Breaking News
Home / ਦੁਨੀਆ / ਅਮਰੀਕਾ ਭਾਰਤ ਨਾਲ ਅਹਿਮ ਰੱਖਿਆ ਸਮਝੌਤਿਆਂ ਲਈ ਉਤਸੁਕ

ਅਮਰੀਕਾ ਭਾਰਤ ਨਾਲ ਅਹਿਮ ਰੱਖਿਆ ਸਮਝੌਤਿਆਂ ਲਈ ਉਤਸੁਕ

ਅਮਰੀਕਾ ਲਈ ਭਾਰਤ ਨਾਲ ਗੁਪਤ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਸੌਖੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸਫ਼ੀਰ ਅਲਾਈਸ ਜੀ. ਵੈੱਲਜ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਨਾਲ ਕੁਝ ਅਹਿਮ ਰੱਖਿਆ ਸਮਝੌਤਿਆਂ ‘ਤੇ ਅਗਾਂਹ ਵੱਲ ਨੂੰ ਕਦਮ ਪੁੱਟਣ ਲਈ ਉਤਸੁਕ ਹੈ। ਸਫ਼ੀਰ ਨੇ ਕਿਹਾ ਕਿ ਅਮਰੀਕਾ ਦੀ ਇਸ ਪੇਸ਼ਕਦਮੀ ਨਾਲ ਟਰੰਪ ਪ੍ਰਸ਼ਾਸਨ ਲਈ ਨਵੀਂ ਦਿੱਲੀ ਨੂੰ ਐਫ-16 ਤੇ ਐਫ਼ 18 ਜੰਗੀ ਜਹਾਜ਼ ਵੇਚਣੇ ਤੇ ਗੁਪਤ ਜਾਣਕਾਰੀ ਸਾਂਝੀ ਕਰਨਾ ਸੁਖਾਲਾ ਹੋ ਜਾਵੇਗਾ। ਸਫ਼ੀਰ ਨੇ ਵਿਦੇਸ਼ ਮੰਤਰੀ ਰੈੱਕਸ ਟਿਲਰਸਨ ਦੀ ਹਾਲੀਆ ਭਾਰਤ ਫੇਰੀ ਦਾ ਵੀ ਜ਼ਿਕਰ ਕੀਤਾ। ਯਾਦ ਰਹੇ ਕਿ ਟਰੰਪ ਪ੍ਰਸ਼ਾਸਨ ਨੇ ਅਜੇ ਪਿਛਲੇ ਮਹੀਨੇ ਕਾਂਗਰਸ ਨੂੰ ਦੱਸਿਆ ਸੀ ਕਿ ਉਹ ਭਾਰਤ ਨੂੰ ਐਫ਼-18 ਤੇ ਐਫ਼ 16 ਜੰਗੀ ਜਹਾਜ਼ਾਂ ਦੀ ਵਿਕਰੀ ਦੀ ਠੋਕ ਕੇ ਹਮਾਇਤ ਕਰਦਾ ਹੈ। ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਜੰਗੀ ਜਹਾਜ਼ ਵੇਚਣ ਦੀ ਤਜਵੀਜ਼ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਅਗਲੇ ਪੱਧਰ ਵਿਚ ਲਿਜਾਣ ਦੀ ਸਮਰੱਥਾ ਰੱਖਦੀ ਹੈ।
ਦੱਖਣੀ ਤੇ ਕੇਂਦਰੀ ਏਸ਼ੀਆ ਮਾਮਲਿਆਂ ਲਈ ਕਾਰਜਕਾਰੀ ਸਹਾਇਕ ਸਕੱਤਰ ਅਲਾਈਸ ਜੀ.ਵੈੱਲਜ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਤੇ ਅਮਰੀਕਾ ਕੁਝ ਅਹਿਮ ਰੱਖਿਆ ਸਮਝੌਤਿਆਂ ‘ਤੇ ਪੇਸ਼ਕਦਮੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਝੌਤਿਆਂ ਦੇ ਅਮਲ ਵਿਚ ਆਉਣ ਨਾਲ ਜਿੱਥੇ ਅਮਰੀਕਾ ਲਈ ਭਾਰਤ ਨਾਲ ਗੁਪਤ ਜਾਣਕਾਰੀ ਸਾਂਝੀ ਕਰਨੀ ਆਸਾਨ ਹੋ ਜਾਏਗੀ, ਉਥੇ ਭਾਰਤ ਨੂੰ ਐਫ਼16 ਜਾਂ ਐਫ਼18 ਜੰਗੀ ਜਹਾਜ਼ ਵੇਚ ਸਕਣ ਦੀ ਖੁੱਲ੍ਹ ਵੀ ਮਿਲ ਜਾਏਗੀ। ਉਨ੍ਹਾਂ ਕਿਹਾ ਕਿ ਸਮਝੌਤੇ ਜਿੱਥੇ ਦੋਵਾਂ ਮੁਲਕਾਂ ‘ਚ ਰੱਖਿਆ ਤਕਨੀਕ ਭਾਈਵਾਲੀ ਸਿਰਜਣ ‘ਚ ਮਦਦਗਾਰ ਹੋਣਗੇ, ਉਥੇ ਅਮਰੀਕੀਆਂ ਲਈ ਘਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਵੈੱਲਜ਼, ਅਮਰੀਕੀ ਵਿਦੇਸ਼ ਮੰਤਰੀ ਰੈੱਕਸ ਟਿਲਰਸਨ ਦੇ ਹਾਲੀਆ ਅਫ਼ਗ਼ਾਨਿਸਤਾਨ, ਪਾਕਿਸਤਾਨ ਤੇ ਭਾਰਤ ਦੌਰੇ ਮੌਕੇ ਉਨ੍ਹਾਂ ਦੇ ਨਾਲ ਸੀ। ਵੈੱਲਜ਼ ਨੇ ਕਿਹਾ,’ਟਿੱਲਰਸਨ ਦੀ ਭਾਰਤ ਫ਼ੇਰੀ ਮੌਕੇ ਦੋਸਤਾਨਾ ਮਾਹੌਲ ਵਿਚ ਗੱਲਬਾਤ ਹੋਈ। ਦੋਵਾਂ ਮੁਲਕਾਂ ਨੇ ਯੁੱਧਨੀਤਕ ਸਬੰਧਾਂ ਨੂੰ ਭਾਈਵਾਲੀ ਤਹਿਤ ਅੱਗੇ ਤੋਰਨ ਲਈ ਕਈ ਮੁੱਦਿਆਂ ‘ਤੇ ਸੰਵਾਦ ਰਚਾਇਆ। ਸਾਡਾ ਮੰਨਣਾ ਹੈ ਕਿ ਯੁੱਧਨੀਤਕ ਸਬੰਧ ਬਾਕੀ ਰਹਿੰਦੀ 21ਵੀਂ ਸਦੀ ਨੂੰ ਪਰਿਭਾਸ਼ਤ ਕਰਨਗੇ।’

 

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …