ਜ਼ਿੰਬਾਬਵੇ ‘ਚ ਹੀਰੇ ਦੀ ਖਾਣ ਵੱਲ ਜਾਂਦਿਆਂ ਪ੍ਰਾਈਵੇਟ ਜੈੱਟ ਹੋਇਆ ਹਾਦਸੇ ਦਾ ਸ਼ਿਕਾਰ
ਜੋਹੈਨਸਬਰਗ : ਜ਼ਿੰਬਾਬਵੇ ਚ ਇਕ ਹੀਰੇ ਦੀ ਖਾਣ ਕੋਲ ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਅਰਬਪਤੀ ਭਾਰਤੀ ਕਾਰੋਬਾਰੀ ਹਰਪਾਲ ਰੰਧਾਵਾ ਤੇ ਉਨ੍ਹਾਂ ਦੇ ਪੁੱਤਰ ਸਣੇ ਛੇ ਜਣਿਆਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਉਨ੍ਹਾਂ ਦੇ ਪ੍ਰਾਈਵੇਟ ਜਹਾਜ਼ ਸੈਸਨਾ 206 ਵਿਚ ਤਕਨੀਕੀ ਖਰਾਬੀ ਆਉਣ ਕਾਰਨ ਵਾਪਰਿਆ ਹੈ। ਦੱਸਣਯੋਗ ਹੈ ਕਿ ਹਰਪਾਲ ਰੰਧਾਵਾ ਮਾਈਨਿੰਗ ਕੰਪਨੀ ‘ਰੀਓਜ਼ਿਮ ਦੇ ਮਾਲਕ ਸਨ। ਕੰਪਨੀ ਖਾਣਾਂ ‘ਚੋਂ ਸੋਨਾ, ਕੋਲਾ, ਨਿੱਕਲ ਤੇ ਤਾਂਬਾ ਕੱਢਣ ਦਾ ਕੰਮ ਕਰਦੀ ਹੈ। ਰੰਧਾਵਾ 4 ਅਰਬ ਅਮਰੀਕੀ ਡਾਲਰ ਦੇ ਮੁੱਲ ਵਾਲੀ ਪ੍ਰਾਈਵੇਟ ਇਕੁਇਟੀ ਫਰਮ ‘ਜੀਈਐਮ ਹੋਲਡਿੰਗਜ਼’ ਦੇ ਵੀ ਬਾਨੀ ਸਨ। ਵੇਰਵਿਆਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਇਆ ਪ੍ਰਾਈਵੇਟ ਜੈੱਟ ਕੰਪਨੀ ਦਾ ਹੀ ਸੀ। ਇਸ ਨੇ ਹਰਾਰੇ ਤੋਂ ਮੁਰੋਵਾ ਹੀਰਾ ਖਾਣ ਲਈ ਉਡਾਣ ਭਰੀ ਸੀ। ਇਕ ਇੰਜਣ ਵਾਲਾ ਜਹਾਜ਼ ਖਾਣ ਦੇ ਨੇੜੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਖਾਣ ਵਿਚ ਰੀਓਜ਼ਿਮ ਕੰਪਨੀ ਦੀ ਹਿੱਸੇਦਾਰੀ ਸੀ। ਰਿਪੋਰਟਾਂ ਮੁਤਾਬਕ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਹ ਹਵਾ ਵਿਚ ਹੀ ਫਟ ਗਿਆ ਤੇ ਖੇਤਾਂ ਵਿਚ ਡਿੱਗ ਗਿਆ।