Breaking News
Home / ਪੰਜਾਬ / ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਵਿਵਾਦਾਂ ‘ਚ

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਵਿਵਾਦਾਂ ‘ਚ

ਨੌਜਵਾਨ ਆਗੂਆਂ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਕੀਤਾ ‘ਸੇਵਾਮੁਕਤ’
ਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਈ, ਜਦੋਂ ਕੁਝ ਸਿੱਖ ਨੌਜਵਾਨਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਐਲਾਨ ਕੀਤਾ ਕਿ ਜਥੇਬੰਦੀ ਵਿੱਚੋਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਗਰੂਪ ਸਿੰਘ ਚੀਮਾ ਨੂੰ ਸਾਰੇ ਅਹੁਦਿਆਂ ਅਤੇ ਫੈਡਰੇਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਐਲਾਨ ਕੀਤਾ ਕਿ ਜਥੇਬੰਦੀ ਦਾ ਨਵਾਂ ਢਾਂਚਾ ਉਲੀਕਣ ਲਈ ਸੰਵਿਧਾਨਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਦੂਜੇ ਪਾਸੇ ਫੈਡਰੇਸ਼ਨ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਇਨ੍ਹਾਂ ਆਗੂਆਂ ਨੂੰ ਸੇਵਾਮੁਕਤ ਕਰਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਉਹ ਨਾ ਤਾਂ ਜਥੇਬੰਦੀ ਦੇ ਅਹੁਦੇਦਾਰ ਹਨ ਅਤੇ ਨਾ ਹੀ ਮੈਂਬਰ ਹਨ। ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਅਨਮੋਲਦੀਪ ਸਿੰਘ, ਗੁਰਵਿੰਦਰ ਸਿੰਘ ਤੇ ਸਰਬਜੀਤ ਸਿੰਘ ਨੇ ਦਾਅਵਾ ਕੀਤਾ ਕਿ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਜਥੇਬੰਦੀ ਦੇ ਪਿਛਲੇ ਸਾਲਾਨਾ ਇਜਲਾਸ ਮੌਕੇ ਐਲਾਨ ਕੀਤਾ ਗਿਆ ਸੀ ਕਿ 14 ਮਾਰਚ ਨੂੰ ਨਵੇਂ ਵਰ੍ਹੇ ਮੌਕੇ ਫੈਡਰੇਸ਼ਨ ਦੀ ਅਗਵਾਈ ਨੌਜਵਾਨ ਵਿਦਿਆਰਥੀਆਂ ਦੇ ਹੱਥ ਦਿੱਤੀ ਜਾਵੇਗੀ ਤੇ ਉਹ ਖ਼ੁਦ ਦਲ ਖਾਲਸਾ ਵਿੱਚ ਸ਼ਾਮਲ ਹੋ ਜਾਣਗੇ। ਇਹ ਐਲਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਤਾ ਗਿਆ ਸੀ।
ਉਨ੍ਹਾਂ ਦੋਸ਼ ਲਾਇਆ ਕਿ ਪੀਰ ਮੁਹੰਮਦ ਇਸ ਐਲਾਨ ਤੋਂ ਮੁਕਰ ਗਏ ਹਨ। ਇਸੇ ਲਈ ਹੰਗਾਮੀ ਮੀਟਿੰਗ ਸੱਦ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਸ ਵੇਲੇ ਫੈਡਰੇਸ਼ਨ ਦਾ ਪੁਰਾਣਾ ਢਾਂਚਾ ਭੰਗ ਕਰਕੇ 12 ਮੈਂਬਰੀ ਐਡਹਾਕ ਕਮੇਟੀ ਬਣਾਈ ਗਈ ਸੀ ਪਰ ਲੰਘੇ ਅਰਸੇ ਦੌਰਾਨ ਐਡਹਾਕ ਕਮੇਟੀ ਦੀ ਇਕ ਵੀ ਮੀਟਿੰਗ ਨਹੀਂ ਸੱਦੀ ਗਈ ਅਤੇ ਨਾ ਹੀ ਕਿਸੇ ਮਾਮਲੇ ਵਿੱਚ ਰਾਇ ਲਈ ਹੈ। ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਫੈਡਰੇਸ਼ਨ ਮੁਖੀ ਵਲੋਂ ਐਲਾਨ ਤੋਂ ਪਿਛਾਂਹ ਹਟਣ ਦੀ ਮੁਆਫ਼ੀ ਮੰਗੀ ਗਈ ਹੈ। ਇਸ ਦੌਰਾਨ ਕੁਝ ਮਤੇ ਵੀ ਪਾਸ ਕੀਤੇ ਗਏ ਹਨ, ਜਿਸ ਤਹਿਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਗਰੂਪ ਸਿੰਘ ਚੀਮਾ ਨੂੰ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਸੇਵਾਮੁਕਤ ਕੀਤਾ ਗਿਆ ਹੈ।
ਨੌਜਵਾਨ ਆਗੂਆਂ ਦਾ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ: ਪੀਰ ਮੁਹੰਮਦઠ
ਫੈਡਰੇਸ਼ਨ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਰਜਿਸਟਰਡ ਜਥੇਬੰਦੀ ਹੈ, ਜਿਸ ਦੀ ਦਸ ਮੈਂਬਰੀ ਸੁਪਰੀਮ ਕੌਂਸਲ ਅਤੇ ਸੱਤ ਮੈਂਬਰੀ ਕਮੇਟੀ ਵੀ ਹੈ। ਇਸ ਦਾ ਆਪਣਾ ਬੈਂਕ ਖਾਤਾ ਅਤੇ ਸੰਵਿਧਾਨ ਵੀ ਹੈ। ਇਨ੍ਹਾਂ ਨੌਜਵਾਨ ਆਗੂਆਂ ਦਾ ਫੈਡਰੇਸ਼ਨ ਨਾਲ ਕੋਈ ਸਬੰਧ ਨਹੀਂ ਹੈ। ਇਹ ਨਾ ਤਾਂ ਇਸ ਦੇ ਮੈਂਬਰ ਹਨ ਅਤੇ ਨਾ ਹੀ ਅਹੁਦੇਦਾਰ ਹਨ। ਇਨ੍ਹਾਂ ਵਿੱਚੋਂ ਦੋ ਆਗੂਆਂ ਨੂੰ ਪਹਿਲਾਂ ਹੀ ਪਾਰਟੀ ਤੋਂ ਬਾਹਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦਾ ਫੈਡਰੇਸ਼ਨ ਪੀਰ ਮੁਹੰਮਦ ਨਾਲ ਕੋਈ ਸਬੰਧ ਨਹੀਂ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …