ਸਟਾਕਹੋਮ : ਭੌਤਿਕ ਵਿਗਿਆਨ (ਫਿਜ਼ਿਕਸ ਦਾ ਨੋਬੇਲ ਪੁਰਸਕਾਰ ਇਸ ਵਾਰ ਉਨ੍ਹਾਂ ਤਿੰਨ ਵਿਗਿਆਨੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਸਕਿੰਟ ਦੇ ਸਭ ਤੋਂ ਛੋਟੇ ਹਿੱਸੇ ਦੌਰਾਨ ਪਰਮਾਣੂਆਂ ‘ਚ ਇਲੈਕਟਰੋਨਾਂ ਦਾ ਅਧਿਐਨ ਕੀਤਾ ਹੈ।
ਅਮਰੀਕਾ ‘ਚ ਓਹਾਈਓ ਸਟੇਟ ਯੂਨੀਵਰਸਿਟੀ ਦੇ ਪੀਅਰੇ ਅਗਸਟੀਨੀ, ਜਰਮਨੀ ਵਿਚ ‘ਮੈਕਸ ਪਲਾਂਕ ਇੰਸਟੀਚਿਊਟ ਆਫ ਕੁਆਂਟਮ ਫਿਜ਼ਿਕਸ ਤੇ ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ ਆਫ ਮਿਊਨਿਖ ਦੇ ਫੇਰੇਂਸ ਕਰੌਸ ਤੇ ਸਵੀਡਨ ਸਥਿਤ ਲੁੰਡ ਯੂਨੀਵਰਸਿਟੀ ਦੀ ਏਨੇ ਲੁਇਲਿਏ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿਚ ਯੋਗਦਾਨ ਲਈ ਇਸ ਵੱਕਾਰੀ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ‘ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼’ ਮੁਤਾਬਕ, ‘ਇਨ੍ਹਾਂ ਦੇ ਤਜਰਬਿਆਂ ਨੇ ਮਨੁੱਖਤਾ ਨੂੰ ਪਰਮਾਣੂਆਂ ਤੇ ਕਣਾਂ ਵਿਚ ਮੌਜੂਦ ਇਲੈਕਟਰੋਨਾਂ ਦੀ ਦੁਨੀਆ ‘ਚ ਖੋਜ ਦੇ ਨਵੇਂ ਰਾਹ ਉਪਲਬਧ ਕਰਵਾਏ ਹਨ।’ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ‘ਪ੍ਰਕਾਸ਼ ਦੀਆਂ ਬੇਹੱਦ ਛੋਟੀਆਂ ਤਰੰਗਾਂ ਬਣਾਉਣ ਦਾ ਤਰੀਕਾ ਪ੍ਰਦਰਸ਼ਿਤ ਕੀਤਾ ਹੈ ਜਿਸ ਦੀ ਵਰਤੋਂ ਉਨ੍ਹਾਂ ਤੇਜ਼ ਪ੍ਰਕਿਰਿਆਵਾਂ ਨੂੰ ਮਾਪਣ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਵਿਚ ਇਲੈਕਟਰੋਨ ਚੱਲਦੇ ਹਨ ਜਾਂ ਊਰਜਾ ਬਦਲਦੇ ਹਨ।’
ਲੁਇਲਿਏ ਫਿਜ਼ਿਕਸ ਵਿਚ ਨੋਬੇਲ ਪੁਰਸਕਾਰ ਜਿੱਤਣ ਵਾਲੀ ਪੰਜਵੀਂ ਮਹਿਲਾ ਹੈ। ਉਨ੍ਹਾਂ ਇਹ ਸਨਮਾਨ ਮਿਲਣ ‘ਤੇ ਖ਼ੁਸ਼ੀ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਨੋਬੇਲ ਪੁਰਸਕਾਰ ਵਿਚ 10 ਲੱਖ ਅਮਰੀਕੀ ਡਾਲਰ ਦੀ ਨਗਦ ਰਾਸ਼ੀ ਦਿੱਤੀ ਜਾਂਦੀ ਹੈ। ਗੌਰਤਲਬ ਹੈ ਕਿ ਪਿਛਲੇ ਸਾਲ ਇਹ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਸੀ ਜਿਨ੍ਹਾਂ ਸਾਬਿਤ ਕੀਤਾ ਸੀ ਕਿ ਲਘੂ ਕਣ ਵੱਖ ਕੀਤੇ ਜਾਣ ਤੋਂ ਬਾਅਦ ਵੀ ਇਕ-ਦੂਜੇ ਨਾਲ ਸੰਪਰਕ ਬਣਾ ਕੇ ਰੱਖਦੇ ਹਨ। ਪਹਿਲਾਂ ਇਸ ਖੋਜ ਉਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਉਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਮੈਡੀਸਨ ਦਾ ਨੋਬੇਲ ਪੁਰਸਕਾਰ ਕੈਟਾਲਨਿ ਕਾਰਿਕੋ ਤੇ ਡਰਿਊ ਵੀਜ਼ਮੈਨ ਨੂੰ ਦਿੱਤਾ ਗਿਆ ਸੀ।
ਉਨ੍ਹਾਂ ਕੋਵਿਡ ਨਾਲ ਲੜਨ ਲਈ ਐਮਆਰਐੱਨਏ ਟੀਕਿਆਂ ਦੇ ਵਿਕਾਸ ਨਾਲ ਸਬੰਧਤ ਖੋਜ ਕੀਤੀ ਸੀ।

