ਮੁਕਾਬਲੇ ਮਗਰੋਂ ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਵੀ ਬਰਾਮਦ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿੱਚ ਸ਼ਾਹਕੋਟ ਇਲਾਕੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਪੰਜ ਅੱਤਵਾਦੀ ਮਾਰੇ ਗਏ। ਇਨ੍ਹਾਂ ਕੋਲੋਂ ਦੋ ਮੋਟਰਸਾਈਕਲ, ਵੱਡੀ ਮਾਤਰਾ ਵਿੱਚ ਗੋਲੀ-ਸਿੱਕਾ ਅਤੇ ਸਾਹਿਤ ਵੀ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸਬੰਧਤ ਸਨ ਅਤੇ ਇਨ੍ਹਾਂ ਦਾ ਇਕ ਹੋਰ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਝੰਗਵੀ ਨਾਲ ਵੀ ਰਾਬਤਾ ਸੀ। ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ (ਸੀਟੀਡੀ) ਦੇ ਸੂਤਰਾਂ ਮੁਤਾਬਕ ਕੁੱਲ ਅੱਠ ਜਣੇ ਇਕ ਘਰ ਵਿੱਚ ਲੁਕੇ ਹੋਏ ਸਨ ਅਤੇ ਪੰਜਾਬ ਵਿੱਚ ਕਿਸੇ ਥਾਂ ਵਾਰਦਾਤ ਲਈ ਯੋਜਨਾ ਬਣਾ ਰਹੇ ਸਨ। ਘੇਰਾ ਪੈਣ ਪਿੱਛੋਂ ਇਨ੍ਹਾਂ ਨੇ ਸੁਰੱਖਿਆ ਮੁਲਾਜ਼ਮਾਂ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਪੰਜ ਜਣੇ ਮਾਰੇ ਗਏ ਅਤੇ ਤਿੰਨ ਭੱਜਣ ਵਿੱਚ ਕਾਮਯਾਬ ਹੋ ਗਏ। ਉਧਰ ਸਰਕਾਰ ਵੱਲੋਂ ਅੱਤਵਾਦੀਆਂ ਉਤੇ ਸ਼ਿਕੰਜਾ ਕਸੇ ਜਾਣ ਤੋਂ ਔਖੇ ਹੋਏ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਮੁਹੰਮਦ ਸਈਦ ਨੇ ਕਿਹਾ ਹੈ ਕਿ ਸਰਕਾਰ ਨੇ ਜਮਾਤ ਨਾਲ ਸਬੰਧਤ ਖ਼ਬਰਾਂ ਨਸ਼ਰ ਕਰਨ ਉਤੇ ਪਾਬੰਦੀ ਅਮਰੀਕਾ ਦੇ ਇਸ਼ਾਰੇ ਉਤੇ ਲਾਈ ਗਈ ਹੈ। ਨਵਾਜ਼ ਸ਼ਰੀਫ਼ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਹਾਫ਼ਿਜ਼ ਸਈਦ ਨੇ ਦਾਅਵਾ ਕੀਤਾ ਹੈ ਕਿ ਵਾਸ਼ਿੰਗਟਨ ਤੋਂ ਆਏ ਹੁਕਮਾਂ ਤੋਂ ਬਾਅਦ ਹੀ ਇਹ ਪਾਬੰਦੀ ਆਇਦ ਕੀਤੀ ਗਈ ਹੈ।
Check Also
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ’ਤੇ 90 ਦਿਨਾਂ ਲਈ ਲਗਾਈ ਰੋਕ
ਚੀਨ ’ਤੇ ਲੱਗੇ ਟੈਰਿਫ ਨੂੰ 104 ਫੀਸਦੀ ਤੋਂ ਵਧਾ ਕੇ 125 ਫੀਸਦੀ ਕੀਤਾ ਵਾਸ਼ਿੰਗਟਨ/ਬਿਊਰੋ ਨਿਊਜ਼ …