ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿ ਨੂੰ 2008 ਦੇ ਮੁੰਬਈ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਆਖਦਿਆਂ ਇਸ ਖੌਫ਼ਨਾਕ ਹਮਲੇ ‘ਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਜਾਂ ਉਨ੍ਹਾਂ ਨੂੰ ਕਿਸੇ ਵੀ ਮੁਲਕ ‘ਚ ਸਜ਼ਾ ਦਿਵਾਉਣ ਵਿਚ ਸਹਾਇਕ ਕਿਸੇ ਵੀ ਤਰ੍ਹਾਂ ਦੀ ਸੂਚਨਾ ਦੇਣ ਵਾਲੇ ਨੂੰ ਪੰਜਾਹ ਲੱਖ ਅਮਰੀਕੀ ਡਾਲਰ (ਲਗਪਗ 35 ਕਰੋੜ ਰੁਪਏ) ਦਾ ਨਵਾਂ ਇਨਾਮ ਦੇਣ ਦਾ ਐਲਾਨ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਇਹ ਐਲਾਨ 26/11 ਹਮਲੇ ਦੀ ਦਸਵੀਂ ਬਰਸੀ ਮੌਕੇ ਕੀਤਾ ਹੈ। ਮੁੰਬਈ ‘ਤੇ ਹੋਏ ਇਸ ਦਹਿਸ਼ਤੀ ਹਮਲੇ ਵਿੱਚ ਛੇ ਅਮਰੀਕੀਆਂ ਸਮੇਤ 166 ਵਿਅਕਤੀ ਮਾਰੇ ਗਏ ਸਨ। ਮੁੰਬਈ ਹਮਲੇ ਨੂੰ ‘ਵਹਿਸ਼ੀ’ ਕਾਰਵਾਈ ਕਰਾਰ ਦਿੰਦਿਆਂ ਪੌਂਪੀਓ ਨੇ ਪਾਕਿਸਤਾਨ ਤੇ ਹੋਰਨਾਂ ਮੁਲਕਾਂ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਆਪਣੇ ਇਖ਼ਲਾਈ ਫ਼ਰਜ਼ਾਂ ਨੂੰ ਕਾਇਮ ਰੱਖਦਿਆਂ ਜ਼ੁਲਮਾਂ ਲਈ ਜ਼ਿੰਮੇਵਾਰ ਲਸ਼ਕਰੇ ਤੋਇਬਾ ਤੇ ਉਸ ਨਾਲ ਜੁੜੀਆਂ ਹੋਰਨਾਂ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਪਾਬੰਦੀਆਂ ਆਇਦ ਕਰਨ।
ਦਸ ਸਾਲਾਂ ਬਾਅਦ ਵੀ ਨਹੀਂ ਨਿੱਬੜਿਆ ਕੇਸ
ਲਾਹੌਰ: ਮੁੰਬਈ ਹਮਲੇ ਦੇ ਇਕ ਦਹਾਕੇ ਮਗਰੋਂ ਵੀ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਵਿੱਚ ਲਸ਼ਕਰ-ਏ-ਤੋਇਬਾ ਦੇ ਸੱਤ ਦਹਿਸ਼ਤਗਰਦਾਂ ਖ਼ਿਲਾਫ਼ ਹਮਲੇ ਦੀ ਯੋਜਨਾ ਘੜਨ ਤੇ ਇਸ ਨੂੰ ਅੰਜਾਮ ਦੇਣ ਦੇ ਦੋਸ਼ਾਂ ਤਹਿਤ ਦਰਜ ਕੇਸ ਕੀੜੀ ਦੀ ਚਾਲ ਚੱਲ ਰਿਹਾ ਹੈ। ਇਸਲਾਮਾਬਾਦ ਹਾਈਕੋਰਟ ਵੱਲੋਂ 2015 ਵਿੱਚ ਦੋ ਮਹੀਨਿਆਂ ਦੇ ਅੰਦਰ ਕੇਸ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਅਜੇ ਤਕ ਕੇਸ ਕਿਸੇ ਤਣ ਪੱਤਣ ਨਹੀਂ ਲੱਗਾ।
ਜ਼ਖ਼ਮ ਅਜੇ ਵੀ ਅੱਲ੍ਹੇ: ਰੋਸਨਬਰਗ :ਯੋਰੋਸ਼ਲਮ: ਮੁੰਬਈ ਹਮਲੇ ਦੌਰਾਨ ਆਪਣੇ ਮਾਤਾ ਪਿਤਾ ਨੂੰ ਗੁਆਉਣ ਵਾਲੇ ਤੇ ਖ਼ੁਦ ਜਿਊਂਦੇ ਬਚੇ ਇਜ਼ਰਾਇਲੀ ਨਾਗਰਿਕ ਮੋਸ਼ੇ ਹੋਲਟਜ਼ਬਰਗ ਦੇ ਦਾਦਾ ਰੱਬੀ ਸ਼ਿਮੋਨ ਰੋਸਨਬਰਗ ਨੇ ਕਿਹਾ ਕਿ ਭਾਵੇਂ ਇਸ ਘਟਨਾ ਨੂੰ ਇਕ ਦਹਾਕਾ ਬੀਤ ਗਿਆ ਹੈ, ਪਰ ਉਨ੍ਹਾਂ ਨੂੰ ਜੋ ਮਾਨਸਿਕ ਸੱਟ ਵੱਜੀ ਹੈ, ਸਮਾਂ ਉਨ੍ਹਾਂ ਜ਼ਖ਼ਮਾਂ ਨੂੰ ਭਰ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਮੋਸ਼ੇ ਇਸੇ ਦਿਨ ਅਨਾਥ ਹੋ ਗਿਆ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …