
ਰੂਸੀ ਤੇਲ ਖਰੀਦਣ ਵਾਲਿਆਂ ’ਤੇ 500 ਫੀਸਦੀ ਲੱਗ ਸਕਦਾ ਹੈ ਟੈਰਿਫ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਸਖਤ ਪਾਬੰਦੀਆਂ ਲਗਾਈਆਂ ਜਾਣਗੀਆਂ। ਮੀਡੀਆ ਵਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਅਤੇ ਰਿਪਬਲਿਕ ਪਾਰਟੀ ਦੇ ਆਗੂ ਅਜਿਹੇ ਕਾਨੂੰਨ ਬਣਾ ਰਹੇ ਹਨ, ਜਿਸਦਾ ਮਕਸਦ ਰੂਸ ’ਤੇ ਦਬਾਅ ਵਧਾਉਣਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਰੂੁਸ ਹੀ ਨਹੀਂ, ਈਰਾਨ ਦੇ ਨਾਲ ਵੀ ਵਪਾਰ ਕਰਨ ਵਾਲੇ ਦੇਸ਼ਾਂ ’ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਹ ਵੀ ਕਿਹਾ ਗਿਆ ਹੈ ਕਿ ਰੂਸ ਕੋਲੋਂ ਤੇਲ ਖਰੀਦਣ ਵਾਲੇ ਅਤੇ ਫਿਰ ਵੇਚਣ ਵਾਲੇ ਦੇਸ਼ਾਂ ’ਤੇ 500 ਫੀਸਦੀ ਟੈਰਿਫ ਲਗਾਇਆ ਜਾਵੇ। ਧਿਆਨ ਰਹੇ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ’ਤੇ ਪਹਿਲਾਂ ਹੀ 50 ਫੀਸਦੀ ਟੈਰਿਫ ਲਗਾਇਆ ਹੋਇਆ ਹੈ। ਇਸ ਵਿਚ 25 ਫੀਸਦੀ ਵਾਧੂ ਟੈਰਿਫ ਸਿਰਫ ਇਸ ਲਈ ਲਗਾਇਆ ਗਿਆ ਹੈ ਕਿ ਭਾਰਤ, ਰੂਸ ਕੋਲੋਂ ਤੇਲ ਅਤੇ ਗੈਸ ਖਰੀਦਦਾ ਹੈ।

