ਐਨਡੀਪੀਐਸ ਕੇਸ ’ਚ ਐਸਆਈਟੀ ਵਲੋਂ ਭੇਜੇ ਗਏ ਸੰਮਨ ਲਏ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼
ਐਨਡੀਪੀਐਸ ਕੇਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ। ਐਸਆਈਟੀ ਵਲੋਂ ਮਜੀਠੀਆ ਨੂੰ ਭੇਜੇ ਗਏ ਸੰਮਨ ਵਾਪਸ ਲੈ ਲਏ ਗਏ ਹਨ। ਨਸ਼ਿਆਂ ਦੇ ਮਾਮਲੇ ਵਿਚ ਜਾਂਚ ’ਚ ਸ਼ਾਮਲ ਹੋਣ ਦੇ ਲਈ ਮਜੀਠੀਆ ਨੂੰ ਐਸਆਈਟੀ ਨੇ ਸੰਮਨ ਭੇਜੇ ਸਨ। ਇਨ੍ਹਾਂ ਸੰਮਨਾਂ ਨੂੰ ਗੈਰਕਾਨੂੰਨੀ ਦੱਸਦੇ ਹੋਏ ਮਜੀਠੀਆ ਵਲੋਂ ਚੁਣੌਤੀ ਦਿੱਤੀ ਗਈ ਸੀ। ਬਿਕਰਮ ਮਜੀਠੀਆ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ.ਐਸ. ਚੀਮਾ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਮਜੀਠੀਆ ਨੂੰ ਭੇਜੇ ਗਏ ਸੰਮਨ ਪੂਰੀ ਤਰ੍ਹਾਂ ਨਾਲ ਗਲਤ ਹਨ, ਉਨ੍ਹਾਂ ਨੂੰ ਵਾਰ-ਵਾਰ ਬੇਵਜ੍ਹਾ ਹੀ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਐਸਆਈਟੀ ਨੂੰ ਕੁਝ ਨਹੀਂ ਮਿਲਿਆ ਹੈ ਅਤੇ ਇਹ ਸੰਮਨ ਵੀ ਗੈਰਕਾਨੂੰਨੀ ਹਨ ਅਤੇ ਇਨ੍ਹਾਂ ਸੰਮਨਾਂ ਨੂੰ ਰੱਦ ਕੀਤਾ ਜਾਵੇ। ਅੱਜ ਸੋਮਵਾਰ ਨੂੰ ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਸਰਕਾਰ ਦੇ ਵਕੀਲ ਨੇ ਹਾਈਕੋਰਟ ਨੂੰ ਦੱਸਿਆ ਕਿ ਸੰਮਨ ਨੋਟਿਸ ਨੂੰ ਵਾਪਸ ਲਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਧਿਆਨ ਰਹੇ ਕਿ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਦੇ ਤਹਿਤ ਪੰਜਾਬ ਵਿਚ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਮੋਹਾਲੀ ’ਚ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਜੀਠੀਆ ਨੂੰ ਬਾਅਦ ਵਿਚ ਹਾਈਕੋਰਟ ਤੋਂ ਜ਼ਮਾਨਤ ਵੀ ਮਿਲ ਗਈ ਸੀ।