5 ਰਿਪਬਲੀਕਨ ਮੈਂਬਰਾਂ ਨੇ ਵੀ ਪਾਈਆਂ ਵਿਰੋਧ ‘ਚ ਵੋਟਾਂ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕਾ ‘ਚ ਸੈਨੇਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਗੈਰ ਸੰਵਿਧਾਨਕ ਕਰਾਰ ਦੇਣ ਲਈ ਪੇਸ਼ ਮਤਾ ਰੱਦ ਕਰ ਦਿੱਤਾ। ਪੰਜ ਰਿਪਬਲੀਕਨ ਮੈਂਬਰਾਂ ਨੇ ਵੀ ਡੈਮੋਕਰੈਟਸ ਦਾ ਸਾਥ ਦਿੱਤਾ ਤੇ ਇਸ ਤਰ੍ਹਾਂ ਮਹਾਦੋਸ਼ ਕਾਰਵਾਈ ਨੂੰ ਖਤਮ ਕਰ ਦੇਣ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਸੈਨੇਟਰ ਰੈਂਡ ਪਾਲ ਨੇ ਮਤਾ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਸੈਨੇਟ ਵਿਚ ਸਾਬਕਾ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਚਲਾਉਣਾ ਗੈਰ ਸੰਵਿਧਾਨਕ ਹੈ।
ਉਨ੍ਹਾਂ ਨੇ ਦਲੀਲ ਦਿੱਤੀ ਕਿ ਟਰੰਪ ਵਿਰੁੱਧ ਇਕ ਨਾਗਰਿਕ ਵਜੋਂ ਮਹਾਦੋਸ਼ ਨਹੀਂ ਲਾਇਆ ਜਾ ਸਕਦਾ। ਇਹ ਮਤਾ 55-45 ਦੇ ਫਰਕ ਨਾਲ ਰੱਦ ਹੋ ਗਿਆ। ਸੈਨੇਟ ਵਿਚ ਦੋਵਾਂ ਪਾਰਟੀਆਂ ਦੇ ਬਰਾਬਰ ਮੈਂਬਰ ਹਨ। 45 ਮੈਂਬਰ ਜਿਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟ ਪਾਈ, ਵਲੋਂ ਮਹਾਦੋਸ਼ ਮਤੇ ਦੇ ਵਿਰੁੱਧ ਵੋਟ ਪਾਏ ਜਾਣ ਦੀ ਸੰਭਾਵਨਾ ਹੈ। ਪ੍ਰਤੀਨਿੱਧ ਸਦਨ ਨੇ 6 ਜਨਵਰੀ ਨੂੰ ਕੈਪੀਟਲ ਹਿੱਲ ਉਪਰ ਹਮਲੇ ਲਈ ਆਪਣੇ ਸਮਰਥਕਾਂ ਨੂੰ ਉਕਸਾਉਣ ਦੇ ਦੋਸ਼ ਵਿਚ 13 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਪ੍ਰਸਤਾਵ ਪਾਸ ਕਰ ਦਿੱਤਾ ਸੀ।
ਚਾਰ ਸਾਲ ਦੇ ਕਾਰਜਕਾਲ ਦੌਰਾਨ ਟਰੰਪ ਵਿਰੁੱਧ ਦੂਸਰੀ ਵਾਰ ਮਹਾਦੋਸ਼ ਲਾਇਆ ਗਿਆ ਹੈ। ਸੈਨੇਟ ਵਿਚ ਮਹਾਦੋਸ਼ ਕਾਰਵਾਈ 8 ਫਰਵਰੀ ਨੂੰ ਸ਼ੁਰੂ ਹੋਵੇਗੀ। ਜਿਨ੍ਹਾਂ ਰਿਪਬਲੀਕਨਾਂ ਨੇ ਸੈਨੇਟ ਵਿਚ ਸੈਨੇਟਰ ਪਾਲ ਦੇ ਮਤੇ ਨੂੰ ਰਦ ਕਰਨ ਵਿਰੁੱਧ ਵੋਟ ਪਾਈ ਉਨ੍ਹਾਂ ਵਿਚ ਮਿਟ ਰੋਮਨੀ (ਉਟਾਹ), ਸੁਸਾਨ ਕੋਲਿਨਜ (ਮੈਨੀ), ਲੀਸਾ ਮੁਰਕੋਵਸਕੀ (ਅਲਾਸਕਾ), ਬੇਨ ਸਾਸੇ (ਨੈਬਰਸਕਾ) ਤੇ ਪੈਟ ਟੂਮੀ (ਪੈਨਸੇਲਵਿਨੀਆ) ਸ਼ਾਮਿਲ ਹਨ। ਇਹ ਸੈਨੇਟਰ ਟਰੰਪ ਦੇ ਸਮਰਥਕ ਹਨ ਪਰ ਉਨ੍ਹਾਂ ਨੇ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਉਹ ਦੰਗਿਆਂ ਦੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਦਾ ਵਿਰੋਧ ਕਰਦੇ ਹਨ।

