
ਭੂਚਾਲ ਤੋਂ ਬਾਅਦ ਹਫੜਾ-ਦਫੜੀ ਦੌਰਾਨ ਮੇਨ ਗੇਟ ਰਾਹੀਂ ਕੈਦੀ ਫਰਾਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਕਰਾਚੀ ਦੀ ਮਾਲੀਰ ਜੇਲ੍ਹ ਵਿਚੋਂ ਲੰਘੀ ਰਾਤ 216 ਕੈਦੀ ਫਰਾਰ ਹੋ ਗਏ। ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਕਰਾਚੀ ’ਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਸਾਵਧਾਨੀ ਦੇ ਤੌਰ ’ਤੇ ਕੈਦੀਆਂ ਨੂੰ ਬੈਰਕਾਂ ਵਿਚੋਂ ਬਾਹਰ ਕੱਢਿਆ ਗਿਆ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਕੈਦੀ ਮੇਨ ਗੇਟ ਰਾਹੀਂ ਫਰਾਰ ਹੋ ਗਏ। ਦੱਸਿਆ ਗਿਆ ਫਰਾਰ ਹੋਏ 216 ਕੈਦੀਆਂ ਵਿਚੋਂ ਕਰੀਬ 80 ਕੈਦੀਆਂ ਨੂੰ ਮੁੜ ਫੜ ਲਿਆ ਗਿਆ ਹੈ, ਜਦੋਂ ਕਿ ਬਾਕੀ ਕੈਦੀ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ। ਜੇਲ੍ਹ ਦੇ ਸੁਪਰਡੈਂਟ ਅਰਸ਼ਦ ਸ਼ਾਹ ਨੇ ਇਸ ਸਬੰਧੀ ਪੁਸ਼ਟੀ ਵੀ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਭੱਜੇ ਹੋਏ ਕੈਦੀਆਂ ਨੂੰ ਫੜਨ ਲਈ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਹੈ।