Breaking News
Home / ਦੁਨੀਆ / ਨਰਿੰਦਰ ਮੋਦੀ ਦੀ ਸਾਊਦੀ ਅਰਬ ਦੇ ਮੰਤਰੀਆਂ ਨਾਲ ਮੁਲਾਕਾਤ

ਨਰਿੰਦਰ ਮੋਦੀ ਦੀ ਸਾਊਦੀ ਅਰਬ ਦੇ ਮੰਤਰੀਆਂ ਨਾਲ ਮੁਲਾਕਾਤ

ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਵਲੋਂ ਮੋਦੀ ਦਾ ਨਿੱਘਾ ਸਵਾਗਤ
ਰਿਆਧ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸੌਦ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕੀਤਾ, ”ਸਦੀਆਂ ਪੁਰਾਣੀ ਸਾਂਝ ਦਾ ਝਲਕਾਰਾ ਦਿੰਦਾ ਰਿਸ਼ਤਾ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ।” ਇਸ ਤੋਂ ਪਹਿਲਾਂ ਊਰਜਾ ਮੰਤਰੀ ਸ਼ਹਿਜ਼ਾਦਾ ਅਬਦੁਲਅਜ਼ੀਜ਼ ਬਿਨ ਸਲਮਾਨ, ਲੇਬਰ ਅਤੇ ਸਮਾਜ ਭਲਾਈ ਬਾਰੇ ਮੰਤਰੀ ਅਹਿਮਦ ਬਿਨ ਸੁਲੇਮਾਨ ਅਲਰਾਝੀ ਅਤੇ ਵਾਤਾਵਰਨ, ਜਲ ਤੇ ਖੇਤੀਬਾੜੀ ਮੰਤਰੀ ਅਬਦੁਲਰਹਿਮਾਨ ਬਿਨ ਅਬਦੁਲਮੋਹਸਿਨ ਅਲ-ਫਾਦਲੇ ਵਲੋਂ ਸਾਊਦੀ ਅਰਬ ਦੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ”ਦੋਵਾਂ ਮੁਲਕਾਂ ਵਿਚਾਲੇ ਊਰਜਾ ਸਹਿਯੋਗ ਸਬੰਧਾਂ ਨੂੰ ਬਿਹਤਰ ਬਣਾਉਣ ਬਾਰੇ ਗੱਲਬਾਤ ਕੀਤੀ।” ਇਹ ਮੁਲਾਕਾਤ ਇਸ ਕਰਕੇ ਅਹਿਮ ਹੈ ਕਿਉਂਕਿ ਦੋਵਾਂ ਮੁਲਕਾਂ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪੱਛਮੀ ਬੰਦਰਗਾਹ ਰਿਫਾਇਨਰੀ ਪ੍ਰਾਜੈਕਟ ‘ਤੇ ਅੱਗੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਪ੍ਰਾਜੈਕਟ ਲਈ ਸਾਊਦੀ ਦੀ ਵੱਡੀ ਤੇਲ ਕੰਪਨੀ ਅਰਾਮਕੋ, ਯੂਏਈ ਦੀ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਅਤੇ ਭਾਰਤ ਦੀਆਂ ਨਿੱਜੀ ਖੇਤਰ ਦੀਆਂ ਤੇਲ ਫ਼ਰਮਾਂ ਵਲੋਂ ਨਿਵੇਸ਼ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਅੱਗੇ ਟਵੀਟ ਕੀਤਾ, ”ਬਿਹਤਰ ਭਵਿੱਖ ਲਈ ਸਰੋਤਾਂ ਦੀ ਸੰਜਮ ਨਾਲ ਵਰਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਊਦੀ ਅਰਬ ਦੇ ਵਾਤਾਵਰਨ, ਜਲ ਅਤੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ।” ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਸਾਊਦੀ ਦੇ ਮੰਤਰੀ ਨਾਲ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਜਲ ਤਕਨੀਕਾਂ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਲਾਹੇਵੰਦ ਚਰਚਾ ਕੀਤੀ ਗਈ।
ਮੋਦੀ ਨੇ ਲੇਬਰ ਅਤੇ ਸਮਾਜ ਭਲਾਈ ਮੰਤਰੀ ਨਾਲ ਲੇਬਰ ਸਬੰਧੀ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਧਨ ਮੰਤਰੀ ਮੋਦੀ ਸੋਮਵਾਰ ਦੀ ਦੇਰ ਰਾਤ ਦੋ ਰੋਜ਼ਾ ਦੌਰੇ ਲਈ ਸਾਊਦੀ ਅਰਬ ਪਹੁੰਚੇ। ਉਹ ਨਿਵੇਸ਼ ਖੇਤਰ ਵਿਚ ਪਹਿਲਾਂ ਬਾਰੇ ਵਿੱਤੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਹਨ।

ਮੋਦੀ ਵਲੋਂ ਜੌਰਡਨ ਦੇ ਸ਼ਾਹ ਨਾਲ ਦੁਵੱਲੇ ਸਬੰਧਾਂ ਦੀ ਮਜ਼ਬੂਤੀ ‘ਤੇ ਚਰਚਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਜੌਰਡਨ ਦੇ ਬਾਦਸ਼ਾਹ ਅਬਦੁੱਲ੍ਹਾ-ਦੋਇਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਵਣਜ, ਨਿਵੇਸ਼ ਤੇ ਦਹਿਸ਼ਤਗਰਦੀ ਦੇ ਟਾਕਰੇ ਸਣੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਨਿਵੇਸ਼ ਬਾਰੇ ਉੱਚ ਪੱਧਰੀ ਸੰਮੇਲਨ ਦੌਰਾਨ ਵੱਖਰੇ ਤੌਰ ‘ਤੇ ਮੁਲਾਕਾਤ ਕੀਤੀ। ਮੋਦੀ ਨੇ ਟਵੀਟ ਕੀਤਾ, ”ਰਿਆਧ ਵਿੱਚ ਬਾਦਸ਼ਾਹ ਅਬਦੁੱਲਾ-ਦੋਇਮ ਨਾਲ ਮੁਲਾਕਾਤ ਬਹੁਤ ਵਧੀਆ ਰਹੀ। ਅਸੀਂ ਭਾਰਤ ਅਤੇ ਜੌਰਡਨ ਦੇ ਸਬੰਧਾਂ ਬਾਰੇ ਮੁੱਦਿਆਂ ‘ਤੇ ਚਰਚਾ ਕੀਤੀ।” ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕੀਤਾ, ”ਦੋਵਾਂ ਆਗੂਆਂ ਨੇ ਕਈ ਖੇਤਰਾਂ ਖਾਸ ਕਰਕੇ ਵਣਜ ਤੇ ਨਿਵੇਸ਼, ਮਨੁੱਖੀ ਸਰੋਤ ਵਿਕਾਸ ਤੇ ਲੋਕਾਂ ਦੇ ਆਪਸੀ ਸਬੰਧਾਂ ਬਾਰੇ ਮਜ਼ਬੂਤੀ ਲਈ ਕੰਮ ਕਰਨ ਬਾਰੇ ਚਰਚਾ ਕੀਤੀ।”

Check Also

ਅਮਰੀਕਾ ‘ਚ ਖੰਨਾ ਦੇ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਖੰਨਾ/ਬਿਊਰੋ ਨਿਊਜ਼ : ਲੁਧਿਆਣਾ ਦੇ ਕਸਬਾ ਖੰਨਾ ਅਧੀਨ ਆਉਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ …