ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਭਵਨ ‘ਤੇ ਹੋਏ ਹਮਲੇ ਨੂੰ 21 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਆਗੂਆਂ ਵੱਲੋਂ ਸੰਸਦ ਭਵਨ ‘ਤੇ ਹੋਏ ਹਮਲੇ ਦੇ 9 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਧਿਆਨ ਰਹੇ ਕਿ 13 ਦਸੰਬਰ 2001 ਨੂੰ ਸੰਸਦ ਭਵਨ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ‘ਚ ਦਿੱਲੀ ਪੁਲਿਸ ਦੇ ਪੰਜ ਜਵਾਨ, ਸੀਆਰਪੀਐਫ ਦੀ ਇਕ ਮਹਿਲਾ ਕਾਂਸਟੇਬਲ ਅਤੇ ਸੰਸਦ ਭਵਨ ਦੇ ਦੋ ਗਾਰਡਾਂ ਸਮੇਤ ਕੁਲ 9 ਵਿਅਕਤੀ ਸ਼ਹੀਦ ਹੋ ਗਏ ਸਨ ਜਦਕਿ ਜਵਾਬੀ ਕਾਰਵਾਈ ਦੌਰਾਨ ਹਮਲਾ ਕਰਨ ਵਾਲੇ ਸਾਰੇ ਪੰਜ ਅੱਤਵਾਦੀ ਵੀ ਮਾਰੇ ਗਏ ਸਨ। ਜਿਸ ਸਮੇਂ ਸੰਸਦ ਭਵਨ ‘ਤੇ ਇਹ ਹਮਲਾ ਹੋਇਆ ਸੀ ਉਸ ਸਮੇਂ ਸਰਦ ਰੁੱਤ ਸੈਸ਼ਨ ਚੱਲ ਰਿਹਾ ਸੀ ਅਤੇ ਜ਼ਿਆਦਾਤਰ ਸੰਸਦ ਮੈਂਬਰ ਸਦਨ ‘ਚ ਮੌਜੂਦ ਸਨ। ਪ੍ਰੰਤੂ ਉਸ ਸਮੇਂ ਭਾਰੀ ਹੰਗਾਮੇ ਦੇ ਚਲਦਿਆਂ ਸਦਨ ਦੀ ਕਾਰਵਾਈ ਮੁਲਤਵੀ ਕਰਨ ਪਈ ਸੀ, ਜਿਸ ਦੇ ਚਲਦਿਆਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਵਿਰੋਧੀ ਧਿਰ ਦੀ ਆਗੂ ਸੋਨੀਆ ਗਾਂਧੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਨਿਵਾਸ ਲਈ ਰਵਾਨਾ ਹੋਏ ਸਨ। ਹਾਲਾਂਕਿ ਹਮਲੇ ਦੇ ਸਮੇਂ ਉਸ ਸਮੇਂ ਦੇ ਮੌਜੂਦਾ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸੰਸਦ ਭਵਨ ਵਿਚ ਹੀ ਮੌਜੂਦ ਸਨ। ਸੰਸਦ ਭਵਨ ‘ਤੇ ਹੋਏ ਹਮਲੇ ਦੀ ਸਾਜ਼ਿਸ਼ ਅਫਜ਼ਲ ਗੁਰੂ ਨੇ ਰਚੀ ਸੀ, ਜਿਸ ਨੂੰ ਬਾਅਦ ਵਿਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸਾਲ 2002 ‘ਚ ਦਿੱਲੀ ਹਾਈ ਕੋਰਟ ਨੇ ਅਤੇ ਸਾਲ 2006 ‘ਚ ਸੁਪਰੀਮ ਕੋਰਟ ਨੇ ਅਫਜ਼ਲ ਗੁਰੂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ 9 ਫਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ੍ਹ ‘ਚ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ।