ਮੁੰਬਈ : 26/11 ਮੁੰਬਈ ਦਹਿਸ਼ਤੀ ਹਮਲੇ ਦੀ ਦਸਵੀਂ ਬਰਸੀ ਮੌਕੇ ਪੁਲਿਸ ਕਰਮੀਆਂ ਨੇ ਹਮਲੇ ਵਿੱਚ ਸ਼ਹੀਦ ਹੋਏ ਆਪਣੇ ਸਾਥੀਆਂ ਅਤੇ ਘਰ ਦੇ ਜੀਅ ਗੁਆਉਣ ਵਾਲੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਦਸ ਸਾਲ ਪਹਿਲਾਂ ਹੋਏ ਇਸ ਹਮਲੇ ਨੂੰ ਭਾਰਤੀ ਇਤਿਹਾਸ ਵਿੱਚ ਹੁਣ ਤਕ ਦਾ ਸਭ ਤੋਂ ਭਿਆਨਕ ਦਹਿਸ਼ਤੀ ਹਮਲਾ ਮੰਨਿਆ ਜਾਂਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੱਖੋ ਵੱਖਰੇ ਟਵੀਟ ਕਰਕੇ 26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਅਰਬ ਸਾਗਰ ਦੇ ਸਾਹਿਲ ‘ਤੇ ਪੁਲਿਸ ਜਿਮਖਾਨਾ ਵਿੱਚ ਮੁੰਬਈ 26/11 ਦੇ ਸ਼ਹੀਦਾਂ ਦੀ ਯਾਦਗਾਰ ‘ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਸੀ. ਵਿਦਿਆਸਾਗਰ ਰਾਓ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਫੁੱਲ ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਪੁਲਿਸ ਬੈਂਡ ਰਾਹੀਂ ਸ਼ਹੀਦਾਂ ਨੂੰ ਸੰਗੀਤਕ ਸ਼ਰਧਾਂਜਲੀ ਵੀ ਦਿੱਤੀ ਗਈ। ਹਮਲੇ ਵਿਚ ਸ਼ਹੀਦ ਹੋਣ ਵਾਲੇ ਸਹਾਇਕ ਸਬ-ਇੰਸਪੈਕਟਰ ਤੁਕਾਰਾਮ ਓਮਬਾਲੇ ਦੀ ਗਿਰਗਾਮ ਚੌਪਾਟੀ ਸਥਿਤ ਯਾਦਗਾਰ, ਜੋ ਕਿ ਇਥੋਂ ਥੋੜ੍ਹੀ ਦੂਰੀ ‘ਤੇ ਸਥਿਤ ਹੈ, ਵਿਖੇ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਯਾਦ ਰਹੇ ਕਿ ਇਹ ਉਹੀ ਥਾਂ ਹੈ ਜਿੱਥੇ ਓਮਬਾਲੇ ਪਾਕਿਸਤਾਨੀ ਦਹਿਸ਼ਤਗਰਦ ਅਜਮਲ ਕਸਾਬ ਨੂੰ ਜਿਊਂਦਾ ਕਾਬੂ ਕਰਨ ਮਗਰੋਂ ਸ਼ਹੀਦ ਹੋ ਗਿਆ ਸੀ। ਸਮਾਗਮ ਵਿੱਚ ਮਹਾਰਾਸ਼ਟਰ ਪੁਲਿਸ ਦੇ ਮੁਖੀ ਦੱਤਾ ਪਦਸਾਲਗੀਕਰ ਤੇ ਮੁੰਬਈ ਦੇ ਪੁਲਿਸ ਕਮਿਸ਼ਨਰ ਸੁਬੋਧ ਕੁਮਾਰ ਜੈਸਵਾਲ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸ਼ਾਮਲ ਹੋਏ। ਪਾਕਿਸਤਾਨ ਆਧਾਰਿਤ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਦਸ ਦਹਿਸ਼ਤਗਰਦਾਂ ਵੱਲੋਂ 26 ਨਵੰਬਰ 2008 ਨੂੰ ਮੁੰਬਈ ‘ਤੇ ਕੀਤੇ ਹਮਲੇ ਵਿੱਚ 166 ਵਿਅਕਤੀ ਮਾਰੇ ਗਏ ਸਨ, ਜਿਨ੍ਹੲ ਵਿਚ 18 ਪੁਲਿਸ ਅਧਿਕਾਰੀ ਤੇ ਐਨਐਸਜੀ ਦੇ ਦੋ ਕਮਾਂਡੋਜ਼ ਵੀ ਸ਼ਾਮਲ ਸਨ। ਹਮਲੇ ਵਿੱਚ 308 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …