ਗਰਮੀ ਦੇ ਮੌਸਮ ’ਚ ਵੱਧ ਪਾਣੀ ਪੀਣ ਦੀ ਦਿੱਤੀ ਗਈ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੇ ਕੁਝ ਦਿਨਾਂ ਤੋਂ ਗਰਮੀ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 40 ਡਿਗਰੀ ਤੋਂ ਪਾਰ ਜਾਣ ਲੱਗ ਪਿਆ ਹੈ। ਅਜਿਹੀ ਗਰਮੀ ਵਿਚ ਆਮ ਲੋਕਾਂ ਅਤੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਗਰਮੀਆਂ ਦੇ ਇਸ ਮੌਸਮ ਵਿਚ ਚੱਲਣ ਵਾਲੀ ਹੀਟ ਵੇਵ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਚਿਤ ਕੱਪੜੇ ਪਹਿਨਣ ਤੋਂ ਲੈ ਕੇ ਗਰਮੀ ਤੋਂ ਬਚਣ ਦੇ ਤੌਰ ਤਰੀਕੇ ਦੱਸੇ ਗਏ ਹਨ। ਵਿਭਾਗ ਨੇ ਤੈਅ ਕੀਤਾ ਹੈ ਕਿ ਇਨ੍ਹਾਂ ਗਾਈਡ ਲਾਈਨਜ਼ ਨੂੰ ਸਾਰੇ ਸਕੂਲਾਂ ਵਿਚ ਲਾਗੂ ਕਰਵਾਇਆ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਮੌਰਨਿੰਗ ਅਸੈਂਬਲੀ ਅਤੇ ਸਰੀਰਕ ਸਿੱਖਿਆ ਦੇ ਪੀਰੀਅਡ ਵਿਚ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।