Breaking News
Home / ਨਜ਼ਰੀਆ / ਮਿੱਤਰਾ, ਚੱਲ ਮੁੜ ਚੱਲੀਏ….!

ਮਿੱਤਰਾ, ਚੱਲ ਮੁੜ ਚੱਲੀਏ….!

ਵਿਕਰਮਜੀਤ ਦੁੱਗਲ, ਆਈ.ਪੀ.ਐਸ.
ਇਹ ਗੱਲ 2002 ਦੇ ਜੁਲਾਈ ਮਹੀਨੇ ਦੀ ਹੋਵੇਗੀ। ਸਾਡੇ ਸ਼ਹਿਰ ਅਬੋਹਰ ਦੇ ਕੁੰਦਨ ਪੈਲਿਸ ਵਿੱਚ ਇਕ ਨਾਟਕ ਮੇਲਾ ਹੋਇਆ। ਉਹਨੀਂ ਦਿਨੀਂ ਮੈਂ ਗਿਆਨੀ ਜੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਤਕਨਾਲੋਜੀ ਬਠਿੰਡਾ ਤੋਂ ਬੀ.ਟੈਕ ਪਾਸ ਕਰਕੇ ਘਰ ਆਇਆ ਹੀ ਸੀ। ਇਕ ਸ਼ਾਮ ਮੇਰਾ ਪਰਮ ਮਿੱਤਰ ਵਰਿੰਦਰ ਸਚਦੇਵਾ (ਜੋ ਅਜਕਲ ਕੈਨੇਡਾ ਵਿੱਚ ਜਾ ਵੱਸਿਆ ਹੈ), ਜ਼ਿਦ ਕਰਨ ਲੱਗਿਆ ਕਿ ਆਪਾਂ ਨਾਟਕ ਵੇਖਣ ਚੱਲਣਾ ਹੈ। ਮੇਰੀ ਰੁਚੀ ਬਚਪਨ ਤੋਂ ਸਾਹਿਤ, ਨਾਟਕ, ਸੰਗੀਤ ਤੇ ਚਿਤਰਕਲਾ ਵਿੱਚ ਰਹੀ ਹੈ (ਤੇ ਹੁਣ ਵੀ ਹੈ)। ਮੈਂ ਉਹਦੇ ਕਹਿਣ ‘ਤੇ ਉਹਦੇ ਨਾਲ ਮੋਟਰ ਸਾੲਕਿਲ ਉਤੇ ਪਿੱਛੇ ਬੈਠ ਕੇ ਚੱਲ ਪਿਆ। ਕੁੰਦਨ ਪੈਲਿਸ ਸਾਡੇ ਘਰ ਤੋਂ ਕੋਈ 6 ਕੁ ਕਿਲੋਮੀਟਰ ਹੋਵੇਗਾ। ਮੈਂ ਇਹਨੀਂ ਦਿਨੀਂ ਸੋਚ ਰਿਹਾ ਸਾਂ ਕਿ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਾਂ ਤੇ ਇੱਕ ਵੱਡਾ ਪੁਲੀਸ ਅਫਸਰ ਬਣਾ । ਪੰਜਾਬੀ ਯੂਨੀਵਰਸਿਟੀ ਪਟਿਆਲੇ  ਅਗਲੇ ਮਹੀਨੇ ਇਸਦੀਆਂ ਕਲਾਸਾਂ, ਜੋ ਸ਼ੁਰੂ ਹੋਣ ਵਾਲੀਆਂ ਸਨ। ਸੋ, ਮੈਂ ਵਰਿੰਦਰ ਨਾਲ ਨਾਟਕ ਵੇਖਣ ਜਾਂਦਾ ਵੀ ਰਾਹ ਵਿਚ ਇਹੋ ਸੋਚੀ ਜਾਵਾਂ ਕਿ ਪਟਿਆਲੇ ਜਾਕੇ ਤਿਆਰੀ ਦੀ ਵਿਉਂਤ ਕਿਵੇਂ ਬਣਾਉਣੀ ਹੈ।
ਜਦ ਅਸੀਂ ਪੈਲਿਸ ਦੇ ਅੰਦਰ ਵੜੇ ਤਾਂ ਨਾਟਕ ਆਪਣੇ ਪੂਰੇ ਜੋਬਨ ਉੱਤੇ ਚੱਲ ਰਿਹਾ ਸੀ। ਦਰਸ਼ਕਾਂ ਦੀ ਭੀੜ ਏਨੀ ਸੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ ਮਿਲ ਰਹੀ। ਬਹੁਤ ਲੋਕ ਖੜ੍ਹੇ ਹੋਏ ਨਾਟਕ ਵੇਖ ਰਹੇ ਸਨ। ਅਸੀਂ ਵੀ ਬਿਲਕੁਲ ਪਿੱਛੇ ਜਾ ਕੇ ਖਲੋ ਗਏ। ਮੇਰਾ ਧਿਆਨ ਸਭ ਤੋਂ ਅਗਲੇ ਪਾਸੇ ਬੈਠੇ ਵੀ.ਆਈ.ਪੀ. (ਵਿਸ਼ੇਸ਼ ਮਹਿਮਾਨਾਂ) ਵੱਲ ਚਲਾ ਗਿਆ ਤੇ ਮੈਂ ਉਥੇ ਖਲੋਤਾ ਮਨ ਹੀ ਮਨ ਸੋਚਣ ਲੱਗਿਆ ਕਿ ਜੇ ਮੈਂ ਸਿਵਲ ਸਰਵਿਸਿਜ਼ ਪਾਸ ਕਰ ਗਿਆ, ਤਾਂ ਕਦੇ ਮੈਂ ਵੀ ਇਵੇਂ ਹੀ ਮੁੱਖ ਮਹਿਮਾਨ ਬਣ ਕੇ ਪੂੋੰਗਰਾਮਾਂ ਉੱਤੇ ਜਾਇਆ ਕਰਾਂਗਾ! ਮੁੱਖ ਮਹਿਮਾਨਾਂ ਵਿੱਚ ਸਾਡੇ ਸ਼ਹਿਰ ਦੇ ਪਤਵੰਤਿਆਂ ਨਾਲ ਐਸ.ਡੀ.ਐਮ.ਸਾਹਿਬ ਵੀ ਬੈਠੇ ਹੋਏ ਸਨ।
ਏਧਰ-ਓਧਰ ਫਸ ਕੇ ਖਲੋਤੇ ਹੋਏ ਜਾਂ ਥਾਂ ਲੱਭ ਰਹੇ ਦਰਸ਼ਕਾਂ ਦੇ ਮੋਢੇ ਨਾਲ ਮੋਢੇ ਖਹਿ   ਰਹੇ ਸਨ। ਮੇਰਾ ਮਨ ਕਾਹਲਾ ਜਿਹਾ ਪਈ ਜਾਵੇ।  ਜਿਵੇਂ ਮੇਰਾ ਸਾਹ ਘੁਟਣ ਲੱਗਿਆ ਹੋਵੇ। ਮੈਨੂੰ ਉੱਥੇ ਖਲੋਤੇ ਨੂੰ ਜਿਵੇਂ ਅੰਦਰੋਂ ਆਵਾਜ਼ ਆਈ ਕਿ ਵਿਕਰਮ… ਜਿੱਥੇ ਤੂੰ ਹੁਣ ਖੜਾ ਹੈਂ, ਇਹ ਥਾਂ ਤੇਰੇ ਲਈ ਨਹੀਂ ਹੈ। ਮੈਂ ਵਰਿੰਦਰ ਨੂੰ ਫਟ ਦੇਣੇ ਕਿਹਾ, ”ਆਪਾਂ ਨੂੰ ਕੀ ਲੋੜ ਸੀ, ਏਨੀ ਭੀੜ ‘ਚ ਗੁਆਚਣ ਦੀ… ਮਿੱਤਰਾ, ਚੱਲ ਮੁੜ ਚੱਲੀਏ…।”  ਮੇਰੀ ਗੱਲ ਸੁਣ ਕੇ ਵਰਿੰਦਰ ਕਹਿਣ ਲੱਗਿਆ ਕਿ ਕਿਉਂ ਕੀ ਗੱਲ? ਵਾਪਸ ਕਿਉਂ ਜਾਣੈ? ਮੈਂ ਆਖਿਆ ਕਿ ਮੈਨੂੰ ਜਾਪ ਰਿਹੈ ਜਿਵੇਂ ਇਹ ਥਾਂ ਮੇਰੇ ਲਈ ਨਹੀਂ ਬਣੀ। ਵਰਿੰਦਰ ਨੇ ਸੁਭਾਵਿਕ ਹੀ ਕਿਹਾ, ”ਯਾਰਾ, ਤੂੰ ਬੜਾ ਏਥੇ ਐੱਸ. ਐੱਸ ਪੀ ਲੱਗਿਐਂ ਵਈ ਤੈਨੂੰ ਐੱਸ. ਡੀ. ਐੱਮ ਸਾਹਬ ਆਪਣੀ ਥਾਂ ਛੱਡ ਕੇ ਬਿਠਾਉਣ….।” ਇਹ ਆਖ ਕੇ ਉਹ ਹੱਸ ਪਿਆ। ਉਸਨੇ ਐੱਸ.ਐੱਸ.ਪੀ ਲਫਜ਼ ਸ਼ਇਦ ਇਸ ਲਈ ਵਰਤਿਆ ਸੀ ਕਿਉਂਕਿ  ਮੈਂ ਪੁਲੀਸ ਅਫਸਰ ਬਣਨ ਦੇ ਸੁਪਨੇ ਦੇਖਦਾ ਰਹਿੰਦਾ ਸਾਂ। ਮੈਂ ਅਗੋਂ ਕਿਹਾ, ”ਕੋਈ ਨਾ, ਕੋਈ ਦਿਨ ਆਵੇਗਾ, ਜਦ ਮੈਂ ਵੀ ਕੁਝ ਬਣ ਕੇ ਉਹਨਾਂ ਅਗਲਿਆਂ ਸੋਫਿਆ ਉਤੇ ਬੈਠਿਆ ਕਰਾਂਗਾ।”  ਉਹ ਫਿਰ ਹੱਸ ਪਿਆ। ਮੈਂ ਫਿਰ ਆਖਿਆ,”ਛਡ ਯਾਰ…ਚੱਲ ਮੁੜ ਚੱਲੀਏ।” ਪਰ ਉਸਨੇ ਮੇਰੀ ਗੱਲ ਨਾ ਗਉਲੀ।  ਆਖਰ ਮੈਂ ਹਾਰ ਕੇ ਪੈਲਿਸ ਹਾਲ ਵਿੱਚੋਂ ਇਕੱਲਾ ਹੀ ਬਾਹਰ ਨਿਕਲ ਆਇਆ ਤੇ ਉਸਦੇ ਆਉਣ ਦੀ ਉਡੀਕ ਕਰਨ ਲੱਗਿਆ। ਇੱਕ ਘੰਟਾ ਬੀਤ ਗਿਆ ਸੀ, ਵਰਿੰਦਰ ਨਹੀਂ ਆਇਆ ਤੇ ਮੈਂ ਖਿਝ ਖਾ ਕੇ ਉੱਥੋਂ ਪੈਦਲ ਹੀ ਆਪਣੇ ਘਰ ਨੂੰ ਚੱਲ ਪਿਆ।  ਮੈਂ ਸੜਕੇ ਸੜਕ ਤੁਰਿਆ ਆਵਾਂ, ਤੇ ਵਰਿੰਦਰ ਦਾ ਕਿਹਾ ਐੱਸ. ਐੱਸ.ਪੀ ਲਫ਼ਜ਼ ਮੇਰੇ ਜ਼ਿਹਨ ਵਿੱਚ ਵਾਰ-ਵਾਰ ਗੂੰਜੀ ਜਾਵੇ।
ਪਾਠਕ ਮਿੱਤਰੋ, ਇਸ ਘਟਨਾ ਨੂੰ ਚੌਦਾਂ ਸਾਲ ਤੋਂ ਵੀ ਵਧੇਰੇ ਸਮਾਂ ਬੀਤ ਚੁੱਕਿਆ ਹੈ, ਮੈਨੂੰ ਅੱਜ ਵੀ ਯਾਦ ਹੈ ਜਦ ਮੈਂ ਅਬੋਹਰ ਤੋਂ ਪਟਿਆਲੇ ਵੱਲ ਨੂੰ ਆਪਣੇ ਮਿੱਤਰ ਗੁਰਵਿੰਦਰਤੇ ਸੰਜੀਵ ਮਿੱਤਲ, (ਜਿਸਨੂੰ ਅਸੀਂ ਸਾਰੇ ਚੌੜ ਨਾਲ ਬਰਨਾਲਾ ਸਾਹਬ ਆਖਦੇ ਹੁੰਦੇ ਸੀ, ਕਿਉਂਕਿ ਉਹਦਾ ਪਿਛੋਕੜ ਬਰਨਾਲਾ ਸ਼ਹਿਰ ਨਾਲ ਹੈ) ਨਾਲ ਸਿਵਲ ਸਰਵਿਸਿਜ ਦੀ ਤਿਆਰੀ ਕਰਨ ਲਈ ਨਿਕਲਿਆ ਸਾਂ।  ਮੈਂ ਲਗਾਤਾਰ ਪੜਦਾ ਰਿਹਾ। ਮਿਹਨਤ ਕਰਦਾ ਰਿਹਾ। ਪਟਿਆਲੇ ਯੂਨੀਵਰਸਿਟੀ ਦੇ ਬਿਲਕੁਲ ਨੇੜੇ ਰਹਿ ਕੇ ਤਿਆਰੀ ਕੀਤੀ। ਘਰ ਵੀ ਬਹੁਤ ਦੇਰ ਬਾਅਦ ਜਾਂਦਾ ਸਾਂ। ਇੱਕ ਵਕਤ ਦੀ ਰੋਟੀ ਦੀ ਥਾਂ ਸਮੋਸੇ ਖਾ ਕੇ ਹੀ ਵਕਤ ਬਿਤਾਉਣਾ ਪਿਆ, ਕਿਉਂਕਿ ਜਿੱਥੇ ਮੇਰਾ ਟਿਕਾਣਾ ਸੀ, ਉਥੇ ਕੋਈ ਢਾਬਾ ਨਹੀਂ ਸੀ ਤੇ ਸਿਰਫ਼ ਸਮੋਸਿਆਂ ਤੇ ਮਠਿਆਈ ਦੀ ਛੋਟੀ ਜਿਹੀ ਹੱਟੀ ਸੀ। ਕਈ ਵਾਰ ਬਿਮਾਰ ਵੀ ਹੋ ਜਾਣਾ ਤਾਂ ਲਾਗਿਓਂ ਕਿਸੇ ਕਲੀਨਕ ਤੋਂ  ਦਵਾਈ ਲੈ ਆਉਣੀ ਤੇ ਘਰ ਵੀ ਨਾ ਦੱਸਣਾ।
ਚਲੋ…ਸਾਲ 2006 ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਮੇਰੀ ਚੋਣ ਹੋ ਗਈ ਤੇ ਮੈਂ ਆਈ ਪੀ ਐਸ ਬਣ ਗਿਆ। ਜਿਸ ਦਿਨ ਨਤੀਜਾ ਆਇਆ ਇਹ ਦਿਨ ਮੇਰੀ ਜ਼ਿੰਦਗੀ ਦੇ ਖੁਸ਼ਹਾਲ ਦਿਨਾਂ ਵਿਚੋਂ ਇੱਕ ਸੀ। ਟਰੇਨਿੰਗ ਦੌਰਾਨ ਆਂਧਰਾ ਪਰਦੇਸ ਕਾਡਰ ਮਿਲ ਗਿਆ।  ਮੈਂ ਆਂਧਰਾ ਪੂੰਦੇਸ਼  ਤੇ ਤੇਲੰਗਾਨਾ ਦੇ ਵੱਖ-ਵੱਖ ਜ਼ਿਲਿਆਂ ਵਿੱਚ ਬਤੌਰ ਪੁਲਿਸ ਮੁਖੀ ਕੰਮ ਕੀਤਾ ਤੇ ਕਰ ਰਿਹਾ ਹਾਂ।  ਬਹੁਤ ਸਾਰੇ ਸਮਾਗਮਾਂ ਤੇ ਪ੍ਰੋਗਰਾਮਾਂ ਉੱਤੇ ਮੁੱਖ ਮਹਿਮਾਨ ਬਣ ਕੇ ਜਣਾਣ ਹੁੰਦਾ ਹੈ ਤੇ ਪਰੰਤੂ ਉਹ ਕੁੰਦਨ ਪੈਲਿਸ ਵਿੱਚ ਨਾਟਕ ਵੇਖਣ ਜਾਣ ਵਾਲੀ ਘਟਨਾ ਕਦੀ ਨਹੀਂ ਭੁੱਲੀ ਤੇ ਨਾ ਹੀ ਭੁਲਦੀ ਹੈ।
ਹੁਣ ਚਾਹੇ ਮੈਂ ਤੇਲੰਗਾਨਾ ਵਿੱਚ ਬਤੌਰ ਪੁਲਿਸ ਕਮਿਸ਼ਨਰ ਦੇ ਅਹੁਦੇ ਉੱਤੇ ਤਾਇਨਾਤ ਹਾਂ ਅਤੇ ਖ਼ਾਸ ਕਰਕੇ ਜਦ ਕਿਸੇ ਸਕੂਲ, ਕਾਲਜ ਜਾਂ  ਯੂਨੀਵਰਸਿਟੀ ਵਿੱਚ ਵਿਦਿਆਰਥੀ ਵਰਗ ਨੂੰ ਸੰਬੋਧਨ ਕਰਨ ਜਾਂਦਾ ਹਾਂ, ਤਾਂ ਉਸ ਕੁੰਦਨ ਪੈਲਿਸ ਘਟਨਾ ਦਾ ਸੰਖੇਪ ਵਿੱਚ ਵਰਨਣ ਜ਼ਰੂਰ ਕਰਦਾ ਹਾਂ ਤਾਂ ਕਿ ਉਨਾਂ ਨੂੰ ਕੁਝ ਨਾ ਕੁਝ ਪੂੇੰਰਨਾ ਮਿਲ ਸਕੇ। ਮੈਂ ਅਕਸਰ ਹੀ ਕਹਿੰਦਾ ਹਾਂ ਕਿ ਵਿਦਿਆਰਥੀਓ! ਤੁਸੀਂ ਮਿਹਨਤ ਕਰਕੇ ਆਪਣਾ ਮੁਕਾਮ ਆਪ ਪਾ ਸਕਦੇ ਹੋ ਤੇ ਆਪਣੇ ਲਈ ਚੰਗੀ ਥਾਂ ਬਣਾ ਸਕਦੇ ਹੋ ਪਰ ਆਪਣੇ ਲਕਸ਼ ਪ੍ਰਤੀ ਇਕਾਗਰਤਾ ਬਣੀ ਰਹਿਣੀ ਬਹੁਤ ਲਾਜ਼ਮੀ ਹੈ। ਮਿਹਨਤ ਕਰਨੀ ਨਾ ਭੁੱਲਣਾ ਤੇ ਆਪਣੀ ਥਾਂ ਦੀ ਆਪ ਤਲਾਸ਼ ਕਰਨਾ। ਇਹ ਗੱਲ ਵੱਖ ਹੈ ਏਨੇ ਸਾਲਾਂ ਬਾਅਦ ਅੱਜ ਵੀ ਜਦ ਕਦੇ ਵਰਿੰਦਰ ਨਾਲ ਫੋਨ ‘ਤੇ ਗੱਲ ਹੁੰਦੀ ਹੈ ਤਾਂ ਅਸੀਂ ਉਹੀ ਬੋਲ ਯਾਦ ਕਰ ਕੇ ਹੱਸ ਪੈਂਦੇ ਹਾਂ ਕਿ ‘ਮਿੱਤਰਾ, ਚੱਲ ਮੁੜ ਚੱਲੀਏ…।”   ਫੋਨ-8332941100

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …