ਜਰਨੈਲ ਸਿੰਘ
(ਕਿਸ਼ਤ 17ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
20ਵੀਂ ਸਦੀ ਦੇ ਆਖਰੀ ਦਹਾਕੇ ਦੌਰਾਨ ਪੰਜਾਬੀ ਕਮਿਊਨਿਟੀ ਦੇ ਕੁਝ ਸਕੂਲੀ ਮੁੰਡਿਆਂ ਨੇ ਗੈਂਗ ਬਣਾ ਲਏ ਸਨ। ਸ਼ੁਰੂ ਵਿਚ ਤਾਂ, ਪੜ੍ਹਾਈ ‘ਚ ਨਿਕੰਮੇ ਤੇ ਅਵਾਰਾ ਕਿਸਮ ਦੇ ਬੱਚੇ ਹੀ ਗੈਂਗਾਂ ਵਿਚ ਸਰਗਰਮ ਸਨ। ਪਰ ਬਾਅਦ ਵਿਚ ਉਹ ਚੰਗੇ ਬੱਚਿਆਂ ਨੂੰ ਵੀ ਵਰਗਲਾਉਣ ਲੱਗ ਪਏ। ਗੈਂਗਾਂ ਦੀਆਂ ਆਪਸ ਵਿਚ ਲੜਾਈਆਂ ਭਿੜਾਈਆਂ ਸ਼ੁਰੂ ਹੋ ਗਈਆਂ। ਇਸ ਗੰਭੀਰ ਸਮੱਸਿਆ ਨੂੰ ਵਿਚਾਰਨ ਲਈ ਪ੍ਰਭਾਵਿਤ ਸਕੂਲਾਂ ਦੇ ਪੰਜਾਬੀ ਅਧਿਆਪਕਾਂ, ਪੁਲਿਸ ਵਾਲ਼ਿਆਂ ਤੇ ਕਮਿਊਨਿਟੀ ਦੇ ਬੰਦਿਆਂ ਨੇ ਮੀਟਿੰਗਾਂ ਕੀਤੀਆਂ। ਉਨ੍ਹਾਂ ਮੀਟਿੰਗਾਂ ਵਿਚ ਮੈਂ ਵੀ ਸ਼ਾਮਲ ਸਾਂ। ਬੁਲਾਰਿਆਂ ਅਨੁਸਾਰ ਸਮੱਸਿਆ ਦਾ ਮੁੱਖ ਕਾਰਨ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਲਾਈਫ ਸਟਾਈਲ ਵਿਚਲਾ ਪਾੜਾ ਸੀ। ਇਸ ਪਾੜੇ ਨੇ ਘਰਾਂ ਦੇ ਮਾਹੌਲ ਨੂੰ ਨੀਰਸ ਬਣਾਇਆ ਹੋਇਆ ਸੀ।
ਫ਼ੈਸਲਾ ਇਹ ਹੋਇਆ ਕਿ ਮਾਪਿਆਂ ਤੇ ਉਨ੍ਹਾਂ ਦੇ ਪੁੱਤਾਂ ਧੀਆਂ ਦੇ ਸੈਮੀਨਾਰ ਕਰਵਾਏ ਜਾਣ। ਸੈਮੀਨਾਰਾਂ ਵਿਚ ਦੋਨਾਂ ਧਿਰਾਂ ਦੇ ਵਿਚਾਰ ਸੁਣੇ ਜਾਣ ਤੇ ਸੰਤੁਲਿਨ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਇਕਬਾਲ ਰਾਮੂਵਾਲੀਆ ਤੇ ਉਸਦੇ ਸਾਥੀ ਅਧਿਆਪਕਾਂ ਨੇ ਸੈਮੀਨਾਰਾਂ ਦੀ ਰੂਪ ਰੇਖਾ ਤਿਆਰ ਕੀਤੀ। ਸੈਮੀਨਾਰਾਂ ਦਾ ਪ੍ਰਬੰਧ ਵੀਕ ਐਂਡਾਂ ‘ਤੇ ਸਕੂਲਾਂ ਵਿਚ ਕੀਤਾ ਗਿਆ। ਹਰ ਸੈਮੀਨਾਰ ਤੋਂ ਪਹਿਲਾਂ ਅਸੀਂ ਫੋਨਾਂ ਰਾਹੀਂ ਮਾਪਿਆਂ ‘ਤੇ ਉਨ੍ਹਾਂ ਦੇ ਬੱਚਿਆਂ ਨੂੰ ਸ਼ਾਮਲ ਹੋਣ ਲਈ ਤਾਕੀਦ ਕਰਦੇ ਸਾਂ।
ਸੱਦੇ ਹੋਏ ਪਰਿਵਾਰ ਜਦੋਂ ਮੁਕੱਰਰ ਕੀਤੇ ਸਕੂਲ ‘ਚ ਪਹੁੰਚਦੇ ਤਾਂ ਉਨ੍ਹਾਂ ਨੂੰ ਗਰੁੱਪਾਂ ਵਿਚ ਵੰਡ ਕੇ ਵੱਖ ਵੱਖ ਕਮਰਿਆਂ ਵਿਚ ਬਿਠਾ ਦਿੱਤਾ ਜਾਂਦਾ। ਗਰੁੱਪ ਇਸ ਤਰੀਕੇ ਨਾਲ਼ ਬਣਾਏ ਜਾਂਦੇ ਕਿ ਇਕੋ ਪਰਿਵਾਰ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ‘ਕਠੇ ਨਹੀਂ ਸੀ ਰੱਖਿਆ ਜਾਂਦਾ। ਅੱਡ ਅੱਡ ਕਰ ਦਿੱਤਾ ਜਾਂਦਾ ਸੀ। ਇਸਦਾ ਫਾਇਦਾ ਇਹ ਹੋਇਆ ਕਿ ਬੱਚੇ ਬੇਝਿਜਕ ਹੋ ਕੇ ਆਪਣੀ ਗੱਲ ਦੱਸਦੇ। ਮਾਪੇ ਵੀ ਖੁੱਲ੍ਹ ਕੇ ਬੋਲਦੇ। ਦੋਨਾਂ ਧਿਰਾਂ ਦੀਆਂ ਇਕ ਦੂਜੇ ਪ੍ਰਤੀ ਸ਼ਿਕਾਇਤਾਂ ਉੱਠਦੀਆਂ। ਵਾਸਤਵਿਕ ਉਲਝਣਾਂ ਤੇ ਮਸਲੇ ਵੀ ਉੱਭਰਦੇ। ਗਹਿਗਚ ਸੰਵਾਦ ਰਚਦਾ। ਅਖੀਰ ਵਿਚ ਸਾਰੇ ਗਰੁੱਪਾਂ ਨੂੰ ਇਕ ਹਾਲ ਵਿਚ ਬਿਠਾ ਕੇ ਪਹਿਲਾਂ ਦੋਨਾਂ ਧਿਰਾਂ ਦੀਆਂ ਸ਼ਕਾਇਤਾਂ ਦਾ ਸਾਰ ਤੱਤ ਪੇਸ਼ ਕੀਤਾ ਜਾਂਦਾ ਤੇ ਫਿਰ ਉਹ ਨੁਕਤੇ ਉਭਾਰੇ ਜਾਂਦੇ ਜਿਨ੍ਹਾਂ ‘ਤੇ ਅਮਲ ਕਰਕੇ ਬੱਚੇ ਤੇ ਉਨ੍ਹਾਂ ਦੇ ਮਾਪੇ ਲੋੜੀਂਦੀ ਐਡਜਸਟਮੈਂਟ ਕਰ ਸਕਦੇ ਸਨ।
ਮੈਂ ਕਈ ਗਰੁੱਪਾਂ ਦੇ ਸੰਵਾਦ ਕੰਡਕਟ ਕੀਤੇ। ਉਨ੍ਹਾਂ ਸੰਵਾਦਾਂ ਵਿਚੋਂ ਮੈਨੂੰ ‘ਪੰਧ ਕਥਾ’ ਤੇ ‘ਭਵਿੱਖ’ ਕਹਾਣੀਆਂ ਦੇ, ਮਾਪਿਆਂ ਤੇ ਉਨ੍ਹਾਂ ਦੇ ਜਵਾਨ ਹੋ ਰਹੇ ਬੱਚਿਆਂ ਦੇ ਪਾਤਰ ਮਿਲ਼ ਗਏ। ਬੱਚਿਆਂ ਦੇ ਮਨਾਂ ਦੀਆਂ ਉਲਝਣਾਂ ਤੇ ਉਨ੍ਹਾਂ ਦੇ ਮਾਪਿਆਂ ਨਾਲ਼ ਟਕਰਾਅ ਦੀਆਂ ਸਥਿਤੀਆਂ ਬਾਰੇ ਵੀ ਪਤਾ ਲੱਗ ਗਿਆ।
ਕਹਾਣੀ ‘ਭਵਿੱਖ’: ਸੈਮੀਨਾਰਾਂ ਵਿਚ ਕੁਝ ਵਿਦਿਆਰਥਣਾਂ ਨੇ ਆਪਣੇ ਡੈਡੀਆਂ ਦੇ ਕਟੱੜ ਵਤੀਰੇ ਬਾਰੇ ਦੱਸਿਆ ਸੀ। ਉਹ ਆਪਣੀਆਂ ਗੱਲਾਂ ਹੀ ਮੰਨਵਾਉਂਦੇ ਸਨ ਧੀਆਂ ਦੀਆਂ ਨਹੀਂ ਸੁਣਦੇ ਸਨ। ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਸਨ ਕਰਦੇ… ਭਾਰਤੀ ਰਸਮਾਂ ਰਿਵਾਜ਼ਾਂ ਦੀ ਰਟ ਲਾਈ ਰੱਖਦੇ। ਉਨ੍ਹਾਂ ਗਰੁੱਪਾਂ ਵਿਚ ਸ਼ਿਕਾਇਤਾਂ ਕਰਨ ਵਾਲੀਆਂ ਕੁੜੀਆਂ ਦੇ ਡੈਡੀ ਤਾਂ ਹੋਰ ਕਮਰਿਆਂ ਵਿਚ ਸਨ, ਦੂਜੇ ਬੱਚਿਆਂ ਦੇ ਕੁਝ ਡੈਡੀ ਕੁੜੀਆਂ ਦੀਆਂ ਸ਼ਿਕਾਇਤਾਂ ‘ਤੇ ਕੌੜ ਖਾ ਗਏ। ਕਹਿਣ ਲੱਗੇ, “ਸਾਨੂੰ ਗੋਰਿਆਂ ਦੀਆਂ ਰੀਸਾਂ ਨਹੀਂ ਕਰਨੀਆਂ ਚਾਹੀਦੀਆਂ। ਸਾਡਾ ਆਪਣਾ ਸਭਿਆਚਾਰ ਵਧੀਆ ਹੈ… ਕੁੜੀਆਂ ਨੂੰ ਘਰਾਂ ਦੀ ਇਜ਼ਤ ਦਾ ਖਿਆਲ ਰੱਖਣਾ ਚਾਹੀਦੈ।”
ਹਾਲ ਵਿਚ ਜਦੋਂ ਸਾਰੇ ਗਰੁੱਪ ਇਕੱਠੇ ਹੋ ਕੇ ਬੈਠਦੇ ਤਾਂ ਅਸੀਂ ਹੋਰ ਮੁੱਦਿਆਂ ਨਾਲ਼ ਕੁੜੀਆਂ ਦੀਆਂ ਸ਼ਿਕਾਇਤਾਂ ਵੀ ਉਭਾਰਦੇ ਤੇ ਮਾਪਿਆਂ ਨੂੰ ਸਮਝਾਉਂਦੇ ਕਿ ਧੀਆਂ ‘ਤੇ ਇਸ ਤਰ੍ਹਾਂ ਦੀ ਸਖਤੀ ਵਾਜਬ ਨਹੀਂ। ਸਾਡੇ ਬੱਚਿਆਂ ‘ਤੇ ਗੋਰੇ ਸਮਾਜ ਦਾ ਪ੍ਰਭਾਵ ਪੈਣਾ ਸੁਭਾਵਕ ਹੈ। ਕੈਨੇਡਾ ਦੇ ਕਾਨੂੰਨ ਹਰ ਵਿਅਕਤੀ ਨੂੰ ਆਜ਼ਾਦੀ ਨਾਲ਼ ਰਹਿਣ ਦਾ ਹੱਕ ਦੇਂਦੇ ਹਨ। ਬੇਲੋੜੇ ਸਖਤ ਵਤੀਰੇ ਤੋਂ ਅੱਕ ਕੇ ਬੱਚੇ ਬਾਗੀ ਹੋ ਸਕਦੇ ਹਨ। ਸਿਰਫ਼ ਆਪਣੀਆਂ ਹੀ ਨਾ ਕਹੋ, ਉਨ੍ਹਾਂ ਦੀਆਂ ਵੀ ਸੁਣੋ। ਉਨ੍ਹਾਂ ‘ਤੇ ਵਿਸ਼ਵਾਸ ਕਰੋ। ਫਿਰ ਬੱਚਿਆਂ ਨੂੰ ਵੀ ਸਮਝਾਉਂਦੇ ਕਿ ਬੇਲਗਾਮ ਆਜ਼ਾਦੀ ਠੀਕ ਨਹੀਂ। ਆਜ਼ਾਦੀ ਦੇ ਨਾਲ਼ ਜ਼ਿੰਮੇਵਾਰੀ ਦਾ ਅਹਿਸਾਸ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਮਾਪਿਆਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ। ਮਾਪੇ ਸਖਤ ਕਮਾਈਆਂ ਕਰਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ।
ਧੀਆਂ ‘ਤੇ ਲੱਗੀਆਂ ਰੋਕਾਂ ਟੋਕਾਂ ਅਤੇ ਕੁਝ ਡੈਡੀਆਂ ਦੀਆਂ ਰੋਕਾਂ ਟੋਕਾਂ ਨੂੰ ਜਾਇਜ਼ ਠਹਿਰਾਉਂਦੀਆਂ ਗੱਲਾਂ ਤੋਂ ਮੈਨੂੰ ‘ਭਵਿੱਖ’ ਕਹਾਣੀ ਦਾ ਕੱਚਾ ਮਾਲ ਮਿਲ਼ ਗਿਆ। ਇਸ ਕਹਾਣੀ ਦੀ ਮੁੱਖ ਪਾਤਰ ਨਵਜੋਤ ਦਾ ਡੈਡੀ ਦਿਲਬਾਗ ਸਿੰਘ ਜਗੀਰੂ ਸੁਭਾਅ ਦਾ ਮਾਲਕ ਹੈ। ਉਹ ਪਤਨੀ ਤੇ ਦੋਨਾਂ ਧੀਆਂ ‘ਤੇ ਦਾਬਾ ਪਾ ਕੇ ਰੱਖਦਾ ਹੈ। ਹਰਜੋਤ ਅਜੇ ਛੋਟੀ ਹੈ, ਨਵਜੋਤ ਜਵਾਨ ਹੋ ਰਹੀ ਹੈ। ਦਿਲਬਾਗ ਸਿੰਘ ਨੇ ਨਵਜੋਤ ਨੂੰ ਸਕੂਲ ਜਾਣ ਆਉਣ ਲਈ ਸਿਰਫ਼ ਦੱਸੇ ਹੋਏ ਰੂਟ ‘ਤੇ ਹੀ ਪੈਰ ਧਰਨ ਅਤੇ ਅੱਖਾਂ ਨੀਵੀਆਂ ਕਰਕੇ ਤੁਰਨ ਦੀ ਸਖਤ ਹਦਾਇਤ ਕੀਤੀ ਹੋਈ ਏ। ਨਵਜੋਤ ਬਾਕੀ ਬੱਚਿਆਂ ਨਾਲ਼ ਸਕੂਲ-ਕੈਂਪ ‘ਤੇ ਜਾਣਾ ਚਾਹੁੰਦੀ ਹੈ ਪਰ ਉਹ ਇਜਾਜ਼ਤ ਨਹੀਂ ਦੇਂਦਾ।
ਨਵਜੋਤ ਦੀ ਪੜ੍ਹਾਈ ਤੇ ਕੈਨੇਡੀਅਨ ਜੀਵਨ ਪ੍ਰਣਾਲੀ ਵਿਅਕਤੀ ਨੂੰ ਉਚਤਮ ਮੰਨਦੀ ਤੇ ਦ੍ਰਿੜਾਉਂਦੀ ਹੈ। ਪੰਛੀਆਂ ਵਾਂਗ ਖੁਲ੍ਹਾ ਉਡਣ ਦਾ ਹੱਕ ਦੇਂਦੀ ਹੈ। ਡੈਡੀ ਦੀ ਸਖਤੀ ਕਾਰਨ ਉਹ ਆਪਣੇ ਆਪ ਨੂੰ ਪਿੰਜਰੇ ‘ਚ ਕੈਦ ਹੋਈ ਸਮਝਦੀ ਹੈ। ਉਹ ਇਹ ਸੋਚ ਕੇ ਹੈਰਾਨ ਹੋ ਰਹੀ ਹੈ ਕਿ ਉਸਨੂੰ ਜ਼ਿੰਦਗੀ ਦੀ ਭਰਪੂਰਤਾ ਨੂੰ ਵੇਖਣ ਸਮਝਣ ਦੇ ਮੌਕਿਆਂ ਤੋਂ ਵਾਂਝਿਆ ਕਿਉਂ ਰੱਖਿਆ ਜਾ ਰਿਹਾ ਹੈ। ਡੈਡ ਦੀਆਂ ਕੈਨੇਡਾ ਆ ਕੇ ਆਪਣੀ ਕਰੜੀ ਮਿਹਨਤ ਦੀਆਂ ਮੁੜ ਮੁੜ ਦੁਹਰਾਈਆਂ ਗੱਲਾਂ ਉਸਨੂੰ ਬੋਰ ਕਰਨ ਲੱਗ ਜਾਂਦੀਆਂ ਹਨ। ਉਸਦਾ ਜੀਅ ਕਰਦਾ ਹੈ ਕਿ ਡੈਡ ਨੂੰ ਪੁੱਛੇ ਕਿ ਉਸਦੀ ਜੱਦੋ ਜਹਿਦ ਦਾ ਮਨੋਰਥ ਕੀ ਇਹ ਸੀ ਕਿ ਉਹ ਆਪਣੀ ਔਲਾਦ ਨੂੰ ਡੱਬੀ ‘ਚ ਬੰਦ ਕਰਕੇ ਰੱਖੇ।
ਇਕ ਵੇਰਾਂ ‘ਮਦਰਜ਼ ਡੇਅ’ ‘ਤੇ ਉਹ ਤੇ ਹਰਜੋਤ ਮੌਮ ਨੂੰ ਚਾਅ ਤੇ ਮੋਹ ਨਾਲ਼ ਕਾਰਡ ਦੇਂਦੀਆਂ ਹਨ। ਦੋਨਾਂ ਧੀਆਂ ਨੂੰ ਜੱਫੀ ‘ਚ ਲੈ ਕੇ ਮੌਮ ਅਸੀਸ ਦੇਂਦੀ ਹੈ, “ਜਿਉਂਦੀਆਂ ਰਵ੍ਹੋ, ਖੂਬ ਪੜ੍ਹੋ ਤਾਂ ਕਿ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋ ਸਕੋ।” ਜਵਾਬ ਵਿਚ ਨਵਜੋਤ ਅੰਦਰਲੀ ਝੁੰਜਲਾਹਟ ਫੁੱਟ ਨਿਕਲ਼ਦੀ ਹੈ, “ਓ ਨੋ ਮੌਮ, ਕਿੱਦਾਂ ਖੜ੍ਹ ਹੋ ਜੇ ਗਾ। ਸਾਡੇ ਪੈਰ ਤਾਂ ਡੈਡ ਨੇ ਆਪਣੇ ਪੈਰਾਂ ਨਾਲ਼ ਬੰਨ੍ਹੇ ਹੋਏ ਆ।”
ਇਸ ਕਹਾਣੀ ਸਮੇਤ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਮੈਂ ਇਹ ਦਰਸਾਇਆ ਹੈ ਕਿ ਸਿਹਤਵੰਦ ਸਮਾਜ ਦੀ ਸਿਰਜਣਾ ਵਾਸਤੇ ਨਾ ਤਾਂ ਪੂਰਬ ਦਾ ਵਿਅਕਤੀਵਾਦ ਵਿਰੋਧੀ ਕੱਟੜ ਰਵੱਈਆ ਸਹੀ ਹੈ ਤੇ ਨਾ ਹੀ ਪੱਛਮ ਦਾ ਬੇਮੁਹਾਰੀਆਂ ਖੁੱਲ੍ਹਾਂ ਵਾਲ਼ਾ ਵਿਅਕਤੀਵਾਦੀ ਰਵੱਈਆ। ਲੋੜ ਹਾਂ ਮੁਖੀ ਸੰਤੁਲਨ ਲੱਭਣ ਦੀ ਹੈ। ਸੈਮੀਨਾਰਾਂ ਵਿਚੋਂ ਮੈਨੂੰ ਉਪਰੋਕਤ ਕਹਾਣੀਆਂ ਦਾ ਕੱਚਾ ਮਾਲ ਤਾਂ ਮਿਲ਼ ਗਿਆ ਸੀ ਪਰ ਕਹਾਣੀਆਂ ਵਿਚਲੇ ਕੈਨੇਡਾ ਦੇ ਜੰਮਪਲ਼ ਟੀਨਏਜਰਾਂ ਦੀ ਗੱਲ ਬਾਤ ਦੇ ਅੰਦਾਜ਼ ਬਾਰੇ ਭਰਵੀਂ ਜਾਣਕਾਰੀ ਨਹੀਂ ਸੀ। ਉਹ ਮੈਂ ਕਾਂਊਂਸਲਰ (ਹੁਣ ਵੱਡਾ ਅਫਸਰ) ਬਲਦੇਵ ਮੁੱਟਾ ਤੋਂ ਹਾਸਲ ਕੀਤੀ। ਅਸੀਂ ਇਹ ਜਾਣਦੇ ਸਾਂ ਕਿ ਸੈਮੀਨਾਰਾਂ ਦੇ ਅਸਰ ਹੇਠ ਸਾਰੇ ਪਰਿਵਾਰਾਂ ਦੇ ਘਰਾਂ ਦਾ ਮਾਹੌਲ ਠੀਕ ਹੋ ਜਾਣਾ ਸੰਭਵ ਨਹੀਂ। ਸਾਡੀ ਕੋਸ਼ਿਸ਼ ਇਸ ਸਮੱਸਿਆ ਪ੍ਰਤੀ ਚੇਤਨਾ ਪੈਦਾ ਕਰਨ ਦੀ ਸੀ। ਕੋਸ਼ਿਸ਼ ਸਫਲ ਰਹੀ।
‘ਦੋ ਟਾਪੂ’ ਕਥਾ ਸੰਗ੍ਰਹਿ ਵਿਚ ਉਪਰੋਕਤ ਤਿੰਨ ਕਹਾਣੀਆਂ ਤੋਂ ਇਲਾਵਾ ‘ਪਛਾਣ’, ‘ਪੰਧ ਕਥਾ’ ਤੇ ‘ਪਰਛਾਵੇਂ’ ਕਹਾਣੀਆਂ ਵੀ ਸ਼ਾਮਲ ਹਨ। ਇਨ੍ਹਾਂ ਕਹਾਣੀਆਂ ਨੂੰ ਮੈਂ ਵਾਰ ਵਾਰ ਸੋਧਿਆ। ਇਹ ਕਹਾਣੀਆਂ ‘ਸਿਰਜਣਾ’ ਤੇ ‘ਸਮਦਰਸ਼ੀ’ ਪਰਚਿਆਂ ਵਿਚ ਛਪੀਆਂ। ਪਰਚਿਆਂ ਵਿਚ ਛਪਣ ਤੋਂ ਬਾਅਦ ਵੀ ਮੈਂ ਸੋਧਾਂ ਕਰਦਾ ਰਿਹਾ।
ਇਨ੍ਹਾਂ ਕਹਾਣੀਆਂ ਬਾਰੇ ਮੇਰੇ ਦੋਸਤ ਕਿਰਪਾਲ ਸਿੰਘ ਪੰਨੂੰ ਵੱਲੋਂ ਮਿਲ਼ੇ ਕੁਝ ਸੁਝਾਉ ਮੈਨੂੰ ਠੀਕ ਜਾਪੇ। ਕਹਾਣੀਆਂ ਨੂੰ ਨੀਝ ਨਾਲ਼ ਟਾਈਪ ਕਰਕੇ ਕਿਤਾਬ ‘ਦੋ ਟਾਪੂ’ ਦਾ ਢਾਂਚਾ ਵੀ ਕੰਪਿਊਟਰ ਦੇ ਵਿਸ਼ੇਸ਼ਗ ਪੰਨੂੰ ਨੇ ਹੀ ਤਿਆਰ ਕੀਤਾ।ਕਿਤਾਬ 1999 ‘ਚ ਛਪੀ। ਛਪਦਿਆਂ ਸਾਰ ਹੀ ਚਰਚਾ ਸ਼ੁਰੂ ਹੋ ਗਈ…। ਕਈ ਪਰਚਿਆਂ ਤੇ ਅਖਬਾਰਾਂ ਵਿਚ ਪ੍ਰਸ਼ੰਸਾ ਮੁਖੀ ਰੀਵੀਊ ਛਪੇ।
(ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …