Breaking News
Home / ਪੰਜਾਬ / ਆਂਗਣਵੜੀ ਵਰਕਰਾਂ ਹੁਣ ਵਾਇਆ ਅਰੂਸਾ, ਕੈਪਟਨ ਤੱਕ ਕਰਨਗੀਆਂ ਪਹੁੰਚ

ਆਂਗਣਵੜੀ ਵਰਕਰਾਂ ਹੁਣ ਵਾਇਆ ਅਰੂਸਾ, ਕੈਪਟਨ ਤੱਕ ਕਰਨਗੀਆਂ ਪਹੁੰਚ

ਬਠਿੰਡਾ/ਬਿਊਰੋ ਨਿਊਜ਼
ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਾਂ ਨੇ ਆਪਣੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਲੱਭਿਆ ਹੈ। ਆਂਗਣਵਾੜੀ ਵਰਕਰਾਂ ਹੁਣ ਵਾਇਆ ਪਾਕਿਸਤਾਨ ਕੈਪਟਨ ਅਮਰਿੰਦਰ ਸਿੰਘ ਤਕ ਆਪਣੀ ਪੁਕਾਰ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ।
ਆਂਗਣਵਾੜੀ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਅਰੂਸਾ ਆਲਮ ‘ਤੇ ਹੀ ਆਖਰੀ ਆਸ ਹੈ। ਵਰਕਰਾਂ ਨੇ ਐਲਾਨ ਕੀਤਾ ਹੈ ਕਿ ਗਿਆਰਾਂ ਜੂਨ ਤੋਂ ਪੰਦਰਾਂ ਜੂਨ ਤਕ ਆਪਣੇ ਖ਼ੂਨ ਨਾਲ ਪੱਤਰ ਲਿਖ ਕੇ ਡਾਕ ਰਾਹੀਂ ਅਰੂਸਾ ਆਲਮ ਨੂੰ ਭੇਜਿਆ ਜਾਵੇਗਾ। ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਸਰਕਾਰ ਵਿਰੁੱਧ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਹੁਣ ਉਨ੍ਹਾਂ ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਕੋਲ ਆਪਣੀ ਫਰਿਆਦ ਪਹੁੰਚਾਉਣ ਦਾ ਫੈਸਲਾ ਕੀਤਾ ਹੈ।
ਐਸ ਐਚ ਓ ‘ਤੇ ਸਰਕਾਰ ਨਰਮ
ਸ਼ਾਹਕੋਟ ਉਪ ਚੋਣ ‘ਚ ਕਾਂਗਰਸ ਦੇ ਉਮੀਦਵਾਰ ‘ਤੇ ਮਾਈਨਿੰਗ ਦਾ ਕੇਸ ਦਰਜ ਕਰਕੇ ਪਾਰਟੀ ਨੂੰ ਵੱਡਾ ਝਟਕਾ ਦੇਣ ਵਾਲੇ ਐਸ ਐਚ ਓ ਪਰਮਿੰਦਰ ਸਿੰਘ ਬਾਜਵਾ ‘ਤੇ ਸਰਕਾਰ ਨੇ ਉਪ ਚੋਣ ਜਿੱਤਣ ਤੋਂ ਬਾਅਦ ਦਰਿਆ ਦਿਲੀ ਦਿਖਾਈ ਹੈ। ਜਿਸ ਤਰ੍ਹਾਂ ਕਿ ਸਮਝਿਆ ਜਾ ਰਿਹਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਸਰਕਾਰ ਉਸ ਨੂੰ ਡਿਸਮਿਸ ਕਰੇਗੀ ਪ੍ਰੰਤੂ ਅਜਿਹਾ ਕੁਝ ਨਹੀਂ ਹੋਇਆ। ਬਲਕਿ ਸਰਕਾਰ ਨੇ ਕਿਹਾ ਕਿ ਉਸ ਦਾ ਮਾਨਸਿਕ ਇਲਾਜ ਕਰਵਾਉਣ ਦਾ ਫੈਸਲਾ ਲਿਆ। ਕਾਂਗਰਸ ਦੇ ਉਮੀਦਵਾਰ ‘ਤੇ ਮਾਈਨਿੰਗ ਦਾ ਕੇਸ ਦਰਜ ਹੋਣ ‘ਤੇ ਇਸ ਨੂੰ ਵਿਰੋਧੀ ਦਲਾਂ ਨੇ ਵੱਡਾ ਮੁੱਦਾ ਬਣਾਉਣ ਦਾ ਯਤਨ ਕੀਤਾ ਪ੍ਰੰਤੂ ਇਸ ਦਾ ਉਲਟਾ ਅਸਰ ਹੋਇਆ ਅਤੇ ਕਾਂਗਰਸ ਨੂੰ ਇਸ ਦਾ ਫਾਇਦਾ ਹੋਇਆ। ਲੋਕਾਂ ਨੂੰ ਲੱਗਿਆ ਕਿ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਵਿਰੋਧੀ ਧਿਰ ਨੇ ਜਾਣ ਬੁੱਝ ਕੇ ਅਜਿਹਾ ਮਾਮਲਾ ਦਰਜ ਕਰਵਾਇਆ ਹੈ ਤਾਂ ਕਿ ਉਹ ਹਾਰ ਜਾਵੇ।
ਸੁਖਬੀਰ ਨੂੰ ਹਾਰ ਦਾ ਗਮ ਨਹੀਂ
ਸ਼ਾਹਕੋਟ ਉਪ ਚੋਣ ‘ਚ 21 ਸਾਲ ਤੋਂ ਸੀਟ ‘ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੋਈ ਹੈ। ਸੀਟ ਜਿੱਤਣ ਦੇ ਲਈ ਖੁਦ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਡੇਰਾ ਲਗਾ ਕੇ ਰੱਖਿਆ ਅਤੇ ਲਗਭਗ 80 ਰੈਲੀਆਂ ਕੀਤੀਆਂ ਅਤੇ ਕਈ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਵੀ ਪ੍ਰੰਤੂ ਵੀ ਸੁਖਬੀਰ ਸਿੰਘ ਬਾਦਲ ਦੀ ਹਰ ਚਾਲ ਉਲਟੀ ਪਈ। ਇੰਨਾ ਸਭ ਹੋਣ ਦੇ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਹੋਈ ਹਾਰ ਦਾ ਜ਼ਿਆਦਾ ਗਮ ਨਹੀਂ ਹੈ। ਇਸੇ ਲਈ ਤਾਂ ਉਹ ਹੁਣ ਜਨਤਾ ‘ਚ ਕਹਿ ਰਹੇ ਹਨ ਕਿ ਸ਼ਾਹਕੋਟ ਉਪ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਪੰਜਾਬ ‘ਚੋਂ ਸੂਪੜਾ ਸਾਫ਼ ਹੋ ਗਿਆ। ਇਹ ਤਾਂ ਉਹੀ ਗੱਲ ਹੋਈ ਕਿ ਗਮ ਭੁਲਾਉਣ ਦੇ ਲਈ ਗਾਲਿਬ ਇਹ ਖਿਆਲ ਅੱਛਾ ਹੈ।
ਸਰਕਾਰੀ ਤੋਹਫ਼ੇ ਦੇ ਇੰਤਜ਼ਾਰ ‘ਚ ਪ੍ਰਗਟ
ਇੰਟਰਨੈਸ਼ਨਲ ਹਾਕੀ ਖਿਡਾਰੀ ਅਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਪਹਿਲਾਂ ਸਪੋਰਟਸ ਵਿਭਾਗ ਦੇ ਡਾਇਰੈਕਟਰ ਰਹਿ ਚੁੱਕੇ ਹਨ। ਹੁਣ ਉਨ੍ਹਾਂ ਦੇ ਕੋਲ ਕੋਈ ਅਜਿਹਾ ਅਹੁਦਾ ਨਹੀਂ ਹੈ, ਹਾਲਾਂਕਿ ਸਮਝਿਆ ਜਾ ਰਿਹਾ ਸੀ ਕਿ ਸਪੋਰਟਸ ਮੰਤਰੀ ਬਣਾਇਆ ਜਾਵੇਗਾ ਪ੍ਰੰਤੂ ਅਜਿਹਾ ਵੀ ਨਹੀਂ ਹੋ ਸਕਿਆ। ਹੁਣ ਰਾਜਨੀਤਿਕ ਹਲਕਿਆਂ ‘ਚ ਚਰਚਾ ਹੈ ਕਿ ਪਰਗਟ ਸਿੰਘ ਨੂੰ ਸਪੋਰਟਸ ਵਿਭਾਗ ਨਾਲ ਸਬੰਧਤ ਕੋਈ ਵੱਡਾ ਅਹੁਦਾ ਜ਼ਰੂਰ ਦਿੱਤਾ ਜਾਵੇਗਾ ਪ੍ਰੰਤੂ ਕਦੋਂ, ਇਸ ਦੇ ਇੰਤਜ਼ਾਰ ‘ਚ ਪਰਗਟ ਸਿੰਘ ਵੀ ਬੈਠੇ ਹਨ। ਹਾਲਾਂਕਿ ਇੰਨਾ ਜ਼ਰੂਰ ਹੈ ਕਿ ਉਨ੍ਹਾਂ ਦੇ ਲਈ ਅਜਿਹਾ ਕੋਈ ਸਰਕਾਰੀ ਤੋਹਫ਼ਾ ਪਰਗਟ ਜ਼ਰੂਰ ਹੋਵੇਗਾ।
ਠੀਕਰਾ ਨਹੀਂ, ਠੋਸ ਕਦਮ ਉਠਾਓ
ਕਿਸਾਨਾਂ ਦੇ ਅੰਦੋਲਨ ਦੇ ਕਾਰਨ ਸਬਜ਼ੀਆਂ ਦੇ ਰੇਟ ਚਾਹੇ ਅਸਮਾਨ ‘ਤੇ ਜਾ ਰਹੇ ਹਨ ਪ੍ਰੰਤੂ ਸੂਬਾ ਸਰਕਾਰ ਹਾਲਾਤ ਕਾਬੂ ਕਰਨ ਦੀ ਬਜਾਏ ਇਸ ਦਾ ਪੂਰਾ ਠੀਕਰਾ ਕੇਂਦਰ ਸਰਕਾਰ ਦੇ ਸਿਰ ਭੰਨ ਰਹੀ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਇਕ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅੰਦੋਲਨ ਕੇਂਦਰ ਸਰਕਾਰ ਦੀ ਕਿਸਾਨਾਂ ਦੇ ਪ੍ਰਤੀ ਅਪਣਾਏ ਰਵੱਈਏ ਦਾ ਨਤੀਜਾ ਹੈ। ਮੁੱਖ ਮੰਤਰੀ ਸਾਹਿਬ, ਠੀਕਰਾ ਨਹੀਂ, ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਕਿ ਵਧ ਰਹੇ ਰੇ ਕਾਬੂ ਹੋ ਸਕਣ ਅਤੇ ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਹੋਰ ਮਾਰ ਨਾ ਪਵੇ।
ਸਿਆਸੀ ਖੇਡ
ਸੂਬੇ ‘ਚ ਸੱਤਾਧਾਰੀ ਕਾਂਗਰਸ ਦਾ ਲੁਧਿਆਣਾ ਜ਼ਿਲ੍ਹੇ ‘ਚ ਸਿਆਸੀ ਖੇਲ ਦਿਲਚਸਪ ਹਾਲਤ ‘ਚ ਹੈ। ਪਾਰਟੀ ਦੇ ਸੰਸਦ ਮੈਂਬਰ-ਮੰਤਰੀ ਅਤੇ ਕੁਝ ਵਿਧਾਇਕਾਂ ਨੇ ਅਲੱਗ ਮਜ਼ਬੂਤ ਲਾਬੀ ਬਣਾ ਲਈ ਹੈ। ਅਜਿਹੇ ‘ਚ ਪਾਰਟੀ ਸੰਗਠਨ ਦੀ ਦੁਹਾਈ ਦੇਣ ਵਾਲੇ ਵਿਧਾਇਕ ਅਤੇ ਅਹੁਦੇਦਾਰ ਖੁਦ ਵਧੀਆ ਮਹਿਸੂਸ ਕਰ ਰਹੇ ਹਨ। ਜਾਣਕਾਰਾਂ ਦ ਮੰਨੀਏ ਤਾਂ ਜੇਕਰ ਪਾਰਟੀ ‘ਚ ਹਾਲਾਤ ਨਹੀਂ ਬਦਲੇ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਦੀ ਬਜਾਏ, ਆਪਸ ‘ਚ ਪਾਰਟੀ ਆਗੂ ਹੀ ਲੜਨ ਲੱਗ ਪੈਣਗਣੇ।

Check Also

ਪੰਜਾਬ ਸਣੇ ਦੇਸ਼ ਭਰ ’ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ

ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕੀਤਾ ਟਰੈਕਟਰ ਮਾਰਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਣੇ …