-4.7 C
Toronto
Wednesday, December 3, 2025
spot_img
Homeਦੁਨੀਆਭਾਰਤ-ਚੀਨ ਗੱਲਬਾਤ ਨਾਲ ਸਬੰਧ ਹੋਣਗੇ ਮਜ਼ਬੂਤ : ਮੋਦੀ

ਭਾਰਤ-ਚੀਨ ਗੱਲਬਾਤ ਨਾਲ ਸਬੰਧ ਹੋਣਗੇ ਮਜ਼ਬੂਤ : ਮੋਦੀ

ਦੋਵਾਂ ਨੇਤਾਵਾਂ ਨੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਕੀਤੀ ਚਰਚਾ
ਕਿੰਗਦਾਓ/ਬਿਊਰੋ ਨਿਊਜ਼
ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਚੀਨ ਦੇ ਇਸ ਪੂਰਬੀ ਸਾਹਿਲੀ ਸ਼ਹਿਰ ਵਿੱਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨੀ ਸਦਰ ਸ਼ੀ ਜਿਨਪਿੰਗ ਨਾਲ ਵੱਖ-ਵੱਖ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ਉਤੇ ਵਿਸਥਾਰਤ ਗੱਲਬਾਤ ਕੀਤੀ। ਮੋਦੀ ਨੇ ਕਿਹਾ ਕਿ ਇਸ ਵਿਚਾਰ-ਵਟਾਂਦਰੇ ਨਾਲ ਵੂਹਾਨ ਵਿੱਚ ਹੋਏ ਗ਼ੈਰਰਸਮੀ ਸਿਖਰ ਸੰਮੇਲਨ ਤੋਂ ਬਾਅਦ ਦੋਵਾਂ ਮੁਲਕਾਂ ਦੀ ਦੋਸਤੀ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ੌਕਤ ਮੀਰਜ਼ੀਯੋਯੇਵ ਨਾਲ ਵੀ ਮੁਲਾਕਾਤ ਕੀਤੀ ਅਤੇ ਐਸਸੀਓ ਦੇ ਸਕੱਤਰ ਜਨਰਲ ਰਾਸ਼ਿਦ ਅਲੀਮੋਵ ਵੀ ਉਨ੍ਹਾਂ ਨੂੰ ਮਿਲੇ।
ਵੂਹਾਨ ਸਿਖਰ ਸੰਮੇਲਨ ਤੋਂ ਕਰੀਬ ਛੇ ਹਫ਼ਤੇ ਬਾਅਦ ਹੋਈ ਮੁਲਾਕਾਤ ਦੌਰਾਨ ਮੋਦੀ ਤੇ ਸ਼ੀ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹੇ ਕਰਨ ਸਬੰਧੀ ਖ਼ਾਕਾ ਉਲੀਕਿਆ ਅਤੇ ਨਾਲ ਹੀ ਉਨ੍ਹਾਂ ਵੂਹਾਨ ਵਿੱਚ ਲਏ ਗਏ ਫ਼ੈਸਲਿਆਂ ਨੂੰ ਲਾਗੂ ਕੀਤੇ ਜਾਣ ਦੇ ਅਮਲ ਦਾ ਜਾਇਜ਼ਾ ਲਿਆ। ਐਸਸੀਓ ਸਿਖਰ ਸੰਮੇਲਨ ਤੋਂ ਪਹਿਲਾਂ ਹੋਈ ਇਸ ਮੀਟਿੰਗ ਦੌਰਾਨ ਦੁਵੱਲੇ ਮਾਮਲਿਆਂ ਉਤੇ ਲੰਬੀ-ਚੌੜੀ ਚਰਚਾ ਕੀਤੀ ਗਈ, ਜਿਸ ਤੋਂ ਡੋਕਲਾਮ ਅਤੇ ਹੋਰ ਕਈ ਵਿਵਾਦਮਈ ਮੁੱਦਿਆਂ ਕਾਰਨ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਆਈ ਕੜਵਾਹਟ ਨੂੰ ਘਟਾਉਣ ਦੀ ਦੋਵਾਂ ਆਗੂਆਂ ਦੀ ਵਚਨਬੱਧਤਾ ਦਾ ਇਜ਼ਹਾਰ ਹੋਇਆ। ਇਸ ਮੌਕੇ ਮੋਦੀ ਨੇ ਸ਼ੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ, ਜੋ ਉਨ੍ਹਾਂ ਮਨਜ਼ੂਰ ਕਰ ਲਿਆ।
ਮੋਦੀ ਨੇ ਇਸ ਮੁਤੱਲਕ ਆਪਣੇ ਟਵੀਟ ਵਿੱਚ ਕਿਹਾ, ” ਇਸ ਸਾਲ ਦੇ ਐਸਸੀਓ ਮੇਜ਼ਬਾਨ ਰਾਸ਼ਟਰਪਤੀ ਸ਼ੀ ਨਾਲ ਮੁਲਾਕਾਤ ਹੋਈ। ਅਸੀਂ ਦੁਵੱਲੇ ਤੇ ਆਲਮੀ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਸਾਡੀ ਗੱਲਬਾਤ ਨਾਲ ਭਾਰਤ-ਚੀਨ ਦੋਸਤੀ ਨੂੰ ਹੋਰ ਬਲ ਮਿਲੇਗਾ।” ਸ਼ੀ ਨੇ ਵੀ ਵੂਹਾਨ ਵਿੱਚ ਉਨ੍ਹਾਂ ਤੇ ਮੋਦੀ ਦਰਮਿਆਨ ਹੋਏ ਸਫਲ ਗ਼ੈਰਰਸਮੀ ਸਿਖਰ ਸੰਮੇਲਨ ਅਤੇ ਇਸ ਦੌਰਾਨ ਕਈ ਅਹਿਮ ਸਹਿਮਤੀਆਂ ਬਣਨ ਦੇ ਘਟਨਾਕ੍ਰਮ ਨੂੰ ਚੇਤੇ ਕਰਦਿਆਂ ਕਿਹਾ ਕਿ ਉਸ ਮੀਟਿੰਗ ਦਾ ਨਾ ਸਿਰਫ਼ ਦੋਵਾਂ ਮੁਲਕਾਂ ਸਗੋਂ ਦੁਨੀਆ ਭਰ ਵਿੱਚ ਵਧੀਆ ਸੁਨੇਹਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਦਕਾ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਦੇ ਵਿਕਾਸ ਨੂੰ ਹੁਲਾਰਾ ਤੇ ਤਵੱਜੋ ਦੇਣ ਲਈ ਇਕ ਵਧੀਆ ਮਾਹੌਲ ਬਣ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਸ ਮੀਟਿੰਗ ਨੂੰ ‘ਨਿੱਘੀ’ ਅਤੇ ‘ਅਗਾਂਹਵਧੂ’ ਕਰਾਰ ਦਿੱਤਾ। ਇਸੇ ਤਰ੍ਹਾਂ ਭਾਰਤ ਵਿੱਚ ਚੀਨ ਦੇ ਰਾਜਦੂਤ ਲੂ ਜ਼ਾਓਹੂ ਨੇ ਕਿਹਾ ਕਿ ਦੋਵਾਂ ਆਗੂਆਂ ਨੇ ‘ਵੂਹਾਨ ਵਿਚਲੀਆਂ ਸਹਿਮਤੀਆਂ’ ਨੂੰ ਅਮਲ ਵਿੱਚ ਲਿਆਉਣ ਅਤੇ ਭਵਿੱਖ ਦੇ ਚੀਨੀ-ਭਾਰਤੀ ਰਿਸ਼ਤਿਆਂ ਦਾ ਖ਼ਾਕਾ ਉਲੀਕਣ ਵੱਲ ਤਵੱਜੋ ਦਿੱਤੀ।
ਐਸਸੀਓ ਦੇ ਸਕੱਤਰ ਜਨਰਲ ਰਾਸ਼ਿਦ ਅਲੀਮੋਵ ਨੇ ਵੀ ਮੋਦੀ ਨਾਲ ਮੀਟਿੰਗ ਕੀਤੀ।
ਭਾਰਤ ਨੂੰ ਬ੍ਰਹਮਪੁੱਤਰ ਦੇ ਪਾਣੀਆਂ ਬਾਰੇ ਜਾਣਕਾਰੀ ਦੇਵੇਗਾ ਚੀਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਸਦਰ ਸ਼ੀ ਜਿਨਪਿੰਗ ਦੀ ਮੁਲਾਕਾਤ ਤੋਂ ਬਾਅਦ ਦੋਵਾਂ ਮੁਲਕਾਂ ਦਰਮਿਆਨ ਦੋ ਅਹਿਮ ਸਮਝੌਤੇ ਸਹੀਬੰਦ ਕੀਤੇ ਗਏ। ਇਨ੍ਹਾਂ ਵਿੱਚੋਂ ਇਕ ਇਕਰਾਰਨਾਮੇ ਤਹਿਤ ਚੀਨ ਨੇ ਖ਼ਾਸਕਰ ਹੜ੍ਹਾਂ ਦੇ ਮੌਸਮ ਦੌਰਾਨ ਭਾਰਤ ਨੂੰ ਬ੍ਰਹਮਪੁੱਤਰ ਦਰਿਆ ਦੇ ਪਾਣੀਆਂ ਬਾਰੇ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਲਈ ਹਾਮੀ ਭਰੀ ਹੈ। ਗ਼ੌਰਤਲਬ ਹੈ ਕਿ ਪਿੱਛੇ ਜਿਹੇ ਚੀਨ ਨੇ ਅਜਿਹਾ ਕਰਨਾ ਬੰਦ ਕਰ ਦਿੱਤਾ ਸੀ।

RELATED ARTICLES
POPULAR POSTS