ਨੈਰੋਬੀ/ਬਿਊਰੋ ਨਿਊਜ਼ : ਆਪਣੇ ਸਬੰਧਾਂ ਨੂੰ ਠੁੰਮਣਾ ਦੇਣ ਦਾ ਯਤਨ ਕਰਦਿਆਂ ਭਾਰਤ ਅਤੇ ਕੀਨੀਆ ਨੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਦੋਵਾਂ ਦੇਸ਼ਾਂ ਨੇ ਰੱਖਿਆ ਤੇ ਸੁਰੱਖਿਆ ਦੇ ਖੇਤਰ ਅਤੇ ਦੂਹਰੇ ਟੈਕਸ ਤੋਂ ਬਚਣ ਲਈ 7 ਸਮਝੌਤਿਆਂ ‘ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੇਨਯਾਤਾ ਨਾਲ ਮੀਟਿੰਗ ਪਿੱਛੋਂ ਅਫਰੀਕੀ ਰਾਸ਼ਟਰ ਨੂੰ ਆਪਣੇ ਛੋਟੇ ਤੇ ਦਰਮਿਆਨੇ ਅਦਾਰਿਆਂ ਤੇ ਕੱਪੜੇ ਦੇ ਵਿਕਾਸ ਵਿਚ ਮਦਦ ਲਈ 4 ਕਰੋੜ 49.50 ਲੱਖ ਡਾਲਰ ਦਾ ਰਿਆਇਤੀ ਕਰਜ਼ਾ ਦੇਣ ਦਾ ਐਲਾਨ ਕੀਤਾ। ਭਾਰਤ ਗੁਣਵੱਤਾ ਅਤੇ ਪਹੁੰਚਯੋਗ ਇਲਾਜ ਮੁਹੱਈਆ ਕਰਨ ਲਈ ਕੀਨੀਆ ਵਿਚ ਇਕ ਕੈਂਸਰ ਹਸਪਤਾਲ ਦੀ ਉਸਾਰੀ ਕਰੇਗਾ। ਗੱਲਬਾਤ ਪਿੱਛੋਂ ਕੇਨਯਾਤਾ ਨਾਲ ਇਕ ਸਾਂਝੀ ਮੀਡੀਆ ਮਿਲਣੀ ਵਿਚ ਮੋਦੀ ਨੇ ਕਿਹਾ ਕਿ ਬਹੁਪੱਖੀ ਵਿਕਾਸ ਭਾਈਵਾਲੀ ਸਾਡੇ ਦੁਵੱਲੇ ਸਬੰਧਾਂ ਦਾ ਮੁੱਖ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਕੇਨਯਾਤਾ ਅਤੇ ਉਹ ਇਸ ਗੱਲ ‘ਤੇ ਸਹਿਮਤ ਹਨ ਕਿ ਅੱਤਵਾਦ ਅਤੇ ਕੱਟੜਪੁਣਾ ਸਾਡੇ ਦੋਵਾਂ ਦੇਸ਼ਾਂ, ਖੇਤਰ ਅਤੇ ਸਮੁੱਚੇ ਵਿਸ਼ਵ ਲਈ ਸਾਂਝੀ ਚੁਣੌਤੀ ਹੈ।ઠਅਸੀਂ ਸਾਈਬਰ ਸੁਰੱਖਿਆ, ਨਸ਼ੀਲੀਆਂ ਦਵਾਈਆਂ ਅਤੇ ਮਾਨਵੀ ਤਸਕਰੀ ਵਿਰੁੱਧ ਲੜਨ ਦੇ ਖੇਤਰਾਂ ਸਮੇਤ ਆਪਣੀ ਸੁਰੱਖਿਆ ਭਾਈਵਾਲੀ ਮਜ਼ਬੂਤ ਕਰਨ ਲਈ ਸਹਿਮਤ ਹੋ ਗਏ ਹਾਂ। ਰੱਖਿਆ ਸਹਿਯੋਗ ਵਿਚ ਸਮਝੌਤੇ ਤਹਿਤ ਸਟਾਫ ਵਟਾਂਦਰਾ, ਮੁਹਾਰਤ ਸਾਂਝੀ ਕਰਨ, ਸਿੱਖਲਾਈ, ਹਾਈਡਰੋਗਰਾਫੀ ਅਤੇ ਸਾਜ਼ੋ ਸਮਾਨ ਦੀ ਸਪਲਾਈ ਵਿਚ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਵਿਚ ਸਮੁੰਦਰੀ ਸੁਰੱਖਿਆ ਦੇ ਖੇਤਰ ਵਿਚ ਨੇੜਲੇ ਸਹਿਯੋਗ ਦੀ ਮਹੱਤਵਪੂਰਨ ਥਾਂ ਹੈ। ਕੇਨਯਾਤਾ ਨੇ ਕੱਪੜਾ ਫੈਕਟਰੀ ਨੂੰ ਅਧੁਨਿਕ ਬਣਾਉਣ ਲਈ ਕਰਜ਼ਾ ਦੇਣ ਅਤੇ ਕੈਂਸਰ ਹਸਪਤਾਲ ਦੀ ਉਸਾਰੀ ਲਈ ਭਾਰਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਫ਼ੈਸਲੇ ਲਏ ਗਏ ਹਨ ਉਨ੍ਹਾਂ ਨੂੰ ਲਾਗੂ ਕਰਨ ਲਈ ਉਹ ਨਿੱਜੀ ਤੌਰ ‘ਤੇ ਪੈਰਵੀ ਕਰਨਗੇ ਜਿਸ ਨਾਲ ਉਨ੍ਹਾਂ ਅਨੁਸਾਰ ਦੁਵੱਲੇ ਸਬੰਧ ਮਜ਼ਬੂਤ ਹੋਣਗੇ ਅਤੇ ਖੁਸ਼ਹਾਲੀ ਆਵੇਗੀ । ਰੱਖਿਆ ਅਤੇ ਸੁਰੱਖਿਆ ਵਿਚ ਸਮਝੌਤਿਆਂ ਤੋਂ ਇਲਾਵਾ ਦੂਹਰੇ ਟੈਕਸ ਤੋਂ ਬਚਣ ਬਾਰੇ ਸੋਧੀ ਹੋਈ ਸੰਧੀ ਤੋਂ ਇਲਾਵਾ ਵੀਜ਼ਾ, ਮਕਾਨ ਉਸਾਰੀ ਅਤੇ ਮਾਪਦੰਡ ਮਾਪਣ ਦੇ ਦੂਸਰੇ ਖੇਤਰਾਂ ਵਿਚ ਸਮਝੌਤੇ ਕੀਤੇ ਗਏ। ਕੀਨੀਆ ਨੂੰ ਭਾਰਤ ਮੂਲਵਾਨ ਦੋਸਤ ਅਤੇ ਭਰੋਸੇਯੋਗ ਭਾਈਵਾਲ ਆਖਦਿਆਂ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਲੰਬੇ ਸਮੇਂ ਤੋਂ ਮਜ਼ਬੂਤ ਹਨ ਅਤੇ ਦੋਵਾਂ ਦੀ ਬਸਤੀਵਾਦ ਦੇ ਖਿਲਾਫ਼ ਸੰਘਰਸ਼ ਦੀ ਸਾਂਝੀ ਵਿਰਾਸਤ ਰਹੀ ਹੈ। ਇਹ ਦੁਹਰਾਉਂਦੇ ਹੋਏ ਕਿ ਭਾਰਤ ਵਿਸ਼ਵ ਆਰਥਿਕਤਾ ਵਿਚ ਸਭ ਤੋਂ ਸ਼ਾਨਦਾਰ ਥਾਵਾਂ ‘ਚੋਂ ਇਕ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀਨੀਆ ਮਜ਼ਬੂਤ ਸੰਭਾਵਨਾਵਾਂ ਦੀ ਧਰਤੀ ਹੈ। ਭਾਰਤ ਕੀਨੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਉਥੇ ਦੂਸਰਾ ਸਭ ਤੋਂ ਵੱਡਾ ਨਿਵੇਸ਼ਕ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …