Breaking News
Home / ਦੁਨੀਆ / ਅਮਰੀਕਾ ਨੇ ਪਾਕਿਸਤਾਨ ਪ੍ਰਤੀ ਅਪਣਾਇਆ ਸਖਤ ਰਵੱਈਆ

ਅਮਰੀਕਾ ਨੇ ਪਾਕਿਸਤਾਨ ਪ੍ਰਤੀ ਅਪਣਾਇਆ ਸਖਤ ਰਵੱਈਆ

ਦਹਿਸ਼ਤੀ ਗੁੱਟਾਂ ਖਿਲਾਫ ਕਾਰਵਾਈ ਕਰੇ ਪਾਕਿ
ਵਾਸ਼ਿੰਗਟਨ : ਡੋਨਲਡ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਸਖ਼ਤ ਲਫ਼ਜ਼ਾਂ ਵਿਚ ਕਿਹਾ ਹੈ ਕਿ ਜੇਕਰ ਉਹ ਦਹਿਸ਼ਤੀ ਗੁੱਟਾਂ ਖ਼ਿਲਾਫ਼ ‘ਫ਼ੈਸਲਾਕੁਨ’ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਤਾਂ ਅਮਰੀਕਾ ਆਪਣੀ ਰਣਨੀਤੀ ਵਿਚ ਬਦਲਾਅ ਕਰਕੇ ਵੱਖਰੇ ਢੰਗ ਨਾਲ ਇਸ ਮੰਤਵ ਨੂੰ ਹਾਸਲ ਕਰੇਗਾ। ਵਿਦੇਸ਼ ਵਿਭਾਗ ਦੇ ਤਰਜਮਾਨ ਹੀਥਰ ਨੌਰਟ ਨੇ ਦੱਸਿਆ ਕਿ ਵਿਦੇਸ਼ ਮੰਤਰੀ ਰੈੱਕਸ ਟਿਲਰਸਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਦਹਿਸ਼ਤੀ ਗੁੱਟਾਂ ਖ਼ਿਲਾਫ਼ ਕਾਰਵਾਈ ਕਰਕੇ ਆਪਣੀ ਧਰਤੀ ਤੋਂ ਸੁਰੱਖਿਅਤ ਟਿਕਾਣਿਆਂ ਨੂੰ ਨਸ਼ਟ ਕਰੇ। ਟਿਲਰਸਨ ਵੱਲੋਂ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਭਾਰਤ ਦੇ ਪਲੇਠੇ ਦੌਰੇ ਦੀ ਸਮਾਪਤੀ ਦੇ ਇਕ ਦਿਨ ਬਾਅਦ ਇਹ ਬਿਆਨ ਆਇਆ ਹੈ। ਨੌਰਟ ਨੇ ਕਿਹਾ, ”ਅਸੀਂ ਪਾਕਿਸਤਾਨ ਨੂੰ ਕਈ ਵਾਰ ਆਪਣੀਆਂ ਉਮੀਦਾਂ ਤੋਂ ਜਾਣੂ ਕਰਵਾਇਆ ਹੈ ਕਿ ਉਸ ਨੂੰ ਆਪਣੀਆਂ ਹੱਦਾਂ ਅੰਦਰ ਦਹਿਸ਼ਤੀ ਗੁੱਟਾਂ ਖ਼ਿਲਾਫ਼ ਫ਼ੈਸਲਾਕੁਨ ਕਾਰਵਾਈ ਕਰਨੀ ਚਾਹੀਦੀ ਹੈ।”ਜਨੇਵਾ ਵਿਚ ਆਪਣੇ ਵਿਦੇਸ਼ ਦੌਰੇ ਦੇ ਆਖਰੀ ਪੜਾਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਲਰਸਨ ਨੇ ਕਿਹਾ ਕਿ ਅਮਰੀਕਾ ਦਹਿਸ਼ਤਗਰਦਾਂ ਬਾਰੇ ਪੁਖ਼ਤਾ ਸੂਚਨਾ ਪਾਕਿਸਤਾਨ ਨਾਲ ਸਾਂਝੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖੁਦਮੁਖਤਿਆਰ ਮੁਲਕ ਹੈ ਪਰ ਉਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਇਹ ਉਸ ਦੇ ਫਾਇਦੇ ਲਈ ਹੈ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …