ਪੰਜਾਬ ’ਚ ਕੋਵਿਡ ਸਬੰਧੀ ਸਾਰੀਆਂ ਪਾਬੰਦੀਆਂ ਖਤਮ
ਚੰਡੀਗੜ੍ਹ/ਬਿਊਰੋ ਨਿਊਜ਼
ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਵਿਚੋਂ ਕਰੋਨਾ ਭੱਜ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਅਤੇ ਸੂਬੇ ਵਿਚ ਕੋਵਿਡ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਨਾਲ ਹੀ ਇਹ ਹੀ ਕਿਹਾ ਗਿਆ ਹੈ ਕਿ ਫਿਰ ਵੀ ਲੋਕ ਮਾਸਕ ਪਾ ਕੇ ਰੱਖਣ ਅਤੇ ਕਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣ ਤਾਂ ਕਿ ਮੁੜ ਇਹ ਮਹਾਮਾਰੀ ਨਾ ਫੈਲ ਸਕੇ। ਸਰਕਾਰ ਦਾ ਇਹ ਫੈਸਲਾ ਇਸ ਲਈ ਅਹਿਮ ਹੈ ਕਿਉਂਕਿ ਭਲਕੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਸਰਕਾਰ ਨੇ ਇਹ ਕੋਵਿਡ ਪਾਬੰਦੀਆਂ ਇਸ ਲਈ ਖਤਮ ਕੀਤੀਆਂ ਹਨ ਕਿ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸਰੀਰਕ ਦੂਰੀ ਅਤੇ ਮਾਸਕ ਨੂੰ ਲੈ ਕੇ ਸਵਾਲ ਵੀ ਉਠ ਸਕਦੇ ਹਨ।