ਪਟਿਆਲਾ/ਬਿਊਰੋ ਨਿਊਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਪਰਵਾਸੀ ਪੰਜਾਬੀ ਸਾਹਿਤ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਵਿਚਾਰਨ ਲਈ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦਾ ਆਗਾਜ਼ ਹੋਇਆ। ਪਹਿਲੇ ਦਿਨ ਉਦਘਾਟਨੀ ਸਮਾਗਮ ਵਿਚ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਸਾਬਕਾ ਸੰਸਦ ਮੈਂਬਰ ਐੱਚ.ਐੱਸ. ਹੰਸਪਾਲ, ਕਪੂਰਥਲਾ ਰਿਆਸਤ ਤੋਂ ਰਾਜਕੁਮਾਰੀ ਅਨੀਤਾ ਸਿੰਘ ਅਤੇ ਕੈਨੇਡਾ ਦੇ ਸਰੀ-ਨਿਊਟਨ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿਚ ਉਦਘਾਟਨੀ ਸ਼ਬਦ ਉੱਘੇ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕਹੇ, ਜਦੋਂਕਿ ਕੁੰਜੀਵਤ ਭਾਸ਼ਣ ਪ੍ਰਸਿੱਧ ਚਿੰਤਕ ਹਰਚੰਦ ਸਿੰਘ ਬੇਦੀ ਵੱਲੋਂ ਦਿੱਤਾ ਗਿਆ। ਇਸ ਦੌਰਾਨ ਵਿਦੇਸ਼ਾਂ ਵਿਚ ਵੱਸਦੇ ਸੱਤ ਨਾਮੀ ਸਾਹਿਤਕਾਰਾਂ ਤੇ ਵਿਦੇਸ਼ ਦੀ ਧਰਤੀ ਵਿਚ ਪੰਜਾਬੀਅਤ ਲਈ ਯਤਨ ਕਰ ਰਹੀਆਂ ਤਿੰਨ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਪਾਨ, ਨਾਰਵੇ, ਬੈਂਕਾਕ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਕੋਨਿਆਂ ਤੋਂ ਪੰਜ ਸੌ ਤੋਂ ਵੱਧ ਡੈਲੀਗੇਟ ਸ਼ਾਮਲ ਹੋਏ।
ਇਸ ਮੌਕੇ ਪ੍ਰਨੀਤ ਕੌਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੰਜਾਬੀ ਭਾਸ਼ਾ ਲਈ ਕੀਤੇ ਜਾ ਰਹੇ ਯਤਨਾਂ ਲਈ ਵਧਾਈ ਦਿੰਦਿਆਂ ਆਖਿਆ ਕਿ ਅੱਜ ਵਿਸ਼ਵ ਪੱਧਰ ‘ਤੇ ਇਸ ਯੂਨੀਵਰਸਿਟੀ ਦੀ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਰਾਹੀਂ ਪਰਵਾਸ ਦੇ ਮਸਲਿਆਂ ਬਾਰੇ ਗੱਲ ਕਰਨ ਨਾਲ ਜਿੱਥੇ ਬਾਹਰ ਵਸਦੇ ਲੋਕਾਂ ਨੂੰ ਲਾਭ ਹੋਵੇਗਾ, ਉੱਥੇ ਪੰਜਾਬੀ ਭਾਸ਼ਾ ਦਾ ਦੂਰ ਦੂਰ ਤੱਕ ਪਸਾਰ ਹੋਵੇਗਾ। ਇਸ ਤੋਂ ਪਹਿਲਾਂ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਮੂਲ ਉਦੇਸ਼ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਕਲਾ ਨੂੰ ਹੁਲਾਰਾ ਦੇਣ ਲਈ ਉਪਰਾਲੇ ਕਰਨਾ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀਅਤ ਦੀ ਮਹਿਕ ਹੁਣ ਹੱਦਾਂ-ਸਰਹੱਦਾਂ ਟੱਪ ਕੇ ਦੂਰ ਦੂਰ ਤੱਕ ਫੈਲ ਰਹੀ ਹੈ।
ਕੈਨੇਡੀਅਨ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕੈਨੇਡਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉੱਥੋਂ ਦੇ ਲੋਕ ਵਿਭਿੰਨਤਾ ਦੇ ਕਾਇਲ ਹਨ ਅਤੇ ਜਾਣਦੇ ਹਨ ਕਿ ਵਿਭਿੰਨਤਾ ਹੀ ਉਸ ਦੇਸ਼ ਦੀ ਤਾਕਤ ਹੈ। ਇਸ ਸੈਸ਼ਨ ਵਿਚ ਵਿਦੇਸ਼ੀਂ ਵੱਸਦੇ ਸਾਹਿਤਕਾਰਾਂ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਜਰਨੈਲ ਸੇਖਾ, ਸੁਖਵਿੰਦਰ ਕੰਬੋਜ, ਦਰਸ਼ਨ ਬੁਲੰਦਵੀ, ਅਵਤਾਰਜੀਤ ਧੰਜਲ ਤੇ ਕੁਲਵਿੰਦਰ ਸਿੰਘ ਅਮਰੀਕਾ ਦਾ ਪਰਵਾਸੀ ਸਾਹਿਤ ਵਿਚ ਯੋਗਦਾਨ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …