਾਈ ਕਰ ਰਹੀ ਹੈ। ਹੋਰ ਜ਼ਖ਼ਮੀਆਂ ਵਿਚ ਜਸਕਰਨ ਸਿੰਘ, ਸਬ ਇੰਸਪੈਕਟਰ ਹਰਜੀਵਨ ਸਿੰਘ, ਏਐਸਆਈ ਗੁਰਤੇਜ ਸਿੰਘ ਪੂਹਲੀ ਤੇ ਏਐਸਆਈ ਸੁਖਦੇਵ ਸਿੰਘ ਸ਼ਾਮਲ ਹਨ।ਉਧਰ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਝੂਠਾ ਕੇਸ ਬਣਾਉਣ ਲਈ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਸੋਸ਼ਲ ਮੀਡੀਆ ‘ਤੇ ਫਾਇਰਿੰਗ ਵੀਡੀਓ ਵਿਚ ਪੁਲਿਸ ਮੁਲਾਜ਼ਮ ਖੁਦ ਮੰਨ ਰਹੇ ਹਨ ਕਿ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰੀ ਹੈ।

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …