ਜੈਪੁਰ ‘ਚ ਰੈਲੀ ਦੌਰਾਨ ਕਾਂਗਰਸ ਆਗੂ ਨਾਲ ਮੰਚ ‘ਤੇ ਮੌਜੂਦ ਰਹੇ ਸੱਤਾਧਾਰੀ ਧਿਰ ਦੇ 14 ਵਿਧਾਇਕ
ਜੈਪੁਰ/ਬਿਊਰੋ ਨਿਊਜ਼ : ਬਗਾਵਤ ਦੇ ਰੌਂਅ ‘ਚ ਆਏ ਕਾਂਗਰਸ ਆਗੂ ਸਚਿਨ ਪਾਇਲਟ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਮਹੀਨੇ ਦੇ ਅਖੀਰ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਲੈਣ, ਨਹੀਂ ਤਾਂ ਸੂਬਾ ਪੱਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇੱਥੇ ਕੀਤੀ ਗਈ ਇਕ ਰੈਲੀ ਵਿਚ ਸਚਿਨ ਦੇ ਨਾਲ ਕਰੀਬ 14 ਕਾਂਗਰਸੀ ਵਿਧਾਇਕ ਹਾਜ਼ਰ ਸਨ। ਗਹਿਲੋਤ ਤੇ ਪਾਇਲਟ ਵਿਚਾਲੇ ਵਿਵਾਦ ਉਸ ਵੇਲੇ ਵਧਿਆ ਹੈ ਜਦ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਕਰਨਾਟਕ ਦਾ ਮੁੱਖ ਮੰਤਰੀ ਚੁਣਨ ਲਈ ਸੰਘਰਸ਼ ਕਰ ਰਹੀ ਸੀ।
ਦੱਸਣਯੋਗ ਹੈ ਕਿ ਪਾਇਲਟ ਨੇ ਅਜਮੇਰ ਤੋਂ ਜੈਪੁਰ ਤੱਕ ਪੈਦਲ ਮਾਰਚ ਕੱਢ ਕੇ ਗਹਿਲੋਤ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਸੂਬੇ ਵਿਚ ਪਹਿਲਾਂ ਰਹੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ‘ਭ੍ਰਿਸ਼ਟਾਚਾਰ’ ਖਿਲਾਫ ‘ਕਾਰਵਾਈ ਨਾ ਕਰਨ ਉਤੇ’ ਰੋਸ ਪ੍ਰਗਟਾਇਆ ਹੈ। ਭ੍ਰਿਸ਼ਟਾਚਾਰ ਵਿਰੁੱਧ ਉੱਚ ਪੱਧਰੀ ਜਾਂਚ ਦੀ ਮੰਗ ਤੋਂ ਇਲਾਵਾ ਪਾਇਲਟ ਨੇ ਦੋ ਹੋਰ ਮੰਗਾਂ ਵੀ ਰੱਖੀਆਂ ਹਨ। ਇਸ ਵਿਚ ਰਾਜਸਥਾਨ ਲੋਕ ਸੇਵਾ ਕਮਿਸ਼ਨ ਨੂੰ ਭੰਗ ਕਰ ਕੇ ਇਸ ਦੇ ਦੁਬਾਰਾ ਗਠਨ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਉਨ੍ਹਾਂ ਉਮੀਦਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ ਜੋ ਪੇਪਰ ਲੀਕ ਘੁਟਾਲਿਆਂ ਮਗਰੋਂ ਪ੍ਰੀਖਿਆ ਰੱਦ ਹੋਣ ਕਾਰਨ ਪ੍ਰਭਾਵਿਤ ਹੋਏ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ, ‘ਹੁਣ ਤੱਕ ਮੈਂ ਭੁੱਖ ਹੜਤਾਲ ਕੀਤੀ ਹੈ, ਯਾਤਰਾ ਕੱਢੀ ਹੈ। ਜੇਕਰ ਰਾਜ ਦੇ ਨੌਜਵਾਨਾਂ ਦੇ ਹਿੱਤ ਵਿਚ ਇਨ੍ਹਾਂ ਤਿੰਨ ਮੰਗਾਂ ਉਤੇ ਕਾਰਵਾਈ ਨਹੀਂ ਹੁੰਦੀ, ਤਾਂ ਮੈਂ ਪੂਰੇ ਸੂਬੇ ਵਿਚ ਅੰਦੋਲਨ ਸ਼ੁਰੂ ਕਰਾਂਗਾ।’
ਸਚਿਨ ਨੇ ਕਿਹਾ ਕਿ ਉਹ ਪੈਦਲ ਚੱਲ ਕੇ ਲੋਕਾਂ ਨਾਲ ਪਿੰਡਾਂ ਵਿਚ ਜਾਣਗੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣਗੇ। ਸਚਿਨ ਦੀ ਰੈਲੀ ਵਿਚ ਹਜ਼ਾਰਾਂ ਵਿਅਕਤੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕੋਈ ਵੀ ਚੀਜ਼ ਹੁਣ ਉਨ੍ਹਾਂ ਨੂੰ ਪਿੱਛੇ ਨਹੀਂ ਹਟਾ ਸਕਦੀ। ਕਾਂਗਰਸ ਆਗੂ ਨੇ ਕਿਹਾ ਕਿ ਉਹ ਭਾਵੇਂ ਆਪਣੇ ਅਹੁਦੇ ਉਤੇ ਰਹਿਣ ਜਾਂ ਨਾ ਪਰ ਆਖ਼ਰੀ ਦਮ ਤੱਕ ਰਾਜਸਥਾਨ ਦੇ ਲੋਕਾਂ ਦੀ ਸੇਵਾ ਵਿਚ ਰਹਿਣਗੇ। ਸਚਿਨ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਇਕ ਖਿਲਾਫ ਨਹੀਂ ਬਲਕਿ ਨੌਜਵਾਨਾਂ ਦੇ ਹਿੱਤ ਵਿਚ ਭ੍ਰਿਸ਼ਟਾਚਾਰ ਵਿਰੁੱਧ ਹੈ।
ਇਸ ਮੌਕੇ ਮੰਚ ਉਤੇ ਸਚਿਨ ਦੇ ਨਾਲ ਰਾਜਸਥਾਨ ਦੇ ਜੰਗਲਾਤ ਮੰਤਰੀ ਹੇਮਾਰਾਮ ਚੌਧਰੀ, ਸੈਨਿਕ ਕਲਿਆਣ ਮੰਤਰੀ ਰਾਜੇਂਦਰ ਗੁੜਾ ਤੇ ਐੱਸਸੀ-ਐੱਸਟੀ ਕਮਿਸ਼ਨ ਦੇ ਚੇਅਰਮੈਨ ਖਿਲਾੜੀ ਲਾਲ ਬੈਰਵਾ ਅਤੇ ਹੋਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਕੁਝ ਮਹੀਨਿਆਂ ਬਾਅਦ ਹਨ ਤੇ ਕਾਂਗਰਸ ਸੱਤਾ ਵਿਚ ਪਰਤਣ ਪ੍ਰਤੀ ਆਸਵੰਦ ਹੈ।