Breaking News
Home / ਦੁਨੀਆ / ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਭਾਰਤੀ ਮੂਲ ਦੇ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ

ਬਕਿੰਘਮ ਪੈਲੇਸ ‘ਚ ਸਮਰਾਟ ਚਾਰਲਸ ਨਾਲ ਕੀਤੀ ਮੁਲਾਕਾਤ, ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ
ਲੰਡਨ/ਬਿਊਰੋ ਨਿਊਜ਼ : ਕੰਸਰਵੇਟਿਵ ਪਾਰਟੀ ਦੇ ਨਵੇਂ ਆਗੂ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਸੂਨਕ ਨੇ ਬਰਤਾਨੀਆ ਦੇ ਸਮਰਾਟ ਚਾਰਲਸ 3 ਨਾਲ ਰਸਮੀ ਮੁਲਾਕਾਤ ਵੀ ਕੀਤੀ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਵਾਲੀ ਲਿਜ਼ ਟਰੱਸ ਨੇ ਬਕਿੰਘਮ ਪੈਲੇਸ ਜਾ ਕੇ ਆਪਣਾ ਅਸਤੀਫ਼ਾ ਸਮਰਾਟ ਨੂੰ ਸੌਂਪਣ ਤੋਂ ਪਹਿਲਾਂ 10 ਡਾਊਨਿੰਗ ਸਟਰੀਟ ਵਿੱਚ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਟਰੱਸ ਨੇ ਆਪਣੀ ਅਧਿਕਾਰਤ ਰਿਹਾਇਸ਼ ਦੇ ਬਾਹਰ ਆਖਰੀ ਸੰਬੋਧਨ ਵਿੱਚ ਸੂਨਕ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਅਹੁਦਾ ਸੰਭਾਲਣ ਤੋਂ ਫੌਰੀ ਮਗਰੋਂ ਸੂਨਕ ਨੇ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵੀ ਕੀਤੀਆਂ।
ਇਸ ਤੋਂ ਪਹਿਲਾਂ ਪੈਲੇਸ ‘ਚੋਂ ਟਰੱਸ ਦੀ ਰਵਾਨਗੀ ਮਗਰੋਂ ਸੂਨਕ ਉਥੇ ਪੁੱਜੇ ਤੇ ਉਨ੍ਹਾਂ ਸਮਰਾਟ ਨਾਲ ਮੁਲਾਕਾਤ ਕੀਤੀ। ਸਮਰਾਟ ਚਾਰਲਸ ਨੇ ਸੂਨਕ ਨੂੰ ਯੂਕੇ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਪਿਛਲੇ ਛੇ ਹਫ਼ਤਿਆਂ ਵਿੱਚ ਦੂਜੀ ਵਾਰ ਜਦੋਂ ਕਿ ਇਸ ਸਾਲ ਵਿੱਚ ਤੀਜਾ ਮੌਕਾ ਹੈ ਜਦੋਂ ਯੂਕੇ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। 42 ਸਾਲਾ ਸੂਨਕ ਟਰੱਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਸੂਨਕ, ਜੋ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਪਿਛਲੇ 210 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਹ ਦੇਸ਼ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਵੀ ਹਨ। ਸੂਨਕ ਨੇ ਸੋਮਵਾਰ ਨੂੰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਨੋਨੀਤ ਕੀਤੇ ਜਾਣ ਮਗਰੋਂ ਆਪਣੇ ਪਲੇਠੇ ਸੰਬੋਧਨ ਵਿੱਚ ਕਿਹਾ ਸੀ, ”ਯੂਕੇ ਮਹਾਨ ਦੇਸ਼ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਵੱਡੀ ਆਰਥਿਕ ਚੁਣੌਤੀ ਦਰਪੇਸ਼ ਹੈ। ਸਾਨੂੰ ਹੁਣ ਸਥਿਰਤਾ ਤੇ ਇਕਜੁੱਟਤਾ ਦੀ ਲੋੜ ਹੈ ਅਤੇ ਮੈਂ ਆਪਣੀ ਪਾਰਟੀ ਤੇ ਆਪਣੇ ਮੁਲਕ ਨੂੰ ਇਕਜੁੱਟ ਕਰਨ ਨੂੰ ਆਪਣੀ ਸਿਖਰਲੀ ਤਰਜੀਹ ਬਣਾਵਾਂਗਾ; ਕਿਉਂਕਿ ਇਹੀ ਇਕ ਤਰੀਕਾ ਹੈ, ਜਿਸ ਨਾਲ ਅਸੀਂ ਸਾਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਦੇ ਨਾਲ ਆਪਣੇ ਬੱਚਿਆਂ ਤੇ ਅੱਗੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਖ਼ੁਸ਼ਹਾਲ ਤੇ ਬਿਹਤਰ ਬਣਾ ਸਕਦੇ ਹਾਂ।”
ਦੀਵਾਲੀ ਮੌਕੇ ਸੂਨਕ ਦੀ ਜਿੱਤ ਯੂਕੇ ਵਿੱਚ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਲਈ ਵੀ ਖਾਸ ਹੈ, ਜਿਨ੍ਹਾਂ ਇਸ ਨੂੰ ਬਰਤਾਨਵੀ ਸਮਾਜ ਦੇ ਇਤਿਹਾਸ ਦਾ ‘ਇਤਿਹਾਸਕ ਪਲ’ ਕਰਾਰ ਦਿੱਤਾ ਹੈ। ਰਿਸ਼ੀ ਸੂਨਕ ਦਾ ਜਨਮ 1980 ਵਿੱਚ ਸਾਊਥੈਂਪਟਨ ਵਿੱਚ ਹੋਇਆ ਸੀ। ਪਹਿਲਾਂ ਜੌਹਨਸਨ ਤੇ ਫਿਰ ਟਰੱਸ ਵੱਲੋਂ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਮਗਰੋਂ ਭਾਰਤੀ ਮੂਲ ਦੇ ਸੂਨਕ ਇਸ ਦੌੜ ਵਿੱਚ ਮੋਹਰੀ ਸਨ।
ਲਿਜ਼ ਟਰੱਸ ਵੱਲੋਂ ਕੀਤੀਆਂ ਗਈਆਂ ਨੂੰ ਗ਼ਲਤੀਆਂ ਸੁਧਾਰਨ ਲਈ ਮੇਰੀ ਚੋਣ ਹੋਈ : ਸੂਨਕ
ਬਰਤਾਨੀਆ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਉਹ ਆਪਣੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਲਿਜ਼ ਟਰੱਸ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਲਈ ਹੀ ਚੁਣੇ ਗਏ ਹਨ। ਸੂਨਕ ਨੇ ਕਿਹਾ, ”ਇਰਾਦਾ ਚੰਗਾ ਸੀ ਜਾਂ ਮਾੜਾ, ਪਰ ਕੁਝ ਗਲਤੀਆਂ ਤਾਂ ਹੋਈਆਂ ਹਨ; ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਲਈ ਹੀ ਮੈਨੂੰ ਮੇਰੀ ਪਾਰਟੀ ਦਾ ਆਗੂ ਤੇ ਤੁਹਾਡਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।”
ਮੈਨੂੰ ਰਿਸ਼ੀ ‘ਤੇ ਮਾਣ ਹੈ: ਨਰਾਇਣ ਮੂਰਤੀ
ਨਵੀਂ ਦਿੱਲੀ : ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਤੇ ਆਪਣੇ ਜਵਾਈ ਰਿਸ਼ੀ ਸੂਨਕ ‘ਤੇ ਮਾਣ ਹੈ। ਮੂਰਤੀ ਨੇ ਕਿਹਾ, ”ਰਿਸ਼ੀ ਨੂੰ ਵਧਾਈਆਂ। ਸਾਨੂੰ ਉਸ ‘ਤੇ ਮਾਣ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਉਸ ਨੂੰ ਅੱਗੋਂ ਵੀ ਸਫ਼ਲਤਾ ਮਿਲੇ। ਸਾਨੂੰ ਪੂਰਾ ਯਕੀਨ ਹੈ ਕਿ ਉਹ ਯੂਨਾਈਟਿਡ ਕਿੰਗਡਮ ਦੇ ਲੋਕਾਂ ਲਈ ਆਪਣਾ ਸਭ ਤੋਂ ਬਿਹਤਰੀਨ ਦੇਵੇਗਾ।” ਫਾਰਮਾਸਿਸਟ ਮਾਂ ਡਾਕਟਰ ਪਿਤਾ ਦਾ ਪੁੱਤਰ ਸੂਨਕ ਇੰਗਲੈਂਡ ਦੇ ਮਕਬੂਲ ਸਕੂਲਾਂ ‘ਚੋਂ ਇਕ, ਵਿੰਚੈਸਟਰ ਵਿੱਚ ਪੜ੍ਹਿਆ ਤੇ ਮਗਰੋਂ ਆਕਸਫ਼ੋਰਡ ਗਿਆ। ਉਸ ਨੇ ਤਿੰਨ ਸਾਲ ਗੋਲਡਮੈਨ ਸੈਸ਼ਜ਼ ਗਰੁੱਪ ਇੰਕ. ਵਿੱਚ ਵੀ ਲਾਏ ਤੇ ਕੈਲੀਫੋਰਨੀਆ ਦੇ ਸਟੈਨਫੋਰਡ ਤੋਂ ਐੱਮਬੀਏ ਕੀਤੀ। ਇਥੇ ਪੜ੍ਹਦਿਆਂ ਹੀ ਸੂਨਕ ਦੀ ਮੁਲਾਕਾਤ ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਈ। ਦੋਵਾਂ ਨੇ 2009 ਵਿਚ ਵਿਆਹ ਕਰਵਾਇਆ ਤੇ ਇਸ ਜੋੜੀ ਦੇ ਦੋ ਧੀਆਂ ਕ੍ਰਿਸ਼ਨਾ ਤੇ ਅਨੁਸ਼ਕਾ ਹਨ।
ਮੋਦੀ, ਬਾਈਡਨ ਸਮੇਤ ਹੋਰ ਆਲਮੀ ਆਗੂਆਂ ਵਲੋਂ ਵਧਾਈ
ਰਿਸ਼ੀ ਸੂਨਕ ਦੇ ਪ੍ਰਧਾਨ ਮੰਤਰੀ ਬਣਨ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਨਾਲ ਵਿਸ਼ਵ ਦੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨ ਦਾ ਇਛੁੱਕ ਹਾਂ ਅਤੇ ਯੂ.ਕੇ.-ਭਾਰਤ ਵਿਚਕਾਰ ਹੋਏ ਖਾਕੇ 2030 ਦੇ ਸਮਝੌਤਿਆਂ ਨੂੰ ਅਮਲੀ ਰੂਪ ਦੇਣ ਲਈ ਵਚਨਬੱਧ ਹਾਂ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ। ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਰਿਸ਼ੀ ਸੁਨਕ ਨਾਲ ਕੰਮ ਕਰਕੇ ਖੁਸ਼ੀ ਹੋਵੇਗੀ। ਇਸ ਤੋਂ ਇਲਾਵਾ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਾਈਕਲ ਨੇ ਕਿਹਾ ਕਿ ਅਸੀਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਾਂਗੇ। ਇਸ ਤੋਂ ਇਲਾਵਾ ਚੀਨ, ਆਇਰਲੈਂਡ, ਯੂਕਰੇਨ ਤੇ ਹੋਰ ਦੇਸ਼ਾਂ ਦੇ ਆਗੂਆਂ ਵਲੋਂ ਵੀ ਵਧਾਈ ਸੰਦੇਸ਼ ਭੇਜੇ ਗਏ ਹਨ।
ਹੰਟ ਵਿੱਤ ਮੰਤਰੀ ਤੇ ਕਲੈਵਰਲੀ ਵਿਦੇਸ਼ ਮੰਤਰੀ ਬਣੇ ਰਹਿਣਗੇ
ਲੰਡਨ : ਯੂਕੇ ਨੂੰ ਆਰਥਿਕ ਫਰੰਟ ‘ਤੇ ਸਥਿਰ ਰੱਖਣ ਲਈ ਸੂਨਕ ਨੇ ਆਪਣੀ ਨਵੀਂ ਕੈਬਨਿਟ ਵਿੱਚ ਜੈਰੇਮੀ ਹੰਟ ਨੂੰ ਵਿੱਤ ਮੰਤਰੀ ਵਜੋਂ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਜੇਮਸ ਕਲੈਵਰਲੀ, ਜੋ ਸੂਨਕ ਦੇ ਵਫ਼ਾਦਾਰਾਂ ਦੀ ਸੂਚੀ ਵਿੱਚ ਸ਼ੁਮਾਰ ਨਹੀ ਹਨ, ਵੀ ਵਿਦੇਸ਼ ਮੰਤਰੀ ਬਣੇ ਰਹਿਣਗੇ। ਡੋਮੀਨਿਕ ਰੌਬ, ਜੋ ਬੋਰਿਸ ਜੌਹਨਸਨ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਤੇ ਨਿਆਂ ਮੰਤਰੀ ਸਨ, ਸੂਨਕ ਦੀ ਅਗਵਾਈ ਵਾਲੀ ਕੈਬਨਿਟ ‘ਚ ਇਨ੍ਹਾਂ ਦੋਵਾਂ ਅਹੁਦਿਆਂ ‘ਤੇ ਵਾਪਸੀ ਕਰ ਸਕਦੇ ਹਨ।
ਸਟੀਵ ਬਰਕਲੇ ਨੂੰ ਸਿਹਤ ਮੰਤਰੀ ਬਣਾਇਆ ਗਿਆ। ਉਂਝ ਸੂਨਕ ਵੱਲੋਂ 10 ਡਾਊਨਿੰਗ ਸਟਰੀਟ ਦਾ ਚਾਰਜ ਲੈਣ ਮਗਰੋਂ ਲਿਜ਼ ਟਰੱਸ ਤੇ ਬੋਰਿਸ ਜੌਹਨਸਨ ਧੜਿਆਂ ਨਾਲ ਸਬੰਧਤ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ।
ਭਗਵੰਤ ਮਾਨ ਨੇ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਿਸ਼ੀ ਸੂਨਕ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿੱਚ ਮਾਨ ਨੇ ਕਿਹਾ ਕਿ ਦੀਵਾਲੀ ਦੀ ਰਾਤ ਮਿਲੀ ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਾਧਾ ਦਿੱਤਾ। ਮੇਰੇ ਅਤੇ ਪੂਰੇ ਪੰਜਾਬ ਵੱਲੋਂ ਰਿਸ਼ੀ ਸੂਨਕ ਜੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ‘ਤੇ ਮੁਬਾਰਕਾਂ ਅਤੇ ਉਮੀਦ ਕਰਦਾ ਹਾਂ ਕਿ ਤੁਹਾਡੀ ਅਗਵਾਈ ਵਿੱਚ ਯੂਕੇ ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

 

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …