ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਵੀ ਹੋਈ ਚਰਚਾ
ਨਵੀਂ ਦਿੱਲੀ : ਭਾਰਤ ਤੇ ਇਟਲੀ ਵੱਲੋਂ ਊਰਜਾ ਤੇ ਵਪਾਰ ਸਮੇਤ ਛੇ ਮਹੱਤਵਪੂਰਨ ਸਮਝੌਤੇ ਕੀਤੇ ਗਏ। ਇਨ੍ਹਾਂ ਸਮੌਤਿਆਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਇਤਾਲਵੀ ਹਮਰੁਤਬਾ ਪਾਓਲੋ ਜੈਂਤੀਲੋਨੀ ਨੇ ਲੰਮਾ ਸਮਾਂ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਤੇ ਅੱਤਵਾਦ ਖ਼ਿਲਾਫ਼ ਲੜਨ ਬਾਰੇ ਚਰਚਾ ਕੀਤੀ। ਪਿਛਲੇ ਦਹਾਕੇ ਦੌਰਾਨ ਪਹਿਲੀ ਵਾਰੀ ਭਾਰਤ ਦੀ ਦੋ ਰੋਜ਼ਾ ਫੇਰੀ ‘ਤੇ ਆਏ ਜੈਂਤੀਲੋਨੀ ਇੱਥੇ ਪਹੁੰਚੇ।
ਉਨ੍ਹਾਂ ਦਾ ਮਕਸਦ ਭਾਰਤ ਨਾਲ ਸਿਆਸੀ ਤੇ ਵਿੱਤੀ ਰਿਸ਼ਤੇ ਮਜ਼ਬੂਤ ਕਰਨਾ ਹੈ ਜੋ ਇਤਾਲਵੀ ਮੈਰੀਨ ਕੇਸ ਕਾਰਨ ਪ੍ਰਭਾਵਿਤ ਹੋਏ ਸਨ। ਸਾਲ 2012 ਵਿਚ ਕੇਰਲਾ ਦੇ ਤੱਟ ‘ਤੇ ਐਨਰੀਕਾ ਲੈਕਸੀ ਨਾਂ ਦੀ ਕਿਸ਼ਤੀ ‘ਤੇ ਦੋ ਭਾਰਤੀ ਮਛੇਰਿਆਂ ਦੇ ਕਤਲ ਮਾਮਲੇ ਵਿਚ ਦੋ ਇਤਾਲਵੀ ਜਲ ਸੈਨਿਕਾਂ ਲਾਤੌਰ ਮੈਸੀਮੀਲੀਆਨੋ ਤੇ ਸਾਲਵਾਤੋਰ ਜੀਰੋਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਭਾਰਤ ਤੇ ਇਟਲੀ ਦੇ ਸਬੰਧ ਕਾਫੀ ਵਿਗੜੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹੋਈ ਮੀਟਿੰਗ ਵਿਚ ਦੋਵਾਂ ਮੁਲਕਾਂ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਬਾਰੇ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਕਈ ਮਹੱਤਵਪੂਰਨ ਵਿਸ਼ਿਆਂ ‘ਤੇ ਗੱਲਬਾਤ ਹੋਵੇਗੀ ਤੇ ਉਨ੍ਹਾਂ ਨੂੰ ਵੱਖਰੇ ਪੱਧਰ ‘ਤੇ ਨਜਿੱਠਿਆ ਜਾਵੇਗਾ।
ਪੱਤਰਕਾਰ ਸੰਮੇਲਨ ਦੌਰਾਨ ਜੈਂਤੀਲੋਨੀ ਨਾਲ ਸਾਂਝੇ ਤੌਰ ‘ਤੇ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਅੱਤਵਾਦ ਤੇ ਸਾਈਬਰ ਅਪਰਾਧ ਸਮੇਤ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ ਹੈ।