3.9 C
Toronto
Friday, May 1, 2026
spot_img
Homeਭਾਰਤਜੰਗ 'ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ : ਸੀਡੀਐੱਸ

ਜੰਗ ‘ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ : ਸੀਡੀਐੱਸ

ਜਨਰਲ ਚੌਹਾਨ ਨੇ ਲੜਾਕੂ ਜਹਾਜ਼ ਡਿੱਗਣ ਦੀ ਗੱਲ ਸਵੀਕਾਰਨ ਮਗਰੋਂ ਹੋ ਰਹੀ ਆਲੋਚਨਾ ਨੂੰ ਕੀਤਾ ਖਾਰਜ
ਪੁਣੇ/ਬਿਊਰੋ ਨਿਊਜ਼ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਪੇਸ਼ੇਵਰ ਸੈਨਾਵਾਂ ਆਰਜ਼ੀ ਨੁਕਸਾਨ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ ਕਿਉਂਕਿ ਮੁਕੰਮਲ ਨਤੀਜੇ ਅਜਿਹੇ ਕਿਸੇ ਵੀ ਨੁਕਸਾਨ ਤੋਂ ਕਿਤੇ ਵੱਧ ਅਹਿਮ ਹੁੰਦੇ ਹਨ।
ਫੌਜੀ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ, ਭਾਰਤ ਨੂੰ ਹਜ਼ਾਰਾਂ ਜ਼ਖ਼ਮ ਦੇ ਕੇ ਲਹੂ-ਲੁਹਾਨ ਕਰਨ ਦੀ ਨੀਤੀ ‘ਤੇ ਚੱਲ ਰਿਹਾ ਹੈ ਪਰ ਨਵੀਂ ਦਿੱਲੀ ਨੇ ‘ਅਪਰੇਸ਼ਨ ਸਿੰਧੂਰ’ ਰਾਹੀਂ ਸਰਹੱਦ ਪਾਰੋਂ ਹੁੰਦੇ ਅਤਿਵਾਦ ਖਿਲਾਫ ਨਵੀਂ ਲਛਮਣ ਰੇਖਾ ਖਿੱਚ ਦਿੱਤੀ ਹੈ।
ਸਾਵਿੱਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ ‘ਚ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਇਹ ਗੱਲ ਸਵੀਕਾਰ ਕਰਨ ਲਈ ਹੋ ਰਹੀ ਆਪਣੀ ਆਲੋਚਨਾ ਨੂੰ ਖਾਰਜ ਕਰ ਦਿੱਤਾ ਕਿ ‘ਅਪਰੇਸ਼ਨ ਸਿੰਧੂਰ’ ਦੇ ਮੁੱਢਲੇ ਗੇੜ ‘ਚ ਭਾਰਤ ਨੇ ਅਣਦੱਸੀ ਗਿਣਤੀ ‘ਚ ਲੜਾਕੂ ਜੈੱਟ ਜਹਾਜ਼ ਗੁਆ ਦਿੱਤੇ। ਉਨ੍ਹਾਂ ਕਿਹਾ, ‘ਜਦੋਂ ਮੈਨੂੰ ਨੁਕਸਾਨ ਬਾਰੇ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਇਹ ਅਹਿਮ ਨਹੀਂ ਹੈ ਬਲਕਿ ਨਤੀਜੇ ਅਤੇ ਤੁਸੀਂ ਕੰਮ ਕਿਸ ਤਰ੍ਹਾਂ ਕਰਦੇ ਹੋ, ਇਹ ਅਹਿਮ ਹੈ।’
ਚੌਹਾਨ ਨੇ ਕਿਹਾ ਕਿ ਨੁਕਸਾਨ ਤੇ ਗਿਣਤੀ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨੁਕਸਾਨ ਅਹਿਮ ਨਹੀਂ ਹੈ ਬਲਕਿ ਨਤੀਜੇ ਅਹਿਮ ਹਨ।
ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਪਿੱਛੇ ਸੋਚ ਇਹ ਸੀ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਨੂੰ ਠੱਲ੍ਹ ਪਾਈ ਜਾਵੇ ਤੇ ਉਸ ਦੇਸ਼ ਨੂੰ ਭਾਰਤ ਨੂੰ ਅਤਿਵਾਦ ਦਾ ਬੰਧਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਤੇ ਪਰਮਾਣੂ ਬਲੈਕਮੇਲ ਤੋਂ ਡਰਨ ਵਾਲਾ ਨਹੀਂ ਹੈ।
ਦੋਵਾਂ ਮੁਲਕਾਂ ਵਿਚਾਲੇ ਗੋਲੀਬੰਦੀ ‘ਤੇ ਸਹਿਮਤੀ ਪ੍ਰਕਿਰਿਆ ਨੂੰ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਖਿਲਾਫ 48 ਘੰਟੇ ਤੱਕ ਜਵਾਬੀ ਕਾਰਵਾਈ ਦੀ ਯੋਜਨਾ ਬਣਾਈ ਸੀ ਪਰ ਇਹ ਯੋਜਨਾ ਸਿਰਫ਼ ਅੱਠ ਘੰਟਿਆਂ ਅੰਦਰ ਹੀ ਢਹਿ-ਢੇਰੀ ਹੋ ਗਈ।
ਸੀਡੀਐੱਸ ਨੇ ਪਾਕਿ ‘ਤੇ ਜਿੱਤ ਨੂੰ ਕ੍ਰਿਕਟ ਰਾਹੀਂ ਸਮਝਾਇਆ
ਸੀਡੀਐੱਸ ਜਨਰਲ ਅਨਿਲ ਚੌਹਾਨ ਨੇ ਅਪਰੇਸ਼ਨ ਸਿੰਧੂਰ ‘ਚ ਪਾਕਿਸਤਾਨ ‘ਤੇ ਭਾਰਤ ਦੀ ਫ਼ੈਸਲਾਕੁਨ ਜਿੱਤ ਬਾਰੇ ਸਮਝਾਉਣ ਲਈ ਕ੍ਰਿਕਟ ਦੀ ਮਿਸਾਲ ਦਿੱਤੀ ਤੇ ਕਿਹਾ ਕਿ ਭਾਰਤ ਨੇ ਆਪਣੇ ਵਿਰੋਧੀ ਨੂੰ ‘ਪਾਰੀ ਨਾਲ ਮਾਤ’ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਖਤਮ ਨਹੀਂ ਹੋਇਆ, ਸਿਰਫ਼ ਆਰਜ਼ੀ ਗੋਲੀਬੰਦੀ ਹੋਈ ਹੈ। ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਹੋਏ ਨੁਕਸਾਨ ਸਬੰਧੀ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ‘ਮੰਨ ਲਓ ਤੁਸੀਂ ਫੁਟਬਾਲ ਮੈਚ ਖੇਡ ਰਹੇ ਹੋ ਤੇ ਤੁਸੀਂ 4-2 ਨਾਲ ਜਿੱਤ ਜਾਂਦੇ ਹੋ। ਉਨ੍ਹਾਂ ਦੇ ਦੋ ਤੇ ਤੁਹਾਡੇ ਚਾਰ ਗੋਲ। ਤਾਂ ਇਹ ਬਰਾਬਰੀ ਦਾ ਮੈਚ ਹੈ।’ ਫਿਰ ਉਨ੍ਹਾਂ ਕ੍ਰਿਕਟ ਦੀ ਮਿਸਾਲ ਦਿੰਦਿਆਂ ਕਿਹਾ, ‘ਮੰਨ ਲਓ ਤੁਸੀਂ ਕ੍ਰਿਕਟ ਟੈਸਟ ਮੈਚ ਖੇਡਦੇ ਹੋ ਤੇ ਤੁਸੀਂ ਇੱਕ ‘ਪਾਰੀ’ ਨਾਲ ਹਰਾ ਕੇ ਜਿੱਤ ਦਰਜ ਕਰਦੇ ਹੋ ਤਾਂ ਇਸ ਸਵਾਲ ਹੀ ਨਹੀਂ ਉਠਦਾ ਕਿ ਤੁਸੀਂ ਕਿੰਨੀਆਂ ਵਿਕਟਾਂ ਲਈਆਂ, ਕਿੰਨੀਆਂ ਗੇਂਦਾਂ ਖੇਡੀਆਂ ਤੇ ਕਿੰਨੇ ਖਿਡਾਰੀ ਖੇਡੇ। ਇਹ ‘ਇੱਕ ਪਾਰੀ ਦੀ ਹਾਰ’ ਹੁੰਦੀ ਹੈ।’

RELATED ARTICLES
POPULAR POSTS