-3.2 C
Toronto
Monday, December 22, 2025
spot_img
Homeਭਾਰਤਅਪਰੇਸ਼ਨ ਸਿੰਧੂਰ : ਪਾਕਿ ਨੇ ਤਬਾਹੀ ਮਗਰੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ...

ਅਪਰੇਸ਼ਨ ਸਿੰਧੂਰ : ਪਾਕਿ ਨੇ ਤਬਾਹੀ ਮਗਰੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ‘ਤੇ ਭਾਰਤ ਦੇ ਹਮਲੇ ਦੇ ਅਸਰ ਬਾਰੇ ਹੋਰ ਵਿਸਤਾਰ ਨਾਲ ਖੁਲਾਸਾ ਹੋਇਆ ਹੈ। ਇਸਲਾਮਾਬਾਦ ਨੇ ਦੱਸਿਆ ਹੈ ਕਿ ਭਾਰਤ ਨੇ 9 ਤੇ 10 ਮਈ ਨੂੰ ਸੱਤ ਹੋਰ ਫੌਜੀ ਟਿਕਾਣਿਆਂ ‘ਤੇ ਵੀ ਹਮਲਾ ਕੀਤਾ ਸੀ। ਉਸ ਨੇ ਆਪਣੇ ਨੁਕਸਾਨੇ ਫੌਜੀ ਟਿਕਾਣਿਆਂ ਦੀ ਮੁਰੰਮਤ ਤੇ ਕੁਝ ਉਪਕਰਨ ਬਦਲਣ ਲਈ ਲੱਖਾਂ ਡਾਲਰ ਦੇ ਟੈਂਡਰ ਵੀ ਜਾਰੀ ਕੀਤੇ ਹਨ।
ਪਾਕਿਸਤਾਨੀ ਹਥਿਆਰਬੰਦ ਬਲਾਂ ਵੱਲੋਂ ਤਿਆਰ ਕੀਤਾ ਗਿਆ ਡੋਜ਼ੀਅਰ 18 ਮਈ ਨੂੰ ਇਸ ਦੇ ਰਣਨੀਤਕ ਭਾਈਵਾਲਾਂ ਨਾਲ ਸਾਂਝਾ ਕੀਤਾ ਗਿਆ ਸੀ ਅਤੇ ਇਸ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੀ ਦੇਖਿਆ ਹੈ। ਪਾਕਿਸਤਾਨ ਦੇ ‘ਅਪਰੇਸ਼ਨ ਬੁਨਿਆਨ ਉਨ ਮਰਸੂਸ’ ਬਾਰੇ ਡੋਜ਼ੀਅਰ ‘ਚ ਕਿਹਾ ਗਿਆ ਹੈ ਕਿ ਭਾਰਤ ਨੇ ਪਹਿਲਾਂ ਦੱਸੇ ਟੀਚਿਆਂ ਤੋਂ ਘੱਟੋ-ਘੱਟ ਸੱਤ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਸੀ। ਡੋਜ਼ੀਅਰ ‘ਚ ਦਰਜ ਨਕਸ਼ਿਆਂ ‘ਚ ਖੈਬਰ ਪਖਤੂਨਖਵਾ ਸੂਬੇ ਦੇ ਪਿਸ਼ਾਵਰ, ਪੰਜਾਬ ਸੂਬੇ ਦੇ ਝੰਗ, ਗੁਜਰਾਤ, ਬਹਾਵਲਨਗਰ ਤੇ ਅਟਕ ਅਤੇ ਸਿੰਧ ਸੂਬੇ ‘ਚ ਹੈਦਰਾਬਾਦ ਤੇ ਛੋਰ ਦਾ ਜ਼ਿਕਰ ਹੈ। ਜੰਗ ਦੌਰਾਨ ਜਾਂ ਉਸ ਤੋਂ ਬਾਅਦ ਕਿਸੇ ਵੀ ਪ੍ਰੈੱਸ ਵਾਰਤਾ ‘ਚ ਭਾਰਤੀ ਅਧਿਕਾਰੀਆਂ ਵੱਲੋਂ ਇਨ੍ਹਾਂ ਥਾਵਾਂ ਨੂੰ ਟੀਚੇ ਵਜੋਂ ਸਵੀਕਾਰ ਨਹੀਂ ਕੀਤਾ ਗਿਆ।
ਪਾਕਿਸਤਾਨ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਅਪਰੇਸ਼ਨ ਸਿੰਧੂਰ (7-10 ਮਈ) ਦੌਰਾਨ 18 ਥਾਵਾਂ ‘ਤੇ ਹਮਲਾ ਕੀਤਾ। ਪਿਸ਼ਾਵਰ, ਹੈਦਰਾਬਾਦ ਤੇ ਸਿੰਧ ਵਰਗੀਆਂ ਥਾਵਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਨੇ ਇਨ੍ਹਾਂ ਟਿਕਾਣਿਆਂ ਨੂੰ ਕਿਵੇਂ ਤਹਿਸ ਨਹਿਸ ਕੀਤਾ। ਭਾਰਤੀ ਹਵਾਈ ਫੌਜ ਦੇ ਡਾਇਰੈਕਟਰ ਜਨਰਲ ਏਅਰ ਅਪਰੇਸ਼ਨਜ਼ ਨੇ 11 ਅਤੇ 12 ਮਈ ਨੂੰ ਪ੍ਰੈੱਸ ਵਾਰਤਾ ਵਿੱਚ ਗਿਆਰਾਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਬਾਰੇ ਦੱਸਿਆ ਸੀ। ਇਸ ਵਿੱਚ ਰਾਵਲਪਿੰਡੀ ਸਥਿਤ ਨੂਰ ਖਾਨ, ਸਰਗੋਧਾ, ਰਫੀਕੀ, ਮੁਰੀਦ, ਸੱਖਰ, ਸਿਆਲਕੋਟ, ਪਸਰੂਰ, ਚੁਨੀਆਂ, ਸਕਾਰੂ, ਭੋਲਾਰੀ ਅਤੇ ਜੈਕਬਾਬਾਦ ਸ਼ਾਮਲ ਸਨ। ਪਾਕਿਸਤਾਨ ਨੇ 10 ਮਈ ਨੂੰ ਅਮਰੀਕਾ ਨੂੰ ਫ਼ੋਨ ਕੀਤਾ ਸੀ ਅਤੇ ਫਿਰ ਭਾਰਤ ਨੂੰ ਗੋਲੀਬੰਦੀ ਖਤਮ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ 10 ਮਈ ਨੂੰ ਸਾਢੇ ਪੰਜ ਵਜੇ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਪਾਕਿਸਤਾਨੀ ਹਵਾਈ ਫੌਜ ਨੇ ਨੂਰ ਖਾਨ, ਜੈਕਬਾਬਾਦ, ਭੋਲਾਰੀ, ਸੱਖਰ, ਸਰਗੋਧਾ, ਮਸਰੂਰ ਅਤੇ ਰਫੀਕੀ ਸਮੇਤ ਏਅਰਬੇਸਾਂ ਦੀ ਮੁਰੰਮਤ ਅਤੇ ਨੁਕਸਾਨੇ ਗਏ ਉਪਕਰਨਾਂ ਨੂੰ ਬਦਲਣ ਲਈ ਟੈਂਡਰ ਮੰਗੇ ਹਨ ਜਿਨ੍ਹਾਂ ਦਾ ਖਰਚਾ ਲੱਖਾਂ ਡਾਲਰਾਂ ਵਿੱਚ ਹੈ। ਇਸ ਤੋਂ ਇਲਾਵਾ ਜੇਐੱਫ-17 ਲੜਾਕੂ ਜਹਾਜ਼ਾਂ ਅਤੇ ਟਰਾਂਸਪੋਰਟ ਜਹਾਜ਼ ਸੀ-130 ਦੀ ਮੁਰੰਮਤ ਲਈ ਟੈਂਡਰ ਜਾਰੀ ਕੀਤੇ ਗਏ ਹਨ।
ਪਾਕਿਸਤਾਨੀ ਹਵਾਈ ਸੈਨਾ ਨੇ ਸਿਵਲ ਕੰਮਾਂ, ਸਾਜ਼ੋ-ਸਾਮਾਨ ਦੀ ਸਪਲਾਈ, ਵਾਹਨਾਂ ਤੇ ਮਸ਼ੀਨਰੀ ਦੀ ਮੁਰੰਮਤ ਲਈ ਟੈਂਡਰ ਲਾਏ ਹਨ। ਇਨ੍ਹਾਂ ‘ਚ ਰੱਖ-ਰਖਾਅ ਅਤੇ ਉਸਾਰੀ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਇੱਕ ਵੱਖਰਾ ਟੈਂਡਰ ਮੁਰੰਮਤ ਤੇ ਖ਼ਰੀਦ ਕੰਮ ਨਾਲ ਸਬੰਧਤ ਹੈ, ਜਿਸ ਵਿੱਚ ਡੀਏ-20 ਏਅਰਕਰਾਫਟ ਅਤੇ ਏਡਬਲਿਊ-139 ਹੈਲੀਕਾਪਟਰਾਂ ਲਈ ਸਾਮਾਨ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ।

RELATED ARTICLES
POPULAR POSTS