Breaking News
Home / ਪੰਜਾਬ / ਜਗਦੀਸ਼ ਝੀਂਡਾ ਦੀ ਪੰਥ ‘ਚ ਹੋਈ ਵਾਪਸੀ

ਜਗਦੀਸ਼ ਝੀਂਡਾ ਦੀ ਪੰਥ ‘ਚ ਹੋਈ ਵਾਪਸੀ

ਅਕਾਲ ਤਖਤ ਸਾਹਿਬ ਵਲੋਂ ਲਾਈ ਤਨਖਾਹ ਕੀਤੀ ਪੂਰੀ
ਅੰਮ੍ਰਿਤਸਰ/ਬਿਊਰੋ ਨਿਊਜ਼
ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਪੰਥ ਵਿੱਚ ਵਾਪਸੀ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖਾਹ ਪੂਰੀ ਕਰਨ ਲਈ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਇੱਕ ਘੰਟਾ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਮਗਰੋਂ ਅਕਾਲ ਤਖ਼ਤ ਸਾਹਿਬ ‘ਤੇ ਖਿਮਾ ਯਾਚਨਾ ਦੀ ਅਰਦਾਸ ਕਰ ਕੇ ਉਨ੍ਹਾਂ ਪੰਥ ਵਿੱਚ ਵਾਪਸੀ ਕੀਤੀ।
ਕੁਝ ਸਾਲ ਪਹਿਲਾਂ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਵੱਲੋਂ ਹਰਿਆਣਾ ਦੇ ਤਿੰਨ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਲੰਘੇ ਦਿਨੀਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਮੇਂ ਜਗਦੀਸ਼ ਸਿੰਘ ਝੀਂਡਾ ਨੇ ਪੇਸ਼ ਹੋ ਕੇ ਖਿਮਾ ਯਾਚਨਾ ਲਈ ਅਪੀਲ ਕੀਤੀ ਸੀ, ਜਿਸ ਦੇ ਆਧਾਰ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਤਨਖਾਹ ਲਾਈ ਗਈ ਸੀ।
ਝੀਂਡਾ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਪਹਿਲਾਂ ਸੰਗਤਾਂ ਦੇ ਜੂਠੇ ਬਰਤਨਾਂ ਦੀ ਸੇਵਾ ਕਰਦਿਆਂ ਤਨਖਾਹ ਪੂਰੀ ਕੀਤੀ ਅਤੇ ਮਗਰੋਂ ਅਕਾਲ ਤਖ਼ਤ ਸਾਹਿਬ ‘ਤੇ ਕੜਾਹ ਪ੍ਰਸਾਦਿ ਦੀ ਦੇਗ ਭੇਟ ਕਰਦਿਆਂ ਖਿਮਾ ਯਾਚਨਾ ਦੀ ਅਰਦਾਸ ਕਰਵਾਈ। ਇਸ ਮੌਕੇ ਝੀਂਡਾ ਨੇ ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਬਣਾਈ ਗਈ ਐਡਹਾਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਬਾਰੇ ਆਖਿਆ ਕਿ ਦੀਦਾਰ ਸਿੰਘ ਨਲਵੀ ਨੂੰ ਵੀ ਪੰਥ ਵਿੱਚੋਂ ਛੇਕਿਆ ਹੋਇਆ ਹੈ ਤੇ ਛੇਕੇ ਹੋਏ ਵਿਅਕਤੀ ਨੂੰ ਅਜਿਹਾ ਫ਼ੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਉਹ ਪਹਿਲਾਂ ਖੁਦ ਪੰਥ ਵਿੱਚ ਵਾਪਸੀ ਕਰਨ। ਮੁਤਵਾਜੀ ਜਥੇਦਾਰਾਂ ਵਿੱਚ ਸ਼ਾਮਲ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੀਦਾਰ ਸਿੰਘ ਨਲਵੀ ਨੂੰ ਸਿਰੋਪਾਓ ਦਿੱਤੇ ਜਾਣ ‘ਤੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਝੀਂਡਾ ਨੇ ਆਖਿਆ ਕਿ ਦਾਦੂਵਾਲ ਨੇ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਨੂੰ ਸਿਰੋਪਾਓ ਦੇ ਕੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ। ਝੀਂਡਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਝੀਂਡਾ ਨੇ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖਾਹ ਪੂਰੀ ਕਰ ਲਈ ਹੈ ਅਤੇ ਉਹ ਰਸਮੀ ਤੌਰ ‘ਤੇ ਪੰਥ ਵਿੱਚ ਮੁੜ ਸ਼ਾਮਲ ਹੋ ਗਏ ਹਨ।
ਜਗਦੀਸ਼ ਸਿੰਘ ਝੀਂਡਾ ਬਰਖਾਸਤ, ਨਲਵੀ ਨੂੰ ਸੌਂਪੀ ਜ਼ਿੰਮੇਵਾਰੀ
ਗੂਹਲਾ ਚੀਕਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਅਤੇ ਕਾਰਜਕਾਰਨੀ ਦੀ ਮੀਟਿੰਗ ਕੈਥਲ ਦੇ ਨਿੰਮ ਸਾਹਿਬ ਗੁਰਦੁਆਰੇ ਵਿੱਚ ਹੋਈ, ਜਿਸ ਵਿੱਚ ਕਮੇਟੀ ਮੈਂਬਰਾਂ ਵੱਲੋਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ઠਝੀਂਡਾ ਬਾਰੇ ਫੈਸਲੇ ‘ਤੇ ਕਮੇਟੀ ઠਦੇ 28 ਵਿੱਚੋਂ 15 ਮੈਂਬਰਾਂ ਨੇ ਸਹਿਮਤੀ ਜਤਾਈ। ਕਮੇਟੀ ઠਦੇ ਅਹੁਦੇਦਾਰਾਂ ਨੇ ਝੀਂਡਾ ‘ਤੇ ਸ਼ੰਕਾ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਬਾਦਲਾਂ ਨਾਲ ਸਮਝੌਤਾ ਕਰ ਲਿਆ, ਜਿਸ ਸਬੰਧੀ ਕਾਰਜਕਾਰਨੀ ਨਾਲ ਸਲਾਹ ਨਹੀਂ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੰਤ ਬਲਜੀਤ ਸਿੰਘ ઠਦਾਦੂਵਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਝੀਂਡਾ ਨੂੰ ਅਹੁਦੇ ਤੋਂ ਹਟਾਉਣ ਦੇ ਬਾਅਦ ਉਨ੍ਹਾਂ ઠਦੇ ઠਸਥਾਨ ਉੱਤੇ ਦੀਦਾਰ ਸਿੰਘ ઠਨਲਵੀ ਨੂੰ 7 ਮਈ ਤੱਕ ਜਨਰਲ ਅਤੇ ਕਾਰਜਕਾਰਨੀ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਹੈ। ਅਗਲੀ ਮੀਟਿੰਗ 7 ਮਈ ਨੂੰ ਸੱਦੀ ਗਈ ਹੈ।

Check Also

ਭੁਪਿੰਦਰ ਸਿੰਘ ਮਾਨ ਦੀ ਜਥੇਬੰਦੀ ਨੂੰ ਝਟਕਾ

ਦਰਜਨਾਂ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਜਥੇਬੰਦੀ ‘ਚ ਸ਼ਾਮਲ ਚੰਡੀਗੜ੍ਹ, ਬਿਊਰੋ ਨਿਊਜ਼ ਸੁਪਰੀਮ ਕੋਰਟ ਵਲੋਂ …