26.4 C
Toronto
Saturday, October 4, 2025
spot_img
Homeਰੈਗੂਲਰ ਕਾਲਮਚੋਣਾਂ ਦੇ ਅੰਗ-ਸੰਗ ਵਟਸ-ਐਪ ਦੇ ਰੰਗ!

ਚੋਣਾਂ ਦੇ ਅੰਗ-ਸੰਗ ਵਟਸ-ਐਪ ਦੇ ਰੰਗ!

ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਚੋਣਾਂ ਦੇ ਦਿਨਾਂ ਵਿਚ ਇਸ ਵਾਰ ਸੋਸ਼ਲ ਸਾਈਟਾਂ ਵਿਚੋਂ ਸਭ ਤੋਂ ਵੱਧ ਸਰਗਰਮ ਰਹੀ ਹੈ ਵਟਸ-ਐਪ । ਹਾਸੇ-ਹਾਸੇ ਵਿਚ ਇੱਕ ਵਿਅੰਗਕਾਰ ਮਿੱਤਰ ਆਖਣ ਲੱਗਿਆ ਕਿ ਇਸਦਾ ਨਾਂ ਚਾਹੀਦਾ ਸੀ-ਵੱਟ ਤੇ ਸੱਪ! ਗੱਲ ਮਿੱਤਰ ਦੀ ਠੀਕ ਹੀ ਲਗਦੀ ਹੈ, ਇਸ ਵਟਸ-ਐਪ ਨੇ ਤਾਂ ਵੱਟਾਂ ਉਤੇ ਸੱਪ ਤੁਰੇ ਫਿਰਦੇ ਵਿਖਾ ਦਿੱਤੇ ਇਹਨਾਂ ਚੋਣਾਂ ਵਿਚ। ਰੋਹ ਤੇ ਗੁੱਸੇ ਨਾਲ ਭਰੇ ਪੀਤੇ ਲੋਕਾਂ ਨੇ ਨੇਤਾਵਾਂ ਨਾਲ-ਨਾਲ ਕਿੱਥੇ-ਕਿੱਥੇ ਕੀ-ਕੀ ਵਿਵਹਾਰ ਕੀਤਾ, ਇਹ ਕਿਸੇ ਨਿਆਣੇ-ਸਿਆਣੇ ਤੋਂ ਭੋਰਾ ਵੀ ਗੁੱਝਾ ਨਹੀਂ ਰਿਹਾ। ਸਿਆਣੇ ਲੋਕ ਇਹ ਸਭ ਕੁਝ ਦੇਖਦੇ ਤੇ ਫਿਕਰ ਕਰਦੇ ਦਿਖਾਈ ਦਿੱਤੇ ਤੇ ਨਿਆਣ-ਮਤੀਏ ਤੇ ਮੇਰੀ ਉਮਰ ਦਿਆਂ ਲਈ ਮੰਨੋਰੰਜਨ ਜਿਹਾ ਬਣਿਆ ਰਿਹਾ ਇਹ ਸਾਰਾ ਕੁਝ। ਠੰਢੇ ਮੌਸਮ ਵਿਚ ਵੀ ਲੀਡਰਾਂ ਦੇ ਬਿਆਨ ਗਰਮਾਂ-ਗਰਮ ਰਹੇ। ਤਾਹਨੇ-ਮਿਹਣੇ ਖੂਬ ਵੱਜੇ। ਬਿਆਨਬਾਜ਼ੀ ਤੇ ਤੁਹਮਤਬਾਜ਼ੀ ਦੇ ਮਾਮਲੇ ਵਿਚ ਕਈ ਤਾਂ ਸਿਆਣੇ ਸਿਆਣੇ ਬੰਦੇ ਵੀ ਹੱਦਾਂ ਬੰਨਾਂ ਟੱਪੀ ਗਏ।  ਅਜਕਲ ਲੋਕਾਂ ਦੇ ਮੋਬਾਈਲ ਫੋਨਾਂ ਦੇ ਕੈਮਰਿਆਂ ਦੀ ਅੱਖ ਬਾਜ ਅੱਖ ਵਰਗੀ ਹੈ, ਜੋ ਪਤਾ ਨਹੀਂ ਕਦੋਂ ਸਾਰਾ ਕੁਝ ਕੈਦ ਕਰ ਕੇ ਪਲੋ-ਪਲੀ ਸੰਸਾਰ ਭਰ ਵਿਚ ਨਸ਼ਰ ਕਰ ਦਿੰਦੀ ਹੈ। ਸੋਸ਼ਲ ਸਾਈਟਾਂ ਉਤੇ ਆਉਣ ਸਾਰ ਬੰਦਾ ਪੂਰੀ ਦੁਨੀਆਂ ਵਿਚ ਛਾ ਜਾਂਦਾ ਹੈ। ਹਥਲੇ ਕਾਲਮ ਰਾਹੀਂ ਅਸੀਂ ਕੁਝ ਉਹਨਾਂ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੀ ਗੱਲ ਕਰਦੇ ਹਾਂ, ਜਿਹੜੇ ਬੋਲਦੇ-ਬੋਲਦੇ ਪਤਾ ਨਹੀਂ ਥੁਥਲਾ ਗਏ ਜਾਂ ਉਹਨਾਂ ਦੀ ‘ਸੋਚ ਦੀ ਸੂਈ’ ਕਿਤੇ ਹੋਰ ਥਾਂ ਜਾ ਕੇ ਅੜ ਜਾਂਦੀ ਹੈ ਤੇ ‘ਗੱਲ ਦੀ ਵਲੱਲ’ ਬਣ ਜਾਂਦੀ ਹੈ। ਲੋਕ ਅਜਿਹੀਆਂ ਵੀਡੀਓਜ਼ ਦੇਖਦੇ ਹੋਏ ਰਤਾ ਨਹੀਂ ਹਿਚਕਚਾਂਦੇ ਤੇ ਤਿੱਖੀ ਡੰਗ ਵਾਲੇ ਕੁਮੈਂਟਸ ਲਿਖਦੇ ਹਨ।
ਕੈਨੇਡਾ ਦੇ ਟੋਰਾਂਟੋ ਤੋਂ ਆਏ ਅਕਾਲੀ ਨੇਤਾ ਦੀ ਇੱਕ ਵੀਡੀਓ ਕਾਫੀ ਚਰਚਾ ਵਿਚ ਅਜੇ ਵੀ ਹੈ, ਜਿਸ ਵਿਚ ਉਹ ਆਖ ਰਹੇ ਨੇ, ”ਸਾਡੇ ਬਰੈਂਪਟਨ ਨੇੜੇ ਮਿਸੀਸਾਗਾ ਸ਼ਹਿਰ ਵਿਚ ਇੱਕ ਗੋਰੀ ਰਹਿੰਦੀ ਐ, 55 ਸਾਲ ਉਮਰ ਆ ਤੇ 65 ਸਾਲ ਹੋਗੇ ਮੇਅਰ ਬਣਦੀ ਨੂੰ, ਆਪ ਉਹ ਹਰ ਸਾਲ ਇੰਗਲੈਂਡ-ਯੌਰਪ ਵਗੈਰਾ ਛੁੱਟੀਆਂ ਕੱਟਣ ਜਾਂਦੀ ਆ ਤੇ ਮਗਰੋਂ ਵੋਟਾਂ ਪਾ ਦੇਈਦੀਆਂ, ਤੇ ਆ ਕੇ ਸਹੁੰ ਚੁੱਕ ਲੈਂਦੀ ਆ, ਤੁਸੀਂ ਵੀ ਭਰਾਵੋ ਇਵੇਂ ਹੀ ਕਰਿਆ ਕਰੋ, ਜਥੇਦਾਰ ਤੋਤਾ ਸਿੰਘ ਜੀ ਨੇ ਏਨੇ ਵਿਕਾਸ ਦੇ ਕੰਮ ਕੀਤੇ ਆ, ਤੁਸੀਂ ਕਿਹਾ ਕਰੋ ਕਿ ਜਾਓ ਜਥੇਦਾਰ ਜੀ, ਤੁਸੀਂ ਵੀ ਕੈਨੇਡਾ ਜਾ ਆਓ, ਵੋਟਾਂ ਅਸੀਂ ਪਾ ਦਿਆਂਗੇ।” ਸੋ, 55 ਤੇ 65 ਸਾਲਾ (10 ਸਾਲ ਦਾ ਫਰਕ) ਇੱਕ ਦਹਾਕੇ ਦਾ ਅੰਤਰ ਸੁਣ ਕੇ ਲੋਕ ਬੜਾ ਹੱਸੇ।
ਇਵੇਂ ਹੀ ਬੀਬੀ ਨਵਜੋਤ ਕੌਰ ਸਿੱਧੂ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਟਪਲਾ ਘੱਟ ਹੀ ਖਾਂਦੇ ਹਨ। ਪਰ ਇਕ ਵੀਡੀਓ ਵਿਚ ਬੀਬੀ ਸਿੱਧੂ ਜੀ ਆਖ ਰਹੇ ਨੇ ਕਿ ਸਾਡੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਜੀ ਤੇ ਰਾਹੁਲ ਗਾਂਧੀ ਜੀ ਦੀ ਸੋਚ ਹੈ ਕਿ ਕਾਂਗਰਸ ਨੂੰ ਨਸ਼ਾ ਮੁਕਤ ਕਰਨਾ ਹੈ। ਲੋਕਾਂ ਨੇ ਕੁਮੈਂਟ ਲਿਖ ਕੇ ਪੁੱਛਿਆ ਹੈ ਕਿ ਬੀਬੀ ਜੀ ਇਹ ਤਾਂ ਦੱਸੋ ਕਿ ਕਾਂਗਰਸ ਕਿਹੜੇ-ਕਿਹੜੇ ਨਸ਼ਿਆਂ ਦਾ ਸੇਵਨ ਕਰਦੀ ਹੈ! ਬੀਬੀ ਸਿੱਧੂ ਵਾਲੀ ਇਸ ਵੀਡੀਓ ਨੂੰ ਲੋਕਾਂ ਨੇ ਸੋਸ਼ਲ ਸਾਈਟਾਂ ਉਤੇ ਭੰਬੀਰੀ ਵਾਂਗ ਘੁਮਾ ਰੱਖਿਆ ਹੈ। ਕਿਸੇ ਨੇ ਲਿਖਿਆ  ਕਿ ਕਾਂਗਰਸ ਵਿਚ ਸ਼ਾਮਲ ਹੋਣ ਦਾ ਤਾਜ਼ਾ-ਤਾਜ਼ਾ ਸਰੂਰ ਹੈ।
ਛੋਟੇ ਬਾਦਲ ਦੀਆ ਕੂਝ ਵੀਡੀਓਜ਼ ਦੀ ਖਾਸੀ ਚਰਚਾ ਹੈ। ਇੱਕ ਵੀਡੀਓ ਵਿੱਚ ਉਹ ਆਪਣੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖ ਰਹੇ ਸਨ ਕਿ ਮੈਂ ਥੋਨੂੰ ਦਸਦੈਂ ਕਿ ਸਭ ਤੋਂ ਵੱਧ ਨੁਕਸਾਨ ਆਕਲੀ ਪਾਰਟੀ ਨੇ ਕੀਤੈ। ਜਦ ਇਹ ਸੁਣ ਕੇ ਲੋਕ ਹੱਸਣ ਲਗਦੇ ਹਨ ਤਾਂ ਛੋਟੇ ਬਾਦਲ ਝਟ ਹੀ ਗੱਲ ਬੋਚ ਲੈਂਦੇ ਹਨ ਤੇ ਆਪਣੀ ਗੱਲ ਦੀ ਸੁਧਵਾਈ ਕਰਦੇ ਕਹਿੰਦੇ ਹਨ ਕਿ ਕਾਂਗਰਸ ਨੇ ਕੀਤੈ। ਆਪਣੇ ਪਿਤਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ‘ਆਪਣੇ ਪਿਤਾ ਸਮਾਨ’ ਦੱਸਣ ਵਾਲੀ ਉਹਨਾਂ ਦੀ ਵੀਡੀਓ ਕਾਫੀ ਮਕਬੂਲ ਹੋਈ ਸੀ। ਹੁਣੇ ਹੁਣੇ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਸਭ ਤੋਂ ਬਦਸੂਰਤ ਬਣਾਉਣ ਦਾ ਆਖਣ ਵਾਲੀ ਵੀਡੀਓ ਤਾਂ ਹਰ ਕੋਈ ਸਾਂਝੀ ਕਰੀ ਜਾ ਰਿਹਾ ਹੈ। ਰੈਲੀਆਂ ਵਿਚ ਘਰਾਂ ਵਾਲੀਆਂ ਨੂੰ ਨਾਲ ਲਿਆਉਣ ਅਤੇ ਜਿਹੜਾ ਨਾਲ ਨਾਂ ਲਿਆਊ ਉਹਨਾਂ ਪਾਰਟੀ ਵਿਚੋਂ ਸਸਪੈਂਡ ਕਰਨ ਦੇ ਆਦੇਸ਼ਾਂ ਵਾਲੀ ਵੀਡੀਓ ਵਿਚ ਬਾਦਲ ਇਹ ਵੀ ਕਹਿ ਦਿੰਦੇ ਹਨ ਕਿ ਕਿਤੇ ਆਹ ਟੀ.ਵੀ ਵਾਲੇ ਨਾ ਵੇਖ ਲੈਣ। ਉਸ ਵਕਤ ਉਹ ਖੂਬ ਖੁਸ਼ੀ ਭਰੇ ਤੇ ਜੋਸ਼ੀਲੇ ਮੂਡ ਵਿਚ ਬੋਲ ਰਹੇ ਹਨ। ‘ਪੂਰੇ ਪੰਜਾਬ ਵਿਚ ਥੋਨੂੰ ਕਿਤੇ ਰੇਲਵੇ ਫਾਟਕ ਨਜ਼ਰ ਨਹੀਂ ਆਵੇਗਾ’ ਤੇ ‘ਪਾਣੀ ਵਿਚ ਤਾਂ ਕੀ ਅਸਮਾਨ ਵਿਚ ਬੱਸਾਂ ਚਲਾ ਦਿਆਂਗੇ’ ਤੇ ਇੱਕ ਵਿਚ ਇਹ ਆਖਿਆ ਕਿ ਸੜਕਾਂ ਅਜਿਹੀਆਂ ਬਣਾ ਦਿਆਂਗੇ ਕਿ ਚਾਹੇ ਬੰਬ ਵੀ ਸੁੱਟ੍ਹੀ ਜਾਇਓ, ਇਹ ਨਹੀਂ ਟੁੱਟਣਗੀਆਂ। ਇਹ ਵੀਡੀਓ ਵੀ ਘੱਟ ਮੰਨੋਰੰਜਨ ਵਾਲੀਆਂ ਨਹੀਂ ਸਨ।
ਪਟਿਆਲਾ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ ਸਿੰਘ  ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਏਨੇ ਜੋਸ਼ ਵਿੱਚ ਆ ਗਏ ਕਿ ਭੈਣ ਦੀ ਗਾਲ ਤੱਕ ਕੱਢ ਗਏ ਤੇ ਫਿਰ ਮੀਡੀਆ ਕਰਮੀਆਂ ਦੇ ਸਵਾਲਾਂ ਵਿਚ ਘਿਰ ਗਏ। ਕੋਲ ਖਲੋਤੇ ਉਹਨਾਂ ਦੇ ਸਮਰਥਕ ਬਚਾਵ ਕਰਨ ਲੱਗੇ। ਮੀਡਅਿਾ ਕਰਮੀਆਂ ਨੇ ਘਰ ਲਏ ਤੇ ਵਾਰ-ਵਾਰ ਪੁੱਛਿਆ ਕਿ ਇੰਝ ਗਾਲ ਕੱਢਣਾ ਸ਼ੋਭਾ ਦਿੰਦਾ ਹੈ ਤਾਂ ਜਰਨਲ ਸਾਹਿਬ ਨੇ ਕਿਹਾ ਕਿ ਮੇਰੇ ਜਜ਼ਬਾਤ ਹਨ, ਗਾਲਾਂ ਨਹੀਂ ਹਨ, ਮੇਰੇ ਜਜਬਾਤਾਂ ਗਾਲਾਂ ਵਿਚ ਨਾ ਬਦਲੋ!
[email protected]

RELATED ARTICLES
POPULAR POSTS