ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇਕ ਮਹੀਨੇ ਅੰਦਰ ਸੂਬੇ ‘ਚੋਂ ਅਪਰਾਧ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ‘ਚ ਅੱਜ ਹਾਲਾਤ ਇਹ ਬਣ ਗਏ ਹਨ ਕਿ ਸੂਬੇ ‘ਚ ਨਸ਼ਿਆਂ ਅਤੇ ਹੋਰ ਵੱਡੇ ਅਪਰਾਧਾਂ ਤੋਂ ਇਲਾਵਾ ਝਪਟਮਾਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦਾ ਵੀ ਹੜ੍ਹ ਆ ਗਿਆ ਜਾਪਦਾ ਹੈ। ਪੰਜਾਬ ਦੇ ਹਰ ਛੋਟੇ-ਵੱਡੇ ਸ਼ਹਿਰ, ਕਸਬੇ ਅਤੇ ਇੱਥੋਂ ਤੱਕ ਕਿ ਪਿੰਡਾਂ ‘ਚ ਵੀ ਰੋਜ਼ਾਨਾ ਦਰਜਨਾਂ ਦੇ ਹਿਸਾਬ ਨਾਲ ਝਪਟਮਾਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਹਨ। ਉਦਾਹਰਨ ਦੇ ਤੌਰ ‘ਤੇ ਜਲੰਧਰ ਸ਼ਹਿਰ ‘ਚ ਤਿੰਨ ਦਿਨਾਂ ‘ਚ ਹੀ ਝਪਟਮਾਰੀ ਅਤੇ ਲੁੱਟਾਂ-ਖੋਹਾਂ ਦੀਆਂ 50 ਦੇ ਲਗਭਗ ਘਟਨਾਵਾਂ ਹੋਣ ਦੀਆਂ ਰਿਪੋਰਟਾਂ ਥਾਣਿਆਂ ‘ਚ ਪਹੁੰਚੀਆਂ ਹਨ। ਇਨ੍ਹਾਂ ਤੋਂ ਇਲਾਵਾ ਕਸਬਿਆਂ ਅਤੇ ਦਿਹਾਤੀ ਥਾਣਿਆਂ ‘ਚ ਦਰਜ ਹੋਣ ਅਤੇ ਨਾ ਹੋਣ ਵਾਲੀਆਂ ਘਟਨਾਵਾਂ ਵਿਚ ਵੀ ਬੇਹਿਸਾਬ ਵਾਧਾ ਹੋਇਆ ਹੈ। ਅਕਸਰ ਪੁਲਿਸ ਥਾਣਿਆਂ ‘ਚ ਆਮ ਆਦਮੀ ਵਲੋਂ ਦਰਜ ਕਰਵਾਈਆਂ ਜਾਂਦੀਆਂ ਸ਼ਿਕਾਇਤਾਂ ਰੋਜ਼ਨਾਮਚੇ ‘ਚ ਦਰਜ ਹੁੰਦੀਆਂ ਹੀ ਨਹੀਂ। ਕਈ ਵਾਰ ਆਮ ਲੋਕ ਥਾਣਿਆਂ ‘ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਣ ਲਈ ਰਿਪੋਰਟ ਹੀ ਦਰਜ ਨਹੀਂ ਕਰਵਾਉਂਦੇ। ਪਿਛਲੇ ਦਿਨੀਂ ਚੋਰੀ ਦੀ ਇਕ ਘਟਨਾ ‘ਚ ਪੀੜਤ ਪਰਿਵਾਰ ਨੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਹੋ ਜਾਣ ‘ਤੇ ਖ਼ੁਦ ਹੀ ਚੋਰ ਨੂੰ ਜਾਣ ਦਿੱਤਾ ਅਤੇ ਰਿਪੋਰਟ ਦਰਜ ਨਹੀਂ ਕਰਵਾਈ ਹਾਲਾਂਕਿ ਪੁਲਿਸ ਥਾਣੇ ‘ਚ ਇਸ ਘਟਨਾ ਦੀ ਪੂਰੀ ਜਾਣਕਾਰੀ ਸੀ।
ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ‘ਚ ਪ੍ਰਸ਼ਾਸਨਿਕ ਪੱਧਰ ‘ਤੇ ਫੈਲੀ ਅਵਿਵਸਥਾ ਅਤੇ ਅਨਿਯਮਤਾਵਾਂ ਦਾ ਆਲਮ ਇਹ ਹੈ ਕਿ ਅਪਰਾਧਕ ਕਿਸਮ ਦੇ ਲੋਕ ਬਿਨਾਂ ਕਿਸੇ ਖ਼ੌਫ਼ ਦੇ ਲਗਾਤਾਰ ਅਪਰਾਧ ਕਰ ਰਹੇ ਹਨ ਅਤੇ ਪੁਲਿਸ ਦਾ ਪੂਰਾ ਤੰਤਰ ਜਾਂਚ ਪੜਤਾਲ ‘ਚ ਹੀ ਉਲਝਿਆ ਰਹਿ ਜਾਂਦਾ ਹੈ। ਅੰਮ੍ਰਿਤਸਰ ‘ਚ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਦੀ ਸਿਰ ‘ਚ ਇੱਟਾਂ ਮਾਰ-ਮਾਰ ਕੇ ਕੀਤੀ ਗਈ ਹੱਤਿਆ ਹੈਰਾਨ ਕਰਦੀ ਹੈ। ਫਗਵਾੜਾ ‘ਚ ਵੀ ਅਜਿਹੀ ਹੀ ਇਕ ਦਿਲ-ਕੰਬਾਊ ਘਟਨਾ ‘ਚ ਇਕ ਮਕਾਨ ‘ਚ ਅਪ੍ਰਵਾਸੀ ਨਾਗਰਿਕ ਅਤੇ ਉਸ ਦੀ ਨੌਜਵਾਨ ਬੇਟੀ ਦੀਆਂ ਮ੍ਰਿਤਕ ਦੇਹਾਂ ਪਾਏ ਜਾਣ ਦੀ ਹੈ, ਜਿਸ ਨੂੰ ਲੈ ਕੇ ਪੁਲਿਸ ਅਜੇ ਵੀ ਜਾਂਚ-ਪੜਤਾਲ ਕਰ ਰਹੀ ਹੈ।
ਹਾਲ ਹੀ ਦੀ ਇਕ ਹੋਰ ਘਟਨਾ ਬੀਤੇ ਦਿਨੀਂ ਜਲੰਧਰ ‘ਚ ਝਪਟਮਾਰਾਂ ਵਲੋਂ ਸ਼ਰੇਆਮ ਅਤੇ ਦਿਨ-ਦਿਹਾੜੇ ਇਕ ਮਹਿਲਾ ਦੀ ਸਕੂਟੀ ਨੂੰ ਟੱਕਰ ਮਾਰ ਕੇ ਉਸ ਨੂੰ ਡੇਗਣ ਅਤੇ ਉਸ ਦੇ ਦੋਵਾਂ ਕੰਨਾਂ ਦੀਆਂ ਵਾਲੀਆਂ ਖੋਹ ਲੈਣ ਦੀ ਹੈ। ਇਸ ਨਾਲ ਔਰਤ ਜ਼ਖ਼ਮੀ ਵੀ ਹੋ ਗਈ, ਪਰ ਲੁਟੇਰੇ ਬਿਨਾਂ ਕਿਸੇ ਰੋਕ-ਟੋਕ ਦੇ ਫ਼ਰਾਰ ਹੋ ਗਏ। ਫਿਰੋਜ਼ਪੁਰ ਦੇ ਇਕ ਪਿੰਡ ਦੀ ਇਹ ਘਟਨਾ ਵੀ ਹਾਲਾਤ ਨੂੰ ਬਿਆਨ ਕਰਨ ਲਈ ਕਾਫ਼ੀ ਹੈ, ਜਿਸ ‘ਚ ਕੁਝ ਲੁਟੇਰੇ ਇਕ ਮਕਾਨ ‘ਚ ਦਾਖ਼ਲ ਹੋਏ ਅਤੇ ਇਕ ਮਹਿਲਾ ਨੂੰ ਗੋਲੀ ਨਾਲ ਜ਼ਖ਼ਮੀ ਕਰਕੇ ਲੁੱਟ-ਖੋਹ ਕਰ ਗਏ। ਲੁਟੇਰਿਆਂ ਨੇ ਘਰ ਦੇ ਸਾਰੇ ਮੈਂਬਰਾਂ ਨੂੰ ਗੁਸਲਖਾਨੇ (ਬਾਥਰੂਮ) ‘ਚ ਬੰਦ ਕਰ ਦਿੱਤਾ ਸੀ। ਤਰਨਤਾਰਨ ‘ਚ ਬੈਂਕ ਲੁੱਟਣ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਏ.ਐਸ.ਆਈ. ਨੂੰ ਹੀ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਵੀ ਕਿ ਲੁਟੇਰੇ ਜਿਵੇਂ ਆਏ ਸਨ, ਉਵੇਂ ਹੀ ਮੂੰਹ ‘ਤੇ ਮੁਖੌਟੇ ਲਗਾ ਕੇ ਮੌਕੇ ਤੋਂ ਫ਼ਰਾਰ ਵੀ ਹੋ ਗਏ। ਉਕਤ ਏ.ਐਸ.ਆਈ. ਨੇ ਬੈਂਕ ਨੂੰ ਲੁੱਟਣ ਤੋਂ ਤਾਂ ਬਚਾ ਲਿਆ ਪਰ ਖ਼ੁਦ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਹ ਅਤੇ ਇਸ ਵਰਗੀਆਂ ਹੋਰ ਨਿੱਤ ਦਿਨ ਵਾਪਰਦੀਆਂ ਘਟਨਾਵਾਂ ਪੰਜਾਬ ਦੀ ਕਾਨੂੰਨ-ਵਿਵਸਥਾ ਦੀ ਹਾਲਤ ਨੂੰ ਸ਼ੀਸ਼ੇ ‘ਚ ਉਤਾਰਨ ਲਈ ਕਾਫ਼ੀ ਹਨ।
ਦੇਸ਼, ਸਮਾਜ ਅਤੇ ਪੰਜਾਬ ‘ਚ ਅਪਰਾਧ ਪਹਿਲਾਂ ਵੀ ਹੁੰਦੇ ਰਹੇ ਹਨ ਅਤੇ ਝਪਟਮਾਰੀ ਆਦਿ ਦੀਆਂ ਘਟਨਾਵਾਂ ਵੀ ਅਕਸਰ ਹੁੰਦੀਆਂ ਆਈਆਂ ਹਨ, ਪਰ ਜਿਸ ਬੇਖ਼ੌਫ ਢੰਗ ਨਾਲ ਸੂਬੇ ‘ਚ ਹੁਣ ਝਪਟਮਾਰੀ ਅਤੇ ਲੁੱਟਾਂ-ਖੋਹਾਂ ਦੀਆਂ ਅਪਰਾਧਕ ਘਟਨਾਵਾਂ ਵਾਪਰ ਰਹੀਆਂ ਹਨ, ਉਹ ਬਿਨਾਂ ਸ਼ੱਕ ਪੰਜਾਬ ਦੇ ਆਮ ਲੋਕਾਂ ਨੂੰ ਡਰਾਉਣ ਵਾਲੀਆਂ ਹਨ। ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੇ ਦੇ ਪਸਾਰ ਦੀਆਂ ਘਟਨਾਵਾਂ ਵੀ ਬਾਦਸਤੂਰ ਜਾਰੀ ਹਨ।
ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਸਿਤਮ-ਜ਼ਰੀਫ਼ੀ ਦੀ ਹੱਦ ਇਹ ਵੀ ਹੈ ਕਿ ਲੁਟੇਰੇ ਅਤੇ ਝਪਟਮਾਰ ਹੁਣ ਲੁੱਟਦੇ ਵੀ ਹਨ ਅਤੇ ਕੱਟ-ਵੱਢ ਕੇ ਜ਼ਖ਼ਮੀ ਵੀ ਕਰਦੇ ਹਨ। ਲਿਹਾਜ਼ਾ ਲੋਕ ਹੁਣ ਡਰੇ ਹੋਏ ਹਨ, ਇੱਥੋਂ ਤੱਕ ਲੋਕ ਸ਼ਾਮ ਨੂੰ ਘਰਾਂ ‘ਚੋਂ ਬਾਹਰ ਨਿਕਲਣ ਦੀ ਬਜਾਏ ਘਰਾਂ ‘ਚ ਹੀ ਬੈਠਣ ਨੂੰ ਤਰਜੀਹ ਦੇਣ ਲੱਗੇ ਹਨ। ਇਹ ਵੀ ਕਿ ਪਿੰਡਾਂ ‘ਚ ਅਪਰਾਧਿਕ ਅਨਸਰਾਂ ਤੋਂ ਰੱਖਿਆ ਲਈ ਠੀਕਰੀ ਪਹਿਰਾ ਦੇਣ ਵਾਲਿਆਂ ‘ਤੇ ਹਮਲੇ ਹੋਣ ਦੀਆਂ ਵਾਰਦਾਤਾਂ ਵੀ ਅਪਰਾਧੀਆਂ ਦੇ ਵਧਦੇ ਹੌਸਲੇ ਨੂੰ ਦਰਸਾਉਂਦੀਆਂ ਹਨ। ਬਿਨਾਂ ਸ਼ੱਕ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਸਖ਼ਤੀ ਨਾਲ ਰੋਕ ਨਹੀਂ ਲਗਾਈ ਜਾਂਦੀ, ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਕਿੰਨੀ ਤੇਜ਼ੀ ਨਾਲ ਰਸਾਤਲ ਵੱਲ ਜਾਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋਵੇਗਾ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …