ਜਰਨੈਲ ਸਿੰਘ
(ਕਿਸ਼ਤ 15ਵੀਂ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਹਰਪ੍ਰੀਤ ਤੇ ਅਮਰਪ੍ਰੀਤ ਹਿੰਮਤੀ ਹਨ। ਬੇਕਾਰ ਬੈਠਣ ਦੀ ਬਜਾਇ ਹਰਪ੍ਰੀਤ ਨੇ ਟਰੱਕ ਡਰਾਈਵਰ ਦੀ ਜੌਬ ਕਰ ਲਈ। ਢਾਈ ਕੁ ਸਾਲ ਬਾਅਦ ਇਕ ਟਰੱਕਿੰਗ ਕੰਪਨੀ ‘ਚ ਡਿਸਪੈਚਰ ਬਣ ਗਿਆ
ਮੇਰੇ ਇੰਡੀਆਂ ਤੋਂ ਪਰਤਣ ਦੇ ਡੇਢ ਮਹੀਨੇ ਬਾਅਦ ਫਰੈੱਡ ਕਰਨੇਗੀ ਨੇ ਰਿਟਾਇਰਮੈਂਟ ਲੈ ਲਈ। ਉਹ ਅਜੇ 65 ਸਾਲ ਦਾ ਤਾਂ ਨਹੀਂ ਸੀ ਹੋਇਆ ਪਰ ਗੋਡੇ ਦੀ ਖਰਾਬੀ ਕਾਰਨ ਤੁਰਨਾ ਫਿਰਨਾ ਕੁਝ ਮੁਸ਼ਕਲ ਹੋ ਗਿਆ ਸੀ। ਕੋਰ ਹੈੱਡਕੁਆਟਰ ਦੇ ਆਰਡਰਾਂ ਅਨੁਸਾਰ ਉਸਦੀ ਥਾਂ ‘ਤੇ ਮਾਸਟਰ ਵਾਰੰਟ ਅਫਸਰ ਸ਼ੈਰੀ ਮਾਈਲਜ਼ ਆ ਗਈ। 40 ਕੁ ਸਾਲ ਦੀ, ਗੁੰਦਵੇਂ ਸਰੀਰ ਵਾਲ਼ੀ ਸ਼ੈਰੀ ਸਮਾਰਟ ਔਰਤ ਸੀ। ਉਸ ਵਿਚ ਟੌਪ ਬਰਾਂਡ ਦੀਆਂ ਪੁਸ਼ਾਕਾਂ ਤੇ ਹੋਰ ਚੀਜ਼ਾਂ ਖ਼ਰੀਦਣ ਦੀ ਕਰੇਜ਼ ਸੀ। ਫੌਜ ਦੀ ਸਰਵਿਸ ਦੌਰਾਨ ਉਸਨੇ ਇਕ ਫੌਜੀ ਨਾਲ਼ ਵਿਆਹ ਕਰਵਾਇਆ ਸੀ। ਪਰ ਕੁਝ ਕੁ ਸਾਲਾਂ ਬਾਅਦ ਹੀ ਤਲਾਕ ਹੋ ਗਿਆ। ਹੁਣ ਉਹ ‘ਕਾਮਨ ਲਾਅ ਮੈਰਿਜ’ ਅਨੁਸਾਰ ਸ਼ੌਨ ਇਰਵਿੰਗ ਨਾਲ਼ ਰਹਿੰਦੀ ਸੀ। ‘ਕਾਮਨ ਲਾਅ ਮੈਰਿਜ’ ਸਰਕਾਰੀ ਕਾਗਜ਼ਾਂ ਵਿਚ ਰਜਿਸਟਰਡ ਨਹੀਂ ਹੁੰਦੀ। ਇਸਦੀ ਕੋਈ ਧਾਰਮਿਕ ਰਸਮ ਵੀ ਨਹੀਂ ਕੀਤੀ ਜਾਂਦੀ। ਸ਼ੈਰੀ ਦੀ ਕੋਈ ਔਲਾਦ ਨਹੀਂ ਸੀ। ਉਹ ਕਹਿੰਦੀ ਹੁੰਦੀ ਸੀ ਕਿ ਉਸ ਵਿਚ ਬੱਚੇ ਜੰਮਣ ਤੇ ਪਾਲਣ ਲਈ ਲੋੜੀਂਦਾ ਧੀਰਜ ਨਹੀਂ ਹੈ। ਉਸਦਾ ਸਾਥੀ ਸ਼ੌਨ ਮਜ਼ਾਕੀਆ ਸੁਭਾਅ ਵਾਲ਼ਾ ਹਾਜ਼ਰ ਜਵਾਬ ਬੰਦਾ ਸੀ। ਆਰਥਿਕ ਮੰਦਵਾੜੇ ਕਾਰਨ ਉਸਦੀ ਜੌਬ ਖੁਸ ਗਈ ਸੀ। ਵਿਹਲਾ ਸੀ। ਕਦੀ ਕਦੀ ਸਾਡੇ ਦਫ਼ਤਰ ਆ ਜਾਂਦਾ। ਉਹ ਟਿਕਾ ਟਿਕਾ ਕੇ ਗੱਲ ਕਰਦਾ ਸੀ ਜਿਸ ਕਰਕੇ ਉਸਦੀ ਅੰਗ੍ਰੇਜ਼ੀ ਬਹੁਤ ਸਪੱਸ਼ਟ ਸੀ। ਉਹ ਦੋਵੇਂ ਭਾਰਤੀ ਖਾਣਿਆਂ ਦੇ ਸ਼ੋਕੀਨ ਸਨ। ਮੈਂ ਉਨ੍ਹਾਂ ਨੂੰ ਆਪਣੇ ਘਰ ਸੱਦ ਕੇ ਪੰਜਾਬੀ ਸਟਾਈਲ ਡਿਨਰ ਕਰਵਾਇਆ। ਖਾਣੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਕੁਲਵੰਤ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
ਸ਼ੈਰੀ ਨੂੰ ਕਦੀ ਕਦੀ ਇੰਸਟਰਕਟਰ ਦੀ ਜੌਬ ਵੀ ਕਰਨੀ ਪੈਂਦੀ ਸੀ। ਮੁੱਖ ਇੰਸਟਰਕਟਰ ਕੈਪਟਨ ਗਰਿਫਥ ਨੂੰ ਜਦੋਂ ਲੋੜ ਹੁੰਦੀ ਉਹ ਉਸਨੂੰ ਸੱਦ ਲੈਂਦਾ। ਅਜਿਹੇ ਮੌਕਿਆ ‘ਤੇ ਡਿਟੈਚਮੈਂਟ ਨੂੰ ਠੀਕ ਤਰ੍ਹਾਂ ਚਲਾਈ ਰੱਖਣ ਦੀ ਮੇਰੀ ਯੋਗਤਾ ਤੋਂ ਸ਼ੈਰੀ ਵੀ ਖੁਸ਼ ਸੀ ਤੇ ਕੋਰ ਹੈਡਕੁਆਟਰ ਵੀ।
ਇਕ ਵੇਰਾਂ ਕੈਲਗਰੀ ‘ਚ ‘ਐਡਵਾਂਸਡ ਟਰੇਨਿੰਗ ਕੋਰਸ’ ਸੀ। ਗ੍ਰਿਫਥ ਤੇ ਸ਼ੈਰੀ ਦੋਨੋਂ ਗਏ। ਓਥੋਂ ਪਰਤ ਕੇ ਸ਼ੈਰੀ ਨੇ ਮੈਨੂੰ ਜੋ ਤਸਵੀਰਾਂ ਦਿਖਾਈਆਂ ਉਨ੍ਹਾਂ ਵਿਚ ਉਹ ਤੇ ਗਰਿਫਥ ਸਵਿਮਿੰਗ ਪੂਲ ‘ਤੇ ਸਨ। ਸ਼ੈਰੀ ਬਿਕਨੀ ‘ਚ ਸੀ। ਕੁਝ ਤਸਵੀਰਾਂ ਗਰਿਫਥ ਨਾਲ਼ ਤੇ ਕੁਝ ਉਸਦੀਆਂ ਇਕੱਲੀ ਦੀਆਂ। ਸ਼ੈਰੀ ਲਈ ਉਹ ਤਸਵੀਰਾਂ ਆਮ ਜਿਹੀਆਂ ਸਨ ਪਰ ਮੇਰੇ ਲਈ ਵਿਸ਼ੇਸ਼। ਸ਼ੈਰੀ ਦੇ ਗੋਰੇ ਗੁਲਾਬੀ ਗੁੰਦਵੇਂ ਜਿਸਮ ਦੀ ਖੂਬਸੂਰਤੀ ਡੁੱਲ੍ਹ ਡੁੱਲ੍ਹ ਪੈ ਰਹੀ ਸੀ। ਮੇਰਾ ਦਿਲ ਕਰਦਾ ਸੀ ਕਿ ਉਸਦੇ ਹੁਸਨ ਦੀ ਪ੍ਰਸ਼ੰਸਾ ਕਰਾਂ ਪਰ ਝਿਜਕ ਗਿਆ। ਸਿਰਫ਼ “ਨਾਈਸ ਪਿਕਚਰਜ਼” ਹੀ ਆਖ ਸਕਿਆ। ਪਰ ਬਾਅਦ ਵਿਚ ਪਛਤਾਵਾ ਲੱਗ ਗਿਆ ਕਿ ਮੈਨੂੰ ਝਿਜਕਣਾ ਨਹੀਂ ਸੀ ਚਾਹੀਦਾ। ਮੇਰੀ ਪ੍ਰਸ਼ੰਸਾ ਸੁਣ ਕੇ ਸ਼ੈਰੀ ਨੇ ਖੁਸ਼ ਹੋਣਾ ਸੀ। ਉਹ ਪਛਤਾਵਾ ਸਿਰਫ਼ ਸ਼ੈਰੀ ਨੂੰ ਖੁਸ਼ੀ ਨਾ ਦੇ ਸਕਣ ਦਾ ਹੀ ਨਹੀਂ, ਮੇਰਾ ਉਸ ਸੁਆਦ ਤੋਂ ਵਾਂਝਾ ਰਹਿ ਜਾਣ ਦਾ ਵੀ ਸੀ ਜੋ ਪ੍ਰਸ਼ੰਸਾ ਕਰਦਿਆਂ ਮੈਨੂੰ ਮਿਲਣਾ ਸੀ। ਮਰਦਾਂ ਦੀ ਫਿਤਰਤ ਹੈ ਇਹ, ਸਿਰਫ਼ ਭਾਰਤੀ ਮਰਦਾਂ ਦੀ ਹੀ ਨਹੀਂ ਗੋਰੇ ਮਰਦਾਂ ਦੀ ਵੀ।
ਆਪਣੀ ਡਿਟੈਚਮੈਂਟ ਦੇ ਕਮਿਸ਼ਨੇਅਰਾਂ ਦੀਆਂ ਪੇਅ ਰੋਲ ‘ਕੋਰ ਹੈੱਡਕੁਆਟਰ’ ਨੂੰ ਭੇਜਣ ਤੋਂ ਪਹਿਲਾਂ ਮਿਲਟਰੀ ਪੁਲਿਸ ਦੇ ਵਾਰੰਟ ਅਫਸਰ ਸਕਾਟ ਦੇ ਦਸਤਖਤ ਕਰਵਾਉਣੇ ਹੁੰਦੇ ਸਨ। ਇਕ ਦਿਨ ਜਦੋਂ ਮੈਂ ਉਸ ਕੋਲ਼ ਬੈਠਾ ਦਸਤਖਤ ਕਰਵਾ ਰਿਹਾ ਸਾਂ ਤਾਂ ਉਸਨੇ ਚਸਕਾ ਜਿਹਾ ਲੈਂਦਿਆਂ, ਵਰਦੀ ਵਿਚ ਸ਼ਬਾਬੀ ਨੁਹਾਰ ਭਰਦੀ ਸ਼ੈਰੀ ਦੀ ਛਾਤੀ ਦੀ ਪ੍ਰਸ਼ੰਸਾ ਕੀਤੀ ਸੀ। ਬੇਸ ਵਿਚ ਸਭ ਤੋਂ ਵੱਡੀ ਯੂਨਿਟ ਸਪਲਾਈ ਡਿੱਪੋ ਸੀ। ਡਿੱਪੋ ਵਿਚ ਮਿਲਟਰੀ, ਏਅਰਫੋਰਸ ਤੇ ਨੇਵੀ ਤਿੰਨਾਂ ਸੈਨਾਵਾਂ ਦੇ ਸੈਨਿਕ ਸਨ। ਤਿੰਨਾਂ ਸੈਨਾਵਾਂ ਵਿਚ ਕਾਫ਼ੀ ਔਰਤਾਂ ਵੀ ਸਨ। ਡਿੱਪੋ ਨੂੰ ਸਾਮਾਨ ਲੈ ਕੇ ਆਉਂਦੇ ਟੱਰਕਾਂ ਦੀ ‘ਲਾਗ ਬੁੱਕ’ ਦੀ ਇਕ ਕਾਪੀ ਮੈਂ ਲੈਫਟੀਨੈਂਟ ਡੱਮਿਟਰੀ ਆਰਟਿਨੋ ਨੂੰ ਦੇਣ ਜਾਂਦਾ ਹੁੰਦਾ ਸੀ। ਉਹ ਗਰੀਕੀ ਮੂਲ ਦਾ ਕੈਨੇਡੀਅਨ ਸੀ। ਉਸਦੇ ਸੈਕਸ਼ਨ ਦੇ ਸੈਨਿਕ ਕਦੀ ਕਦੀ ਭਾਰਤੀ ਰੈਸਟੋਰੈਂਟ ਤੋਂ ਸਮੋਸੇ ਲਿਆ ਕੇ ਖਾਂਦੇ ਸਨ। ਡੱਮਿਟਰੀ ਨੇ ਸਮੋਸਿਆਂ ਦੀ ਸਿਫਤ ਕਰਦਿਆਂ ਮੈਨੂੰ ਭਾਰਤੀ ਖਾਣਿਆਂ ਬਾਰੇ ਪੁੱਛਿਆ। ਉਹ ਸ਼ੈਰੀ ਦਾ ਪੁਰਾਣਾ ਜਾਣੂ ਸੀ। ਕਿਸੇ ਹੋਰ ਬੇਸ ਵਿਚ ਉਹ ਇਕੋ ਯੂਨਿਟ ‘ਚ ਹੁੰਦੇ ਸਨ। ਇਕ ਵੀਕ ਐਂਡ ‘ਤੇ ਮੈਂ ਦੋਨਾਂ ਨੂੰ ਭਾਰਤੀ ਰੈਸਟੋਰੈਂਟ ‘ਚ ਲੰਚ ਕਰਵਾਇਆ। ਦੋਵੇਂ ਬਹੁਤ ਖੁਸ਼ ਹੋਏ।
ਫਿਰ ਡਮਿਟਰੀ ਨੇ ਮੈਨੂੰ ਤੇ ਸ਼ੈਰੀ ਨੂੰ ‘ਆਫਿਸਰਜ਼ ਮੈੱਸ’ ਵਿਚ ਡਿਨਰ ਕਰਵਾਉਣ ਦਾ ਪ੍ਰੋਗਰਾਮ ਬਣਾ ਲਿਆ। ਉਸ ਮੈੱਸ ਵਿਚ ਅਫਸਰੀ ਅੰਦਾਜ਼ ਤਾਂ ਸੀ ਪਰ ਖਾਣਾ ਦੂਜੀਆਂ ਮੈੱਸਾਂ ਵਰਗਾ ਹੀ ਸੀ। ਐਡਵਾਂਸਡ ਟਰੇਨਿੰਗ ਕੋਰਸ’ ਦੌਰਾਨ ਮੈਂ ਲੰਡਨ ਦੇ ‘ਕੈਨੇਡੀਅਨ ਫੋਰਸਜ਼ ਬੇਸ’ ਵਿਚ ਸੀਨੀਅਰ ਨਾਨ ਕਮਿਸ਼ੰਡ ਆਫਿਸਰਜ਼ ਤੇ ਹੇਠਲੇ ਰੈਂਕਾਂ ਦੀਆਂ ਮੈੱਸਾਂ ਵਿਚ ਖਾਣਾ ਖਾਧਾ ਹੋਇਆ ਸੀ। ਹੁਣ ਆਫਿਸਰਜ਼ ਮੈੱਸ ਦਾ ਖਾਣਾ ਵੀ ਮੈਨੂੰ ਉਨ੍ਹਾਂ ਮੈੱਸਾਂ ਵਰਗਾ ਹੀ ਲੱਗਾ ਸੀ।ਬੇਸ ਵਿਚ ਮੈਂ ਦੇਖ ਰਿਹਾ ਸਾਂ ਕਿ ਕੈਨੇਡੀਅਨ ਫੌਜੀਆਂ ਵਿਚ ਭਾਰਤੀ ਫੌਜ ਵਾਲ਼ਾ ਬੇਲੋੜਾ ਡਸਿਪਲਿਨ ਨਹੀਂ ਸੀ। ਹੇਠਲੇ ਰੈਂਕਾਂ ਵਾਲ਼ੇ, ਅਫਸਰਾਂ ਨੂੰ ਦਿਨ ਵਿਚ, ਵਾਰ ਵਾਰ ਨਹੀਂ, ਇਕ ਵਾਰ ਹੀ ਸੈਲਿਊਟ ਕਰਦੇ ਸਨ। ਜੂਨੀਅਰ ਆਪਣੇ ਸੀਨੀਅਰਾਂ ਨੂੰ ‘ਸਰ’ ਕਹਿ ਕੇ ਨਹੀਂ ਉਸਦਾ ਪਹਿਲਾ ਨਾਂ ਲੈ ਕੇ ਗੱਲ ਕਰਦੇ ਸਨ।
(ਇਹ ਆਰਟੀਕਲ ਇਥੇ ਸਮਾਪਤ ਹੁੰਦਾ ਹੈ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …