ਮੁੱਖ ਮੰਤਰੀ ਭਗਵੰਤ ਮਾਨ ਨੇ ਨਰਸਿੰਗ ਸਟਾਫ਼ ਦੇ 250 ਨਵੇਂ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਫਰੀਦਕੋਟ ’ਚ ਕਰੋੜਾਂ ਰੁਪਏ ਦੀਆਂ ਹੋਰ ਯੋਜਨਾਵਾਂ ਦਾ ਵੀ ਕੀਤਾ ਉਦਘਾਟਨ
ਫਰੀਦਕੋਟ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਰੀਦਕੋਟ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਣ ’ਤੇ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਕਰੋੜਾਂ ਰੁਪਏ ਦੀਆਂ ਨਵੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ 250 ਨਰਸਿੰਗ ਸਟਾਫ ਦੇ ਨਵਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਉਨ੍ਹਾਂ ਨਵ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 10 ਹਜ਼ਾਰ ਉਮੀਦਵਾਰਾਂ ਨੇ ਟੈਸਟ ਦਿੱਤਾ ਸੀ, ਜਿਨ੍ਹਾਂ ’ਚੋਂ 250 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਟੈਸਟ ਪਾਸ ਨਹੀਂ ਕਰ ਸਕੇ ਉਨ੍ਹਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ। ਉਹ ਅਗਲੇ ਟੈਸਟ ਲਈ ਵਧੀਆ ਤਿਆਰੀ ਕਰਨ ਕਿਉਂਕਿ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਹਾਸਲ ਕਰਨ ਦੇ ਹੋਰ ਮੌਕੇ ਦੇਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬੀ ਜਿੱਥੇ ਵੀ ਗਏ ਉਨ੍ਹਾਂ ਤਰੱਕੀਆਂ ਹੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਮਤਲਬ ਕੁਰਸੀ ’ਤੇ ਬੈਠਣਾ, ਵੱਡੇ ਘਰਾਂ ’ਚ ਰਹਿਣਾ ਜਾਂ ਸੈਲਿਊਟ ਮਰਵਾਉਣਾ ਨਹੀਂ ਹੁੰਦਾ, ਸਗੋਂ ਇਹ ਦੇਖਣਾ ਹੁੰਦਾ ਹੈ ਕਿ 5 ਸਾਲਾਂ ਅੰਦਰ ਸੂਬੇ ਦੇ ਲੋਕਾਂ ਦਾ ਜੀਵਨ ਪੱਧਰ ਕਿੰਨਾ ਕੁ ਉਚਾ ਹੋਇਆ ਹੈ। ਸੂਬੇ ਅੰਦਰ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਅਤੇ ਕਿੰਨੇ ਲੋਕਾਂ ਦੇ ਘਰਾਂ ਦੀ ਆਰਥਿਕ ਸਥਿਤੀ ਬਦਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ’ਚ ਬਣੇ ਕਰੋੜਾਂ ਰੁਪਏ ਦੇ ਐਮਸੀਐਚ ਬਲਾਕ ਅਤੇ ਫਰੀਦਕੋਟ ਸ਼ਹਿਰ ’ਚ 2016 ਤੋਂ ਵਿਛਾਏ ਜਾ ਰਹੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਵੀ ਕੀਤਾ।