ਕੈਪਟਨ ਸਿੱਖਾਂ ਤੋਂ ਮਾਫੀ ਮੰਗਣ ਤੇ ਅਸਤੀਫਾ ਦੇਣ, ਪਹਿਲੀ ਵਾਰ ਮੀਡੀਆ ਸਾਹਮਣੇ ਆਏ ਜਸਟਿਸ ਜ਼ੋਰਾ ਸਿੰਘ
ਚੰਡੀਗੜ੍ਹ : ਸਾਬਕਾ ਜਸਟਿਸ ਜ਼ੋਰਾ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ‘ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ‘ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ‘ਤੇ ਇਹੀ ਦੋਸ਼ ਲਗਾਏ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਮਾਮਲਿਆਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ‘ਤੇ ਕੈਪਟਨ ਅਮਰਿੰਦਰ ਸਿੰਘ ਸਿੱਖ ਸੰਗਤ ਕੋਲੋਂ ਮਾਫੀ ਮੰਗਣ ਤੇ ਅਸਤੀਫਾ ਦੇਣ ਜ਼ਿਕਰਯੋਗ ਹੈ ਕਿ ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਅਕਤੂਬਰ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਣ, ਬੇਅਦਬੀ, ਬਰਗਾੜੀ ਤੇ ਬਹਿਬਲ ਕਲਾਂ ਵਿਚ ਪੁਲਿਸ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਮਾਮਲੇ ਦੀ ਜਾਂਚ ਲਈ ਜ਼ੋਰਾ ਸਿੰਘ ਕਮਿਸ਼ਨ ਗਠਿਤ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ 12 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਬਰਾਮਦ ਹੁੰਦੇ ਹਨ ਅਤੇ ਸ਼ੱਕੀ ਵਿਅਕਤੀ ਸਾਹੋ ਕੇ ਪਿੰਡ ਵਿਚ ਦੇਖੇ ਦੱਸੇ ਜਾਂਦੇ ਸਨ, ਪਰ ਪੁਲਿਸ ਨੇ ਸ਼ੱਕੀਆਂ ਦੇ ਸਕੈਚ ਤੱਕ ਜਾਰੀ ਨਹੀਂ ਕੀਤੇ। ਇਸੇ ਤਰ੍ਹਾਂ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੋਂ ਵੀ ਪੁਲਿਸ ਨੇ ਪੁੱਛਗਿੱਛ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਰਾਜਵਿੰਦਰ ਸਿੰਘ, ਗੁਰਜੰਟ ਸਿੰਘ, ਹਰਦੇਵ ਸਿੰਘ, ਟੇਲਰ ਮਾਸਟਰ, ਗੋਰਾ ਸਿੰਘ ਤੇ ਰਣਜੀਤ ਸਿੰਘ ਦੇ ਨਾਂ ਸਾਹਮਣੇ ਆਏ ਸਨ। ਜਸਟਿਸ ਜ਼ੋਰਾ ਸਿੰਘ ਨੇ ਦੱਸਿਆ ਕਿ ਉਸ ਸਮੇਂ ਪੁਲਿਸ ਨੇ ਸਮੁੱਚੇ ਮਾਮਲੇ ਦੀ ਗੰਭੀਰਤਾ ਤੇ ਨਿਰਪੱਖਤਾ ਨਾਲ ਜਾਂਚ ਨਹੀਂ ਕੀਤੀ। ਜੇਕਰ ਪੁਲਿਸ ਸਹੀ ਜਾਂਚ ਕਰਦੀ ਹੈ ਤਾਂ ਪਹਿਲੇ ਹਫਤੇ ਹੀ ਪੂਰੀ ਸਥਿਤੀ ਸਾਹਮਣੇ ਆ ਜਾਣੀ ਸੀ। ਉਨ੍ਹਾਂ ਕਿਹਾ ਕਿ ਤੱਤਕਾਲੀ ਐਸ.ਪੀ. ਅਮਰਜੀਤ ਸਿੰਘ, ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਨੇ ਮੰਨਿਆ ਕਿ ਉਨ੍ਹਾਂ ਜਾਂਚ ਨਹੀਂ ਕੀਤੀ ਅਤੇ ਨਾ ਹੀ ਕਮਿਸ਼ਨ ਨੂੰ ਸਹਿਯੋਗ ਦਿੱਤਾ। ਵਿਧਾਇਕ ਅਮਨ ਅਰੋੜਾ ਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਅਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀ ਜਾਂਚ ਦੌਰਾਨ ਭੇਤ ਖੁੱਲ੍ਹਿਆ ਸੀ ਕਿ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਨੇ ਛੇ ਸ਼ੱਕੀ ਵਿਅਕਤੀਆਂ ਨੂੰ ਫੜ ਕੇ ਪੁੱਛਗਿੱਛ ਕਰਨਾ ਜ਼ਰੂਰੀ ਨਹੀਂ ਸਮਝਿਆ।
ਪੱਤਰਕਾਰਾਂ ਦੇ ਸਵਾਲਾਂ ਵਿਚ ਘਿਰੇ ਜਸਟਿਸ ਜ਼ੋਰਾ ਸਿੰਘ
ਜਸਟਿਸ ਜ਼ੋਰਾ ਸਿੰਘ ਜਦ ਬੇਅਦਬੀ ਮਾਮਲਿਆਂ ਵਿਚਲੇ ਸ਼ੱਕੀ ਵਿਅਕਤੀਆਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਂ ਦੱਸਣ ਤੋਂ ਝਿਜਕ ਰਹੇ ਸਨ ਤਾਂ ਪੱਤਰਕਾਰਾਂ ਨੇ ਸਾਰਾ ਮਾਮਲਾ ਸਪੱਸ਼ਟ ਰੂਪ ਵਿਚ ਦੱਸਣ ਲਈ ਕਿਹਾ। ਇਕ ਵਾਰ ਤਾਂ ‘ਆਪ’ ਦੀ ਟੀਮ ਤੇ ਜਸਟਿਸ ਪ੍ਰੈੱਸ ਕਾਨਫ਼ਰੰਸ ਵਿਚੋਂ ਉੱਠ ਕੇ ਚੱਲ ਪਏ, ਪਰ ਪੱਤਰਕਾਰਾਂ ਦੇ ਰੌਂਅ ਨੂੰ ਦੇਖਦਿਆਂ ਉਨ੍ਹਾਂ ਨੂੰ ਮੁੜ ਬੈਠ ਕੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣੇ ਪਏ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …