Breaking News
Home / ਪੰਜਾਬ / ਕੁਵੈਤ ‘ਚ ਫਸੇ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਲੱਗੇ ਤਰਸਣ

ਕੁਵੈਤ ‘ਚ ਫਸੇ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਲੱਗੇ ਤਰਸਣ

ਪਾਸਪੋਰਟ ਮੰਗਦੇ ਹਨ ਤਾਂ ਕੰਪਨੀਆਂ ਦੇ ਅਧਿਕਾਰੀ ਦਿੰਦੇ ਹਨ ਧਮਕੀਆਂ
ਮਾਛੀਵਾੜਾ/ਬਿਊਰੋ ਨਿਊਜ਼
ਤਾਲਾਬੰਦੀ ਦੌਰਾਨ ਕੁਵੈਤ ਵਿਚ ਫਸੇ ਬੇਰੁਜ਼ਗਾਰ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤੀ ਸਰਕਾਰ ਤੋਂ ਆਸ ਲਾਈ ਬੈਠੇ ਹਨ ਪਰ ਹਾਲੇ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਹੁਣ ਉਥੇ ਇਹ ਹਾਲਾਤ ਪੈਦਾ ਹੋ ਗਏ ਹਨ ਕਿ ਕੁਵੈਤ ਦੀਆਂ ਕੰਪਨੀਆਂ ਉਨ੍ਹਾਂ ਨੂੰ ਧਮਕਾਉਣ ਲੱਗ ਪਈਆਂ ਹਨ।
ਕੁਵੈਤ ਵਿਚ ਫਸੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਉਹ ਕੰਪਨੀ ਅਧਿਕਾਰੀਆਂ ਤੋਂ ਆਪਣਾ ਪਾਸਪੋਰਟ ਵਾਪਿਸ ਮੰਗਦੇ ਹਨ ਤਾਂ ਅੱਗਿਓਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਫਾਰਮਾਂ ‘ਤੇ ਜਬਰੀ ਦਸਤਖ਼ਤ ਕਰਵਾਏ ਜਾ ਰਹੇ ਹਨ ਤਾਂ ਜੋ ਇੱਥੇ ਫਸੇ ਨੌਜਵਾਨ ਆਪਣੀ ਤਨਖਾਹ ਲਈ ਕੋਈ ਕਲੇਮ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਭਾਰਤ ਵਾਪਸੀ ਲਈ ਅਤੇ ਇੱਥੇ ਕੰਪਨੀ ਤੋਂ ਤਨਖਾਹ ਲੈਣ ਲਈ ਆਵਾਜ਼ ਉਠਾ ਰਹੇ ਹਨ ਪਰ ਨਾ ਤਾਂ ਭਾਰਤੀ ਸਰਕਾਰ ਉਨ੍ਹਾਂ ਦੀ ਸੁਣ ਰਹੀ ਹੈ ਅਤੇ ਨਾ ਹੀ ਸਥਾਨਕ ਕੰਪਨੀ। ਸਗੋਂ ਕੰਪਨੀ ਦੇ ਨੁਮਾਇੰਦੇ ਉਨ੍ਹਾਂ ‘ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੌਰਾਨ ਪਹਿਲਾਂ ਤਾਂ ਕੰਪਨੀ ਵਧੀਆ ਖਾਣਾ ਦਿੰਦੀ ਰਹੀ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਸਿਰਫ਼ ਇੱਕ ਵਾਰ ਖਾਣਾ ਦਿੱਤਾ ਜਾਂਦਾ ਹੈ, ਜਿਸ ਦਾ ਕੋਈ ਸਮਾਂ ਨਹੀਂ। ਸਾਰੇ ਨੌਜਵਾਨ ਰਾਤ ਨੂੰ ਭੁੱਖੇ ਸੌਂਦੇ ਹਨ।
ਨੌਜਵਾਨ ਨੇ ਦੱਸਿਆ ਕਿ ਕੰਪਨੀ ਵੱਲੋਂ ਕਿਸੇ ਵੀ ਬਿਮਾਰ ਨੌਜਵਾਨ ਨੂੰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਜਿਹੜਾ ਉਨ੍ਹਾਂ ਦੇ ਜੇਬਾਂ ਵਿੱਚ ਪੈਸਾ ਸੀ, ਉਹ ਖ਼ਤਮ ਹੋ ਚੁੱਕਾ ਹੈ। ਇਸ ਕਾਰਨ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ?ਪਹਿਲਾਂ ਵੀ ਨੌਜਵਾਨਾਂ ਨੇ ਵੀਡੀਓ ਜਾਰੀ ਕਰ ਕੇ ਵਤਨ ਵਾਪਸੀ ਦੀ ਮੰਗ ਕੀਤੀ ਸੀ।
ਪੰਜਾਬ ਦੇ ਕਿਸੇ ਮੰਤਰੀ ਨੇ ਨਹੀਂ ਲਈ ਸਾਰ
ਕੁਵੈਤ ਵਿੱਚ ਫਸੇ ਨੌਜਵਾਨਾਂ ਨੇ ਕਿ ਭਾਰਤ ਦੀ ਅੰਬੈਂਸੀ ਤੇ ਪੰਜਾਬ ਦੇ ਸਿਆਸੀ ਆਗੂਆਂ ਨੇ ਕੁਵੈਤ ਵਿਚ ਫਸੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਨੂੰ ਇੱਥੋਂ ਕੱਢਣ ਲਈ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਪੰਜਾਬ ਦੇ ਪੁੱਤਰ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐੱਮ.ਪੀ. ਭਗਵੰਤ ਸਿੰਘ ਮਾਨ ਅਤੇ ਭਾਰਤੀ ਦੂਤਾਵਾਸ ਨੂੰ ਉਨ੍ਹਾਂ ਦੀ ਕੁਵੈਤ ਵਿਚ ਬਦ ਤੋਂ ਬਦਤਰ ਹਾਲਤ ਕਿਉਂ ਨਹੀਂ ਦਿਖਾਈ ਦੇ ਰਹੀ। ਨੌਜਵਾਨਾਂ ਨੇ ਦੱਸਿਆ ਕਿ ਫਿਲਹਾਲ ਪੰਜਾਬ ਤੋਂ ਸਿਰਫ਼ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਨੇ ਉਨ੍ਹਾਂ ਦਾ ਫੋਨ ‘ਤੇ ਹਾਲਚਾਲ ਪੁੱਛਿਆ ਅਤੇ ਕੁੱਝ ਭਰੋਸਾ ਦਿੱਤਾ ਹੈ ਪਰ ਜਦੋਂ ਤੱਕ ਉਹ ਭਾਰਤ ਆਪਣੇ ਪਰਿਵਾਰਾਂ ਕੋਲ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਬੁਰੇ ਹਾਲਾਤ ਵਿਚ ਹੀ ਦਿਨ ਕੱਟਣ ਲਈ ਮਜਬੂਰ ਹਨ।

ਪੰਜਾਬੀ ਨੌਜਵਾਨਾਂ ਦੇ ਹੱਕ ‘ਚ ਨਿੱਤਰੇ ਚਰਨਜੀਤ ਸਿੰਘ ਅਟਵਾਲ

ਕੁਵੈਤ ਵਿਚ ਫਸੇ ਨੌਜਵਾਨਾਂ ਦੀ ਵਾਪਸੀ ਲਈ ਮੋਦੀ ਨੂੰ ਲਿਖੀ ਚਿੱਠੀ
ਚੰਡੀਗੜ੍ਹ : ਸਾਬਕਾ ਲੋਕ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਵਿਚ ਫਸੇ 600 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਕਿਉਂਕਿ ਇਹਨਾਂ ਪੰਜਾਬੀਆਂ ਦੇ ਪਾਸਪੋਰਟ ਇਹਨਾਂ ਦੇ ਮਾਲਕ ਨੇ ਜ਼ਬਤ ਕਰ ਲਏ ਹਨ।
ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਸਾਰੇ ਛੇ ਸੌ ਪੰਜਾਬੀ ਫਰਮਾਨੀਆ ਵਿਚ ਕੇਜੀਐਲ ਨਾਂ ਦੀ ਪ੍ਰਾਈਵੇਟ ਫਰਮ ਵਿਚ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਇਹਨਾਂ ਵਰਕਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਨਾ ਹੀ ਇਹ ਆਪਣੀ ਕੰਮ ਵਾਲੀ ਥਾਂ ਤੋਂ ਬਾਹਰ ਨਿਕਲ ਸਕਦੇ ਕਿਉਂਕਿ ਇਹਨਾਂ ਦੇ ਪਾਸਪੋਰਟ ਕੰਪਨੀ ਮੈਨੇਜਮੈਂਟ ਕੋਲ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹਨਾਂ ਵਰਕਰਾਂ ਦੇ ਰਿਸ਼ਤੇਦਾਰਾਂ ਨੇ ਆ ਕੇ ਮੰਗ ਪੱਤਰ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਇਹ ਵਾਪਸ ਪੰਜਾਬ ਲਿਆਂਦੇ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁਵੈਤ ਵਿਚ ਭਾਰਤੀ ਸਫਾਰਤਖਾਨੇ ਸਮੇਤ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦੇਣ ਕਿ ਫਸੇ ਹੋਏ ਇਹਨਾਂ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਇਹਨਾਂ ਨੂੰ ਵਾਪਸ ਪੰਜਾਬ ਲਿਆਉਣਾ ਯਕੀਨੀ ਬਣਾਇਆ ਜਾਵੇ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …