ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਤੇ ਦੀਵਾਲੀ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਕੀਤਾ ਧੰਨਵਾਦ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿਲ ਬਾਇਡਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਦੀਵਾਲੀ ਦੇ ਜਸ਼ਨਾਂ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਅਮਰੀਕਾ ਦੇ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਪਾਏ ਗਏ ਯੋਗਦਾਨ ਲਈ ਏਸ਼ਿਆਈ-ਅਮਰੀਕੀਆਂ ਦਾ ਧੰਨਵਾਦ ਕੀਤਾ।
ਦੀਵਾਲੀ ਦੇ ਜਸ਼ਨਾਂ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਸਿਤਾਰਵਾਦਕ ਰਿਸ਼ਭ ਸ਼ਰਮਾ ਅਤੇ ਡਾਂਸ ਟਰੁਪ ‘ਦਿ ਸਾ ਡਾਂਸ ਕੰਪਨੀ’ ਦੀ ਪੇਸ਼ਕਾਰੀ ਸ਼ਾਮਲ ਸੀ। ਇਸ ਦੌਰਾਨ ਰਵਾਇਤੀ ਭਾਰਤੀ ਪਹਿਰਾਵੇ ਵਿੱਚ ਸਜੇ ਮਹਿਮਾਨਾਂ ਨੇ ਭਾਰਤੀ ਪਕਵਾਨਾਂ ਦਾ ਆਨੰਦ ਲਿਆ। ਈਸਟ ਰੂਮ ਵਿੱਚ ਕਰਵਾਏ ਗਏ ਸਮਾਗਮ ਦੌਰਾਨ 200 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਸ਼ਿਰਕਤ ਕੀਤੀ। ਈਸਟ ਰੂਮ ਭਾਰਤ-ਅਮਰੀਕਾ ਨਾਲ ਸਬੰਧਤ ਵੱਖ-ਵੱਖ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ, ਜਿਸ ਵਿਚ ਨਵੰਬਰ 2008 ਵਿੱਚ ਪਰਮਾਣੂ ਸਮਝੌਤੇ ‘ਤੇ ਦਸਤਖਤ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰੈਸ ਕਾਨਫਰੰਸ ਵੀ ਸ਼ਾਮਲ ਹਨ। ਇਸ ਦੌਰਾਨ ਬਾਇਡਨ ਨੇ ਕਿਹਾ, ”ਤੁਹਾਡੀ ਮੇਜ਼ਬਾਨੀ ਕਰਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਵ੍ਹਾਈਟ ਹਾਊਸ ਵਿੱਚ ਪਹਿਲੀ ਵਾਰ ਇੰਨੇ ਵੱਡੇ ਪੈਮਾਨੇ ‘ਤੇ ਦੀਵਾਲੀ ਮਨਾਈ ਗਈ ਹੈ।”
ਉਨ੍ਹਾਂ ਕਿਹਾ, ”ਮੌਜੂਦਾ ਸਮੇਂ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਭਾਰਤੀ-ਅਮਰੀਕੀ ਹਨ। ਦੀਵਾਲੀ ਦੇ ਜਸ਼ਨਾਂ ਨੂੰ ਅਮਰੀਕੀ ਸੱਭਿਆਚਾਰ ਦਾ ਹਿੱਸਾ ਬਣਾਉਣ ਲਈ ਤੁਹਾਡਾ ਧੰਨਵਾਦ।”
ਜ਼ਿਕਰਯੋਗ ਹੈ ਕਿ ਜਦੋਂ ਤੋਂ ਜਾਰਜ ਬੁਸ਼ ਪ੍ਰਸ਼ਾਸਨ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਸ਼ਨ ਹੈ। ਇਸ ਤੋਂ ਪਹਿਲਾਂ ਇੱਕ ਬਿਆਨ ਵਿੱਚ ਬਾਇਡਨ ਨੇ ਦੁਨੀਆ ਭਰ ਵਿੱਚ ਰੋਸ਼ਨੀਆਂ ਦਾ ਤਿਉਹਾਰ ਮਨਾ ਰਹੇ ਇੱਕ ਅਰਬ ਤੋਂ ਵੱਧ ਹਿੰਦੂਆਂ, ਜੈਨੀਆਂ, ਸਿੱਖਾਂ ਅਤੇ ਬੋਧੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।