34 ਲੱਖ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
ਡੇਰਾ ਬਾਬਾ ਨਾਨਕ : ਕਰਤਾਰਪੁਰ ਕੌਰੀਡੋਰ ਦੇ ਰਸਤੇ ਸਬੰਧੀ ਅਖੀਰ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ। ਜਿਹੜੇ ਕਿਸਾਨਾਂ ਵੱਲੋਂ ਮੁਅਵਜੇ ਦੀ ਮੰਗ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਦੇਣ ਸਬੰਧੀ ਇਤਰਾਜ਼ ਦਾਖਲ ਕੀਤੇ ਗਏ ਸਨ, ਅੱਜ ਉਹਨਾਂ ਕਿਸਾਨਾਂ ਵੱਲੋਂ ਐਸ.ਡੀ.ਐਮ. ਡੇਰਾ ਬਾਬਾ ਨਾਨਕ ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਾਲੇ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜੇ ਦੀ ਸਹਿਮਤੀ ਬਣ ਗਈ ਹੈ। ਹਾਲਾਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 34 ਲੱਖ ਰੁਪਏ ਦਾ ਰੇਟ ਘੱਟ ਹੈ, ਪਰ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਲਈ ਆਪਣੀ ਜ਼ਮੀਨ ਦੇ ਦੇਣਗੇ ਅਤੇ ਮੁਆਵਜ਼ਾ ਰੇਟ ਵਿੱਚ ਵਾਧੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਧਿਆਨ ਰਹੇ ਕਿ ਇੱਕ ਕਿਸਾਨ ਵੱਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਆਪਣੀ 16 ਏਕੜ ਜ਼ਮੀਨ ਦੇ ਦਿੱਤੀ ਗਈ ਸੀ ਅਤੇ ਸਰਕਾਰ ਨੇ ਵੀ ਬਿਨਾ ਦੇਰੀ ਤੋਂ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਸੀ। ਪਰ ਅਗਲੇ ਹੀ ਦਿਨ ਹੋਰ ਕਿਸਾਨਾਂ ਨੇ ਮੁਆਵਜ਼ਾ ਤੈਅ ਕੀਤੇ ਤੋਂ ਬਗੈਰ ਆਪਣੀਆਂ ਜ਼ਮੀਨਾਂ ‘ਤੇ ਕੰਮ ਤੋਂ ਰੋਕ ਦਿੱਤਾ ਸੀ।
ਕਰਤਾਰਪੁਰ ਲਾਂਘਾ ਭਾਰਤ-ਪਾਕਿ ਦੀ ਸਾਂਝ ਪਕੇਰੀ ਕਰੇਗਾ: ਦੁਸਾਂਝ
ਅੰਮ੍ਰਿਤਸਰ : ਕੈਨੇਡੀਅਨ ਸਿਆਸਤਦਾਨ ਉਜਲ ਸਿੰਘ ਦੁਸਾਂਝ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚ ਆਪਸੀ ਸਾਂਝ ਦਾ ਇਕ ਨਵਾਂ ਅਧਿਆਏ ਸ਼ੁਰੂ ਕਰੇਗਾ। ਇਹ ਵਿਚਾਰ ਉਨ੍ਹਾਂ ਇਥੇ ਸਾਹਿਤ ਅਤੇ ਸਭਿਆਚਾਰਕ ਮੇਲੇ ਵਿਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਸਹੀ ਫੈਸਲਾ ਕੀਤਾ ਹੈ ਅਤੇ ਇਹ ਫੈਸਲਾ ਦੋ ਐਟਮੀ ਤਾਕਤਾਂ ਵਾਲੇ ਮੁਲਕਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰੇਗਾ। ਉਨ੍ਹਾਂ ਨਾਲ ਹੀ ਆਖਿਆ ਕਿ ਅੱਤਵਾਦ ਨੂੰ ਕਿਸੇ ਵੀ ਸੂਰਤ ਵਿਚ ਸਹਿਣ ਨਹੀਂ ਕੀਤਾ ਜਾ ਸਕਦਾ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਜਾ ਰਹੇ ਭਾਰਤੀ ਵਿਦਿਆਰਥੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਭਾਰਤ ਵਿਚੋਂ ਪਰਵਾਸ ਦੇਸ਼ ਲਈ ਨੁਕਸਾਨਦੇਹ ਹੈ।
ਮੁਆਵਜ਼ੇ ਤੋਂ ਇਲਾਵਾ ਹੋਰ ਲਾਭ ਵੀ ਮਿਲਣਗੇ
ਐਸਡੀਐਮ ਗੁਰਮਿਸਰਨ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਕਿਸਾਨਾਂ ਨੂੰ ਮੁਆਵਜ਼ੇ ਦੇ ਨਾਲ-ਨਾਲ 12 ਫੀਸਦੀ ਵਿਆਜ਼ ਵੀ ਦਿੱਤਾ ਜਾਵੇਗਾ। ਕਿਸਾਨਾਂ ਨੇ ਜੋ ਫਸਲਾਂ (ਕਣਕ, ਗੋਭੀ ਤੇ ਹੋਰ) ਬੀਜੀਆਂ ਹਨ, ਉਨ੍ਹਾਂ ਦਾ ਵੀ ਦੁੱਗਣਾ ਮੁਆਵਜ਼ਾ ਦਿੱਤਾ ਜਾਵੇਗਾ।
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …