ਜਰਨੈਲ ਸਿੰਘ
(ਕਿਸ਼ਤ 9ਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਚਿੱਠੀਆਂ ਲਿਖਣ ਲਈ ਵੀ ਟਾਈਮ ਵੀਕਐਂਡਾਂ ‘ਤੇ ਹੀ ਮਿਲ਼ਦਾ ਸੀ। ਆਦਮਪੁਰੋਂ ਆਉਂਦੇ ਲਿਫਾਫੇ ਵਿਚ ਤਿੰਨ ਚਿੱਠੀਆਂ ਹੁੰਦੀਆਂ ਸਨ, ਪਤਨੀ ਤੇ ਦੋਨਾਂ ਬੱਚਿਆਂ ਦੀਆਂ। ਮੈਂ ਵੀ ਤਿੰਨਾਂ ਨੂੰ ਲਿਖਦਾ ਸਾਂ। ਛੋਟਾ ਬੇਟਾ ਅਮਰਪ੍ਰੀਤ ਵੀ ਬਾਰਾਂ ਗਰੇਡ ਕਰ ਕੇ ਸਰਕਾਰੀ ਕਾਲਜ ਹੁਸ਼ਿਆਰਪੁਰ ‘ਚ ਦਾਖਲ ਹੋ ਚੁੱਕਾ ਸੀ। ਦੋਨਾਂ ਨੂੰ ਦਿਲ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਦਾ ਸਾਂ। ਬੀਬੀ ਅਤੇ ਭਰਾਵਾਂ ਨੂੰ ਵੀ ਚਿੱਠੀ ਲਿਖਦਾ ਸਾਂ।
ਕਿਸੇ ਕਿਸੇ ਵੀਕਐਂਡ ‘ਤੇ ਰਣਜੀਤ, ਜਸਪਾਲ ਜਾਂ ਸੁਰਿੰਦਰਪਾਲ ਵੱਲ ਚਲਾ ਜਾਂਦਾ। ਚੰਗੇਰੇ ਭਵਿੱਖ ਦੀ ਆਸ ਵਿਚ ਜ਼ਿੰਦਗੀ ਚੱਲੀ ਜਾ ਰਹੀ ਸੀ ਪਰ ਪਰਿਵਾਰਕ ਦੂਰੀ ਕਦੀ ਕਦੀ ਉਦਾਸ ਕਰ ਦੇਂਦੀ। ਪਰਿਵਾਰ ਨੂੰ ਤਾਂ ਮਿੱਸ ਕਰਦਾ ਸਾਂ ਪਰ ਭੂਹੇਰਵਾ ਨਹੀਂ ਸੀ। ਮੇਰੀ ਜਾਚੇ ਭੂਹੇਰਵੇ ਦਾ ਸ਼ਿਕਾਰ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੀ ਭਾਰਤ ਵਿਚਲੀ ਜ਼ਿੰਦਗੀ ਆਪਣੇ ਸੂਬੇ ਤੱਕ ਹੀ ਸੀਮਤ ਹੁੰਦੀ ਹੈ। ਮੈਂ ਏਅਰਫੋਰਸ ਦੀ ਸਰਵਿਸ ਦੌਰਾਨ ਭਾਰਤ ਦੇ ਅਨੇਕਾਂ ਸਥਾਨ ਗਾਹੇ ਹੋਏ ਸਨ। ਅੰਗ੍ਰੇਜ਼ੀ ਸਾਹਿਤ ਪੜ੍ਹਿਆ ਹੋਣ ਕਰਕੇ ਗੋਰਿਆਂ ਬਾਰੇ ਕੁਝ ਪਤਾ ਵੀ ਸੀ। ਸੋ ਮੇਰੇ ਅੰਦਰ ਅਜ਼ਨਬੀਅਤ ਦਾ ਅਹਿਸਾਸ ਨਹੀਂ ਸੀ। ਮੈਂ ਤਾਂ ਸਗੋਂ ਕੈਨੇਡੀਅਨ ਸਿਸਟਮ ਤੇ ਜੀਵਨ ਵਰਤਾਰਿਆਂ ਨੂੰ ਗਹੁ ਨਾਲ਼ ਵੇਖ ਰਿਹਾ ਸਾਂ, ਘੋਖ ਰਿਹਾ ਸਾਂ। ਮੁਖਧਾਰਾ ਦੇ ਲੋਕਾਂ ਨਾਲ਼ ਗੱਲ ਬਾਤ ਕਰਨ ਲਈ ਭਾਸ਼ਾ ਦੀ ਕੋਈ ਪ੍ਰਾਬਲਮ ਨਹੀਂ ਸੀ। ਅਮਰੀਕਨ ਅੰਗ੍ਰੇਜ਼ੀ ਦੇ ਪ੍ਰਭਾਵ ਵਾਲ਼ੀ ਕੈਨੇਡੀਅਨ ਅੰਗ੍ਰੇਜ਼ੀ ਦੇ ਸ਼ਬਦ ਸ਼ੁਰੂ ‘ਚ ਅਜ਼ੀਬ ਲਗੇ ਸਨ ਪਰ ਛੇਤੀ ਜ਼ਬਾਨ ‘ਤੇ ਚੜ੍ਹ ਗਏ ਸਨ। ਪਾਠਕਾਂ ਦੀ ਜਾਣਕਾਰੀ ਲਈ ਕੁਝ ਸ਼ਬਦ ਬਿਜਲੀ: ਹਾਈਡਰੋ, ਟਾਰਚ: ਫਲੈਸ਼ਲਾਈਟ, ਸੈੱਲ: ਬੈਟਰੀ, ਬੱਚੇ: ਕਿੱਡਜ਼, ਨੌਕਰੀ ਦੇਣੀ: ਹਾਇਰ ਕਰਨਾ, ਨੌਕਰੀ ਤੋਂ ਬਰਖਾਸਤ: ਫਾਇਰ ਕਰਨਾ, ਬਿਸਕੁਟ: ਕੁੱਕੀ, ਟੌਫੀ: ਕੈਂਡੀ, ਕੱਪੜੇ ਧੋਣਾ: ਲਾਂਡਰੀ ਕਰਨਾ, ਨਾਰਾਜ਼ ਹੋਣਾ: ਮੈਡ ਹੋਣਾ, ਆਦਿ।
ਕੁਝ ਸ਼ਬਦਾਂ ਦੇ ਉਚਾਰਣ ਵਿਚ ਵੀ ਫ਼ਰਕ ਹੈ ਜਿਵੇਂ ਸ਼ਡਿਊਲ: ਸ਼ਕੈਜੁਅਲ, ਇਨਵੈਂਟਰੀ: ਇਨਵੈਂਟੋਰੀ ਆਦਿ।
ਇਕ ਵੀਕਐਂਡ ‘ਤੇ ਬਿਲਡਿੰਗ ਵਿਚ ਚੋਰੀ ਦੀ ਘਟਨਾ ਵਾਪਰ ਗਈ। ਮੈਂ ‘ਆਫ’ ਤੇ ਸਾਂ। ਮੇਰੀ ਸ਼ਿਫਟ ਪਾਰਟ ਟਾਈਮਰ ਕਮਿਸ਼ਨੇਅਰ ਕਰ ਰਿਹਾ ਸੀ। ਇਕ ਵਿਅਕਤੀ ਸਕਿਉਰਟੀ ਟੇਬਲ ‘ਤੇ ਆ ਕੇ ਉਸਨੂੰ ਕਹਿਣ ਲੱਗਾ ਕਿ ਉਸਨੇ ਸਟੂਡੀਓ ‘ਚ ਕੁਝ ਕੁਰਸੀਆਂ ਸਪਲਾਈ ਕੀਤੀਆਂ ਸਨ। ਉਨ੍ਹਾਂ ਦੀ ਕੀਮਤ ਦਾ ਚੈੱਕ ‘ਪਿਕ ਅੱਪ’ ਕਰਨ ਲਈ ਉਹ ਤੀਜੀ ਮੰਜਲ ‘ਤੇ ਜਾ ਰਿਹਾ ਏ।
ਜਦੋਂ ਕਮਿਸ਼ਨੇਅਰ ਪਾਸ ਬਣਾਉਣ ਲੱਗਾ ਤਾਂ ਉਸਨੇ ਕਿਹਾ, “ਪਾਸ ਦੀ ਕੀ ਲੋੜ ਏ ਮੈਂ ਬੱਸ ਗਿਆ ਤੇ ਆਇਆ।” ਕਮਿਸ਼ਨੇਅਰ ਨੇ ਉਸ ‘ਤੇ ਯਕੀਨ ਕਰ ਲਿਆ। ਪਰ ਇਹ ਉਸਦੀ ਕੁਤਾਹੀ ਸੀ। ਨਿਯਮਾਂ ਮੁਤਾਬਿਕ ਪਾਸ ਹਰ ਇਕ ਦਾ ਬਣਾਉਣਾ ਹੁੰਦਾ ਸੀ, ਭਾਵੇਂ ਕੋਈ ਪੰਜ ਮਿੰਟ ਲਈ ਆਵੇ।
ਵੀਕਐਂਡ ਹੋਣ ਕਰਕੇ ਕਰਮਚਾਰੀ ਘੱਟ ਸਨ। ਉਨ੍ਹਾਂ ਵਿਚੋਂ ਵੀ ਕਈ ਲੰਚ ਵਾਸਤੇ ਬਾਹਰ ਗਏ ਹੋਏ ਸਨ। ਕੋਨੇ ਦੀ ਕੈਬਿਨ ਵਾਲ਼ੀ ਅਸਿਸਟੈਂਟ ਪ੍ਰੋਡਿਊਸਰ ਸਿੰਡੀ ਵਾਕਰ ਵੀ ਲੰਚ ‘ਤੇ ਸੀ। ਉਸਦਾ ਪਰਸ ਟੇਬਲ ‘ਤੇ ਪਿਆ ਸੀ। ਚੋਰ ਨੇ ਆਸੇ ਪਾਸੇ ਦੇਖ ਕੇ ਪਰਸ ਚੁੱਕ ਕੇ ਓਵਰਕੋਟ ਥੱਲੇ ਲੁਕਾ ਲਿਆ ਤੇ ਕਾਹਲੇ ਕਦਮੀਂ ਬਾਹਰ ਨਿਕਲ਼ ਗਿਆ।
ਲੰਚ ਤੋਂ ਮੁੜ ਕੇ ਸਿੰਡੀ ਨੇ ਦੇਖਿਆ, ਉਸਦਾ ਪਰਸ ਗਾਇਬ ਸੀ। ਚੰਗੀ ਗੱਲ ਇਹ ਹੋਈ ਕਿ ਪਰਸ ਵਿਚਕੁਝ ਡਾਲਰ ਤੇ ਮੇਕ ਅੱਪ ਦਾ ਸਾਮਾਨ ਹੀ ਸੀ। ਆਈ.ਡੀ, ਵੀਜ਼ਾ ਕਾਰਡ, ਬੈਂਕ ਕਾਰਡ ਉਸਦੇ ਕੋਲ਼ ਸਨ। ਪਰ ਬਿਲਡਿੰਗ ਵਿਚੋਂ ਪਰਸ ਗੁੰਮ ਹੋਣਾ ਗੰਭੀਰ ਘਟਨਾ ਸੀ। ਸਾਥੀ ਕਰਮਚਾਰੀਆਂ ‘ਤੇ ਕੋਈ ਸ਼ੱਕ ਸੰਦੇਹ ਨਹੀਂ ਸੀ। ਵਿਜ਼ਿਟਰਾਂ ਬਾਰੇ ਜਾਣਨ ਲਈ ਪਾਸ ਚੈੱਕ ਕੀਤੇ ਗਏ। ਉਸ ਟਾਈਮ ਦੌਰਾਨ ਬਿਲਡਿੰਗ ਵਿਚ ਕੋਈ ਵਿਜ਼ਿਟਰ ਨਹੀਂ ਸੀ। ਕਮਿਸ਼ਨੇਅਰ ਸ਼ਾਇਦ ਲੁਕੋਅ ਰੱਖ ਜਾਂਦਾ ਪਰ ਇਕ ਕਰਮਚਾਰੀ ਨੇ ਬਿਨਾਂ-ਪਾਸ ਅਜ਼ਨਬੀ ਬੰਦੇ ਨੂੰ ਪੌੜੀਆਂ ਉੱਤਰਦੇ ਦੇਖ ਲਿਆ ਹੋਇਆ ਸੀ… ਕਮਿਸ਼ਨੇਅਰ ਨੇ ਕੁਤਾਹੀ ਸਵੀਕਾਰ ਕਰ ਲਈ ਤੇ ‘ਇਨਸੀਡੈਂਟ ਰਿਪੋਰਟ’ ਲਿਖ ਕੇ ਡਿਟੈਚਮੈਂਟ ਕਮਾਂਡਰ ਨੂੰ ਭੇਜ ਦਿੱਤੀ। ਉਸਨੇ ਅਗਾਂਹ ਕੋਰ ਹੈਡਕੁਆਟਰ ਨੂੰ ਤੋਰ ਦਿੱਤੀ, ਨਾਲ਼ ਲਿਖ ਦਿੱਤਾ ਕਿ ਸਖਤ ਐਕਸ਼ਨ ਲਿਆ ਜਾਵੇ। ਕੋਰ ਨੇ ਪਾਰਟ ਟਾਈਮਰ ਕਮਿਸ਼ਨੇਅਰ ਨੂੰ ਫਾਇਰ ਕਰ ਦਿੱਤਾ।
ਸੋਮਵਾਰ ਮੈਂ ਜਿਸ ਕਮਿਸ਼ਨੇਅਰ ਤੋਂ ਡਿਊਟੀ ਸਾਂਭੀ ਉਸ ਤੋਂ ਘਟਨਾ ਬਾਰੇ ਸੰਖੇਪ ਜਾਣਕਾਰੀ ਮਿਲ਼ੀ। ਪਾਰਟ ਟਾਈਮਰ ਕਮਿਸ਼ਨੇਅਰ ਨੇ ਘਟਨਾ ‘ਲਾਗ ਬੁੱਕ’ ‘ਚ ਦਰਜ ਕੀਤੀ ਹੋਈ ਸੀ। ਉਸ ਵਿਚ ਉਸਨੇ ਚੋਰ ਦਾ ਹੁਲੀਆ ਜਿਵੇਂ ਉਸਦੇ ਰੰਗ, ਅੰਦਾਜ਼ਨ ਕੱਦ, ਭਾਰ ਤੇ ਓਵਰਕੋਟ ਦੇ ਰੰਗ ਬਾਰੇ ਲਿਖਿਆ ਹੋਇਆ ਸੀ।
ਪਹਿਲੇ ਨਿਯਮਾਂ ਅਨੁਸਾਰ ਕਮਿਸ਼ਨੇਅਰਾਂ ਨੂੰ ਖਾਸ ਵਿਜ਼ਿਟਰਾਂ ਬਾਰੇ ਹੀ ਅਗਾਊਂ ਸੂਚਿਤ ਕੀਤਾ ਜਾਂਦਾ ਸੀ ਪਰ ਉਪਰੋਕਤ ਘਟਨਾ ਤੋਂ ਬਾਅਦ ਹਰ ਵਿਜ਼ਿਟਰ ਬਾਰੇ ਅਗਾਊਂ ਸੂਚਨਾ ਦਿੱਤੀ ਜਾਣ ਲੱਗੀ।
ਪਹਿਲੀ ਘਟਨਾ ਤੋਂ ਮਹੀਨਾ ਕੁ ਬਾਅਦ ਮੇਰੀ ਡਿਊਟੀ ਦੌਰਾਨ ਇਕ ਵਿਅਕਤੀ ਨੇ ਆ ਕੇ ਕਿਹਾ ਕਿ ਕੁਝ ਦਿਨਾਂ ਬਾਅਦ ਉਸਦੀ ਇੰਟਰਵਿਊ ਰਿਕਾਰਡ ਹੋਣੀ ਏਂ। ਉਸ ਸੰਬੰਧੀ ਉਹ ਕੁਝ ਮੈਟਰ ਨਿਊਜ਼ ਡਿਪਾਰਟਮੈਂਟ ‘ਚ ਫੜਾਉਣ ਜਾ ਰਿਹਾ ਏ। ਅਗਲੇ ਦਿਨਾਂ ਵਿਚ ਇੰਟਰਵਿਊ ਲਈ ਆਉਣ ਵਾਲ਼ੇ ਵਿਜ਼ਿਟਰਾਂ ਦੀ ਸੂਚੀ ਵਾਲ਼ਾ ਕਾਗਜ਼ ਉਠਾਉਂਦਿਆਂ ਮੈਂ ਉਸਦਾ ਨਾਮ ਪੁੱਛਿਆ। ਨਾਮ ਦੱਸਣ ਦੀ ਬਜਾਏ ਉਹ ਜੈਕਟ ਦੀਆਂ ਜ਼ੇਬਾਂ ਵਿਚ ਹੱਥ ਮਾਰਨ ਲੱਗ ਪਿਆ ਤੇ ਕਹਿਣ ਲੱਗਾ ਕਿ ਮੈਟਰ ਵਾਲ਼ੇ ਪੇਪਰ ਤਾਂ ਉਹ ਘਰ ਹੀ ਭੁੱਲ ਆਇਆ ਸੀ। ਨਾਮ ਨਾ ਦੱਸਣ ਅਤੇ ਉਸਦੇ ਚਿਹਰੇ ‘ਤੇ ਘਬਰਾਹਟ ਦੇ ਚਿੰਨ੍ਹ ਦੇਖ ਕੇ ਮੈਨੂੰ ਸ਼ੱਕ ਪਈ। ਸ਼ਕਲ-ਸੂਰਤ ਤੋਂ ਉਹ ਟੀ.ਵੀ ‘ਤੇ ਪੇਸ਼ ਹੁੰਦੇ ਬੰਦਿਆਂ ਵਰਗਾ ਨਹੀਂ ਸੀ ਜਾਪਦਾ। ਮੇਰੇ ਦਿਮਾਗ ਵਿਚ ਚੋਰ ਦਾ ਹੁਲੀਆ ਉੱਭਰ ਪਿਆ। ਉਸਨੇ ਓਵਰਕੋਟ ਨਹੀਂ ਜੈਕਟ ਪਾਈ ਹੋਈ ਸੀ। ਪਰ ਰੰਗ ਅਤੇ ਕਦ-ਬੁੱਤ ਚੋਰ ਨਾਲ਼ ਮੇਲ਼ ਖਾਂਦੇ ਸਨ। ਉਹ ਕਹਿਣ ਲੱਗਾ ਕਿ ਉਹ ਕੱਲ੍ਹ ਆਏਗਾ। ਮੈਂ ਹੱਥ ਦੇ ਇਸ਼ਾਰੇ ਨਾਲ਼ ਉਸਨੂੰ ਰੋਕ ਲਿਆ। ਮੇਰਾ ਮੰਤਵ ਉਸਨੂੰ ਅਟਕਾਉਣਾ ਸੀ। ਕਿਸੇ ਨੂੰ ਹਿਰਾਸਤ ‘ਚ ਲੈਣ ਦਾ ਸਾਨੂੰ ਅਧਿਕਾਰ ਨਹੀਂ ਸੀ। ਹਮਦਰਦੀ ਦੇ ਰਉਂ ‘ਚ ਮੈਂ ਆਖਿਆ, “ਬੇਕਾਰ ਗੇੜੇ ਕਾਰਨ ਤੇਰਾ ਮੂਡ ਖਰਾਬ ਹੋ ਗਿਐ। ਦੋ ਕੁ ਮਿੰਟ ਅਟਕ। ਮੈਂ ਬਾਹਰ ਕੌਫੀ ਪੀਣ ਜਾ ਰਿਹਾਂ, ਆਪਾਂ ‘ਕੱਠੇ ਬਹਿ ਕੇ ਪੀਵਾਂਗੇ। ਏਥੇ ਕੰਮ ਕਰਨ ਲਈ ਮੈਂ ਇਕ ਹੋਰ ਕਮਿਸ਼ਨੇਅਰ ਨੂੰ ਫੋਨ ਕਰ ਰਿਹਾਂ।” ਫੋਨ ਉਠਾ ਕੇ ਮੈਂ ਸਹਿਜ ਨਾਲ਼ ਕੋਡ ਨੰਬਰ ਦਬਾ ਦਿੱਤਾ। ਕੋਡ ਰਾਹੀਂ ਮੈਂ ਲਾਗਲੀ ਬਿਲਡਿੰਗ ‘ਚ ਸਥਿਤ ‘ਸਕਿਉਰਟੀ ਕੰਟਰੋਲ ਰੂਮ’ ਨੂੰ ਦੱਸਿਆ ਕਿ ਮੇਰੀ ਪੋਸਟ ‘ਤੇ ਕੋਈ ਗੜਬੜ ਹੈ। ਸ਼ੱਕੀ ਬੰਦੇ ਨੂੰ ਮੈਂ ਬਾਹਰ ਪੈ ਰਹੀ ਬਰਫ ਬਾਰੇ ਗੱਲੀਂ ਲਾ ਲਿਆ।’ ਸਕਿਉਰਟੀ ਕੰਟਰੋਲ ਰੂਮ’ ਦੇ ਦੋ ਅਧਿਕਾਰੀ ਤੁਰੰਤ ਆ ਗਏ। “ਸ਼ੱਕੀ ਬੰਦਾ ਹੈ, ਪੜਤਾਲ ਕਰੋ।” ਮੈਂ ਆਖਿਆ। ਉਹ ਉਸਨੂੰ ਲੈ ਗਏ। ਮੈਂ ਇਨਸੀਡੈਂਟ ਰਿਪੋਰਟ ਲਿਖ ਕੇ ਡਿਟੈਚਮੈਂਟ ਕਮਾਂਡਰ ਨੂੰ ਭੇਜ ਦਿੱਤੀ।
ਅਗਲੇ ਦਿਨ ਪਤਾ ਲੱਗਾ ਕਿ ਉਹ ਡਰੱਗੀ ਕਿਸਮ ਦਾ ਚੋਰ ਸੀ। ਸੈਂਡੀ ਦਾ ਪਰਸ ਉਸਨੇ ਹੀ ਚੁਰਾਇਆ ਸੀ। ਕੁਝ ਹੋਰ ਬਿਲਡਿੰਗਾਂ ਵਿਚ ਵੀ ਉਸਨੇ ਚੋਰੀਆਂ ਕੀਤੀਆਂ ਸਨ। ਡਿਟੈਚਮੈਂਟ ਕਮਾਂਡਰ ਨੇ ਮੇਰੀ ਇਨਸੀਡੈਂਟ ਰਿਪੋਰਟ ਨਾਲ਼ ਚੋਰ ਬਾਰੇ ਇਹ ਤੱਥ ਵੀ ਕੰਪਨੀ ਹੈਡਕੁਆਟਰ ਪੁਚਾ ਦਿੱਤੇ।
ਐਗਜ਼ੈਂਪਲਰੀ ਪਰਫੌਰਮੈਂਸ ਐਵਾਰਡ
ਕੁਝ ਦਿਨਾਂ ਬਾਅਦ ਡਿਟੈਚਮੈਂਟ ਕਮਾਂਡਰ ਨੇ ਫੋਨ ‘ਤੇ ਮੈਨੂੰ ਮੁਬਾਰਕਾਂ ਦਿੱਤੀਆਂ। ਮੈਂ ਪੁੱਛਿਆ “ਕਾਹਦੀਆਂ?” ਕਹਿੰਦਾ, “ਕੋਰ ਹੈੱਡਕੁਆਟਰ ਨੇ ਤੈਨੂੰ Exemplary Performance Award ਦੇਣ ਦਾ ਫ਼ੈਸਲਾ ਕੀਤਾ ਹੈ।”
ਮੇਰੀ ਸੋਚ ਵਿਚ ਇੰਡੀਆ ‘ਚ ਕੀਤੀਆਂ ਜੌਬਾਂ ਦੀ ਕਾਰਗੁਜ਼ਾਰੀ ਘੁੰਮ ਗਈ। ਏਅਰ ਫੋਰਸ ਦੀ ਵਿਦਾਇਗੀ ਪਾਰਟੀ ਮੌਕੇ ਸਾਡੇ ਇੰਜਨੀਅਰਿੰਗ ਅਫਸਰ ਨੇ ਮੈਨੂੰ ‘Competent Technician, Intellectual and Trustworthy person’ ਦੇ ਸ਼ਬਦਾਂ ਨਾਲ਼ ਨਿਵਾਜਿਆ ਸੀ। ਬੈਂਕ ‘ਚ ਮੇਰਾ ਕੰਮ ਇਕ-ਭਾਂਤੀ ਨਹੀਂ ਸੀ। ਵੱਖ-ਵੱਖ ਤਰ੍ਹਾਂ ਦੇ ਕੰਮ ਮੈਂ ਨਿਪੁੰਨਤਾ ਨਾਲ਼ ਨਿਭਾਏ। ਮੇਰੀ ਜੌਬ ਦੌਰਾਨ ਤਿੰਨ ਜਨਰਲ ਮੈਨੇਜਰ ਬਦਲ ਕੇ ਆਏ। ਤਿੰਨੇ ਮੇਰੇ ਕੰਮ ਤੋਂ ਖੁਸ਼ ਸਨ।ਤੇ ਹੁਣ ਇਹ ਮਿਸਾਲੀ ਕੰਮ ਲਈ ਇਨਾਮ। ਗੱਲ ਸਿਰਫ ਜੌਬਾਂ ਦੀ ਹੀ ਨਹੀਂ, ਰਚਨਾਕਾਰੀ ਸਮੇਤ ਹਰ ਕੰਮ ਪੂਰੀ ਲਗਨ ਤੇ ਮਿਹਨਤ ਨਾਲ਼ ਕਰਦਾ ਹਾਂ। ਨਿਪੁੰਨਤਾ ਤੇ ਸੰਪੂਰਨਤਾ (Perfection) ਮੇਰੇ ਸੁਭਾਅ ‘ਚ ਸਮਾਈ ਹੋਈ ਏ।
ਕੋਰ ਹੈਡਕੁਆਟਰ ਤੋਂ ਹਰ ਮਹੀਨੇ ਛਪਦੇ ‘ਕੋਰ ਆਰਡਰਜ਼’ ਵਿਚ ਐਵਾਰਡ ਦੀ ਖ਼ਬਰ ਛਪ ਗਈ। ਕੋਰ ਅਤੇ ਸੀ.ਬੀ.ਸੀ ਦੇ ਕਰਮਚਾਰੀ ਮੇਰੇ ਕੰਮ ਨੂੰ ਪਹਿਲਾਂ ਹੀ ਪਸੰਦ ਕਰਦੇ ਸਨ। ਉਨ੍ਹਾਂ ਦੀ ਪਸੰਦ ਹੁਣ ਹੋਰ ਗੂੜ੍ਹੀ ਹੋ ਗਈ। ਕੋਰ ਦੀ ਸਲਾਨਾ ਪਾਰਟੀ ‘ਚ ਕਮਾਂਡੈਂਟ ਅਤੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਨੇ ਮੈਨੂੰ ਅਤੇ ਇਕ ਹੋਰ ਡਿਟੈਚਮੈਂਟ ਦੇ ਕਮਿਸ਼ਨੇਅਰ ਨੂੰ ਐਵਾਰਡ ਪ੍ਰਦਾਨ ਕੀਤੇ। ਉਸ ਪਾਰਟੀ ਵਿਚ ਦੂਜੀਆਂ ਡਿਟੈਚਮੈਂਟਾਂ ਦੇ ਭਾਰਤੀ ਮੂਲ ਦੇ ਕਮਿਸ਼ਨੇਅਰਾਂ ਨਾਲ਼ ਵੀ ਮੁਲਾਕਾਤ ਹੋਈ। ਉਨ੍ਹਾਂ ਵਿਚ ਬਹੁਤੇ ਉਚ ਅਹੁਦਿਆਂ ਦੇ ਸਾਬਕਾ ਅਫਸਰ ਸਨ ਕਰਨਲ ਰਾਣਾ, ਕਰਨਲ ਖਹਿਰਾ, ਕੋਰ ‘ਚ ਇਨਸਪੈਕਟਰ ਦੇ ਰੈਂਕ ਵਾਲ਼ਾ ਕਰਨਲ ਹਰਬੰਸ ਗਿੱਲ, ਕਰਨਲ ਗਰੇਵਾਲ ਜੋ ਵਾਰੰਟ ਅਫਸਰ ਦੇ ਰੈਂਕ ਨਾਲ਼ ਏਅਰਪੋਰਟ ਦੀ ਵੱਡੀ ਡਿਟੈਚਮੈਂਟ ਦੀ ਸੁਪਰਵਾਇਜ਼ਰੀ ਟੀਮ ‘ਚ ਸੀ, ਮੇਜਰ ਭਿੰਡਰ, ਮੇਜਰ ਅਮਰਜੀਤ ਸਾਥੀ ਟਿਵਾਣਾ (ਸਾਹਿਤਕਾਰ) ਮੇਜਰ ਬਲਦੇਵ ਸਿੰਘ ਗਿੱਲ, ਪੈਟੀ ਅਫਸਰ (ਨੇਵੀ) ਹਰਦੀਪ ਸਿੰਘ ਦਿਓਲ, ਸੂਬੇਦਾਰ ਗੁਰਦੇਵ ਸਿੰਘ ਡੇਲ। ਹੋਰ ਵੀ ਕਈ ਸਨ ਪਰ ਸਾਰਿਆਂ ਦੇ ਨਾਂ ਹੁਣ ਯਾਦ ਨਹੀਂ। ਪਾਕਿਸਤਾਨ ਦੇ ਸਾਬਕਾ ਫੌਜੀ ਅਫਸਰ ਵੀ ਸਨ ਵਿੰਗ ਕਮਾਂਡਰ (ਏਅਰ ਫੋਰਸ) ਖਾਨ, ਸੂਬੇਦਾਰ ਅਨਾਇਤ ਉਲਾ, ਕੈਪਟਨ ਅਹਿਮਦ, ਏਨੇ ਕੁ ਹੀ ਯਾਦ ਹਨ।
ਸਾਡੀ ਡਿਟੈਚਮੈਂਟ ਦਾ ਸਾਰਜੈਂਟ ਕਿਸੇ ਹੋਰ ਡਿਟੈਚਮੈਂਟ ਵਿਚ ਚਲਾ ਗਿਆ। ਉਸ ਪੋਸਟ ਵਾਸਤੇ ਡਿਟੈਚਮੈਂਟ ਕਮਾਂਡਰ ਲੈਰੀ ਹਾਈਨ ਨੇ ਕੋਰ ਹੈਡਕੁਆਟਰ ਨੂੰ ਦੋ ਨਾਂ ਭੇਜੇ, ਗੋਰੇ ਟੈਰੀ ਕੌਚਿੰਗ ਦਾ ਤੇ ਮੇਰਾ। ਟੈਰੀ ਮੈਥੋਂ ਸੀਨੀਅਰ ਸੀ। ਉਸਦੀ ਸਰਵਿਸ ਚਾਰ ਸਾਲ ਤੋਂ ਉੱਪਰ ਸੀ ਜਦੋਂ ਕਿ ਮੇਰੀ ਸਿਰਫ਼ ਡੇਢ ਸਾਲ। ਕੁਝ ਕਮਿਸ਼ਨੇਅਰਜ਼ ਟੈਰੀ ਤੋਂ ਵੀ ਸੀਨੀਅਰ ਸਨ ਪਰ ਪ੍ਰਮੋਸ਼ਨ ਵਾਸਤੇ ਸੀਨਿਓਰਟੀ ਨਹੀਂ, ਸਮਰੱਥਾ ਦੇਖੀ ਜਾਂਦੀ ਸੀ। ਟੈਰੀ ਦੀ ਸਰਵਿਸ ਬੁੱਕ ਵਿਚਇਕ ‘ਰੈੱਡ ਐਂਟਰੀ’ ਸੀ। ਉਹ ਰਾਤ ਦੀ ਸ਼ਿਫਟ ਦੌਰਾਨ ਸੁੱਤਾ ਹੋਇਆ ਫੜਿਆ ਗਿਆ ਸੀ। ਕਮਾਂਡੈਂਟ ਨੇ ਮੈਨੂੰ ਸਾਰਜੈਂਟ ਦੀ ਪ੍ਰਮੋਸ਼ਨ ਦੇ ਦਿੱਤੀ। ਖੁਸ਼ੀ ਦੇ ਨਾਲ਼ ਮੈਨੂੰ ਹੈਰਾਨੀ ਵੀ ਹੋਈ। ਏਨੀ ਛੇਤੀ ਸਾਰਜੈਂਟ ਬਣਨ ਦੀ ਗੱਲ ਮੇਰੇ ਚਿੱਤ-ਖਿਆਲ ਵੀ ਨਹੀਂ ਸੀ। ਲੈਰੀ ਨੂੰ ਆਖੀ “ਥੈਂਕ ਯੂ” ਮੇਰੇ ਧੁਰ ਅੰਦਰੋਂ ਨਿਕਲ਼ੀ ਸੀ। ਟੈਰੀ ਨੂੰ ਤਕਲੀਫ ਹੋਈ ਸੀ ਪਰ ਕਰ ਕੁਝ ਨਹੀਂ ਸੀ ਸਕਦਾ। ਲੈਰੀ ਵੱਲੋਂ ਘੂਰਨ ‘ਤੇ ਠੀਕ ਹੋ ਗਿਆ ਸੀ।
ਮੇਰੀ ਪੋਸਟ ਲੈਰੀ ਨਾਲ਼ 90 ਸੁਮੈੱਕ ਸਟਰੀਟ ‘ਤੇ ਸੀ। ਉਸਦੀ ਸ਼ਿਫਟ ਸਵੇਰੇ 7 ਤੋਂ 3 ਵਜੇ ਤੱਕ ਸੀ। ਮੇਰੀ 3 ਤੋਂ ਰਾਤ ਦੇ 11 ਵਜੇ ਤੱਕ। 11 ਤੋਂ ਸਵੇਰੇ 7 ਤੱਕ ਦੀ ਸ਼ਿਫਟ ਕਿਸੇ ਹੋਰ ਦੀ ਸੀ। ਪੰਜ ਮੰਜਲੀ ਬਿਲਡਿੰਗ ਦਾ ਮੁੱਖ ਦਵਾਰ ਲੌਬੀ ‘ਚ ਖੁੱਲ੍ਹਦਾ ਸੀ। ਲੌਬੀ ਦੇ ਸੱਜੇ ਪਾਸੇ ਪੌੜੀਆਂ ਤੇ ਖੱਬੇ ਪਾਸੇ ‘ਕਮਿਸ਼ਨੇਅਰ ਰੂਮ’ ਸੀ। ਵਿਚਾਲੇ ਦੋ ਐਲੀਵੇਟਰ ਸਨ। ਸਾਡੇ ਰੂਮ ਦੀ ਇਕ ਖਿੜਕੀ ਲੌਬੀ ‘ਚ ਖੁਲ੍ਹਦੀ ਸੀ। ਅਸੀਂ ਕਰਮਚਾਰੀਆਂ ਦੇ ਪਾਸ ਲੌਬੀ ‘ਚ ਖੜ੍ਹ ਕੇ ਚੈੱਕ ਕਰਦੇ ਸਾਂ। ਜਦੋਂ ਅਸੀਂ ਬਿਜ਼ੀ ਹੁੰਦੇ ਤਾਂ ਕਰਮਚਾਰੀ ਖਿੜਕੀ ਰਾਹੀਂ ਪਾਸ ਚੈੱਕ ਕਰਵਾ ਲੈਂਦੇ। ਮਰਦ ਕਰਮਚਾਰੀ ਜ਼ਿਆਦਾ ਸਨ, ਔਰਤਾਂ ਘੱਟ। ਦੂਜਾ ਦਰਵਾਜ਼ਾ ਬਿਲਡਿੰਗ ਦੀ ਸਾਈਡ ‘ਤੇ ਸੀ ਜੋ ਬੰਦ ਰਹਿੰਦਾ ਸੀ। ਸਿਰਫ਼ ਇਲੈਕਟ੍ਰਾਨਿਕ ਕਾਰਡ ਨਾਲ਼ ਹੀ ਖੁੱਲਦਾ ਸੀ। ਉਹ ਕਾਰਡ ਕੁਝ ਖਾਸ ਕਰਮਚਾਰੀਆਂ ਕੋਲ਼ ਹੀ ਸਨ। ਵਿਜ਼ਿਟਰ ਏਥੇ ਵੀ ਆਉਂਦੇ ਸਨ ਪਰ ਘੱਟ। ਪਾਸ ਸਿਸਟਮ ਕਾਰਲਟਨ ਬਿਲਡਿੰਗ ਵਾਲ਼ਾ ਹੀ ਸੀ।
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …