-9.2 C
Toronto
Friday, January 2, 2026
spot_img
Homeਸੰਪਾਦਕੀਫਲਾਵਰ ਸਿਟੀ ਫਰੈਂਡਜ਼ ਕਲੱਬ ਦੇ 'ਕ੍ਰਿਸਮਸ ਗਾਲਾ-ਡਿਨਰ' ਮੌਕੇ ਬਣਿਆ ਖੁਸ਼ੀਆਂ-ਖੇੜਿਆਂ, ਨੇੜਤਾ ਤੇ...

ਫਲਾਵਰ ਸਿਟੀ ਫਰੈਂਡਜ਼ ਕਲੱਬ ਦੇ ‘ਕ੍ਰਿਸਮਸ ਗਾਲਾ-ਡਿਨਰ’ ਮੌਕੇ ਬਣਿਆ ਖੁਸ਼ੀਆਂ-ਖੇੜਿਆਂ, ਨੇੜਤਾ ਤੇ ‘ਸੈਂਟਾ ਬਾਬਾ’ ਨੂੰ ਮਿਲਣ ਦਾ ਮਨੋਰੰਜਕ ਮਾਹੌਲ

ਬਰੈਂਪਟਨ/ਡਾ. ਝੰਡ : ਕ੍ਰਿਸਮਸ ਪ੍ਰੇਮ-ਪਿਆਰ, ਖੁਸ਼ੀਆਂ-ਚਾਵਾਂ ਤੇ ਨਵੀਆਂ ਆਸਾਂ-ਉਮੀਦਾਂ ਦਾ ਸਾਂਝਾ ਤਿਓਹਾਰ ਹੈ। ਇਸ ਨੂੰ ਮਨਾਉਣ ਲਈ ਲੰਘੇ ਐਤਵਾਰ 28 ਦਸੰਬਰ ਨੂੰ ਬਰੈਂਪਟਨ ਦੀ ਫਲਾਵਰ ਸਿਟੀ ਫਰੈਂਡਜ਼ ਕਲੱਬ ਵੱਲੋਂ ਸਥਾਨਕ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿਖੇ ‘ਕ੍ਰਿਸਮਸ ਗਾਲਾ-ਡਿਨਰ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਸ ਕਲੱਬ ਦੇ 100 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਸੀਨੀਅਰਜ਼ ਦੇ ਲਈ ਇਹ ਇਕੱਠੇ ਬੈਠਣ, ਗੱਲਾਂ-ਬਾਤਾਂ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਸੁਨਹਿਰੀ ਮੌਕਾ ਸੀ। ਇਸ ਮੌਕੇ ਹੋਏ ਡਾਂਸ, ਗੀਤ-ਸੰਗੀਤ, ਗੇਮਾਂ ਤੇ ਸੁਆਦਲੇ ਖਾਣ-ਪੀਣ ਨੇ ਇਸ ਵਿੱਚ ਹੋਰ ਵੀ ਵਧੀਆ ਰੰਗ ਭਰ ਦਿੱਤਾ।
ਸਮਾਗਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਕਹੇ ਭਾਵਪੂਰਤ ਸੁਆਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਇਸ ਸਾਲ 2025 ਦੌਰਾਨ 11 ਵੱਖ-ਵੱਖ ਈਵੈਂਟ ਆਯੋਜਿਤ ਕੀਤੇ ਗਏ ਹਨ। ਜਿਨ੍ਹਾਂ ਸਦਕਾ ਮੈਂਬਰਾਂ ਵਿਚਕਾਰ ਆਪਸੀ ਮੇਲ਼-ਜੋਲ਼ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕ੍ਰਿਸਮਸ ਇੱਕ-ਦੂਸਰੇ ਨੂੰ ਮਿਲਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਓਹਾਰ ਹੈ ਅਤੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ। ਇਸ ਦੌਰਾਨ ‘ਲੀਜੈਂਡ ਟਾਇਰਜ਼’ ਦੇ ਮਾਲਕ ਤੇ ਸੰਚਾਲਕ ਰੌਜਰ ਸ਼ਰਮਾ ਵੱਲੋਂ ਸਪਾਂਸਰ ਕੀਤੇ ਗਏ ਤੋਹਫ਼ੇ ਮੈਂਬਰਾਂ ਨੂੰ ਦਿੱਤੇ ਗਏ।
ਸਮਾਗਮ ਵਿੱਚ ਬਰੈਂਪਟਨ ਸੈਂਟਰ ਦੀ ਐੱਮ.ਪੀ. ਅਮਨਜੀਤ ਸੋਢੀ ਅਤੇ ਬਰੈਂਪਟਨ ਨੌਰਥ-ਕੈਲਾਡਨ ਦੀ ਐੱਮ.ਪੀ. ਰੂਬੀ ਸਹੋਤਾ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਦੋਹਾਂ ਵੱਲੋਂ ਕਲੱਬ ਦੇ ਮੈਂਬਰਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਕਲੱਬ ਵੱਲੋਂ ਸੀਨੀਅਰਾਂ ਦੇ ਲਈ ਸਾਰਾ ਸਾਲ ਕੀਤੇ ਜਾਂਦੇ ਸਾਰਥਿਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਦੇ ਨਾਲ ਹੀ ਦੋਹਾਂ ਵੱਲੋਂ ਕਲੱਬ ਦਾ ਸਲਾਨਾ ਮੈਗ਼ਜ਼ੀਨ ਵੀ ਰੀਲੀਜ਼ ਕੀਤਾ ਗਿਆ ਜਿਸ ਵਿੱਚ ਕਲੱਬ ਦੀਆਂ ਸਾਰੇ ਸਾਲ ਦੀਆਂ ਸਰਗਰਮੀਆਂ ਦਾ ਤਸਵੀਰਾਂ ਸਮੇਤ ਵਿਸਥਾਰ ਪੂਰਵਕ ਜ਼ਿਕਰ ਕੀਤਾ ਗਿਆ ਹੈ। ਇਸ ਮੈਗ਼ਜ਼ੀਨ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ, ਓਨਟਾਰੀਓ ਦੇ ਪ੍ਰੀਮੀਅਰ ਡੱਗ਼ ਫੋਰਡ ਅਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਭੇਜੇ ਗਏ ਸੰਦੇਸ਼ ਵੀ ਸ਼ਾਮਲ ਕੀਤੇ ਗਏ ਹਨ।
ਇਸ ਦੌਰਾਨ ਸਮੁੱਚੇ ਪ੍ਰੋਗਰਾਮ ਨੂੰ ਮੰਚ-ਸੰਚਾਲਕ ਅਨੁਜਾ ਕਾਬੁਲੀ ਵੱਲੋਂ ਬੜੇ ਵਧੀਆ ਤਰੀਕੇ ਅਤੇ ਸਲੀਕੇ ਨਾਲ ਤਰਤੀਬ ਦਿੰਦਿਆਂ ਹੋਇਆ ਪੇਸ਼ ਕੀਤਾ ਗਿਆ। ਮਨੋਰੰਜਨ ਦੀਆਂ ਆਈਟਮਾਂ ਵਿੱਚ ਡਾਂਸ, ਗਿੱਧਾ, ਦਿਲਚਸਪ ਗੇਮਾਂ, ਤੰਬੋਲਾ, ਆਦਿ ਸ਼ਾਮਲ ਸਨ ਜਿਨ੍ਹਾਂ ਵਿੱਚ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਦਾ ਸੱਭ ਤੋਂ ਰੌਚਕ ਭਾਗ ‘ਸੈਂਟਾ ਬਾਬਾ’ ਦੀ ਇਸ ਵਿੱਚ ‘ਸਪੈਸ਼ਲ ਐਂਟਰੀ’ ਸੀ ਜਿਸ ਨੇ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸੈਂਟਾ ਵੱਲੋਂ ਮੈਂਬਰਾਂ ਨੂੰ ਤੋਹਫ਼ੇ ਵੰਡਣ ਦੌਰਾਨ ਕਾਫ਼ੀ ਹਾਸੇ-ਠੱਠੇ ਤੇ ਹਲਕੇ ਮਜ਼ਾਕ ਦਾ ਖੁਸ਼ੀਆਂ ਭਰਪੂਰ ਮਾਹੌਲ ਬਣਿਆਂ। ਕਲੱਬ ਦੀ ਡਾਇਰੈੱਕਟਰ ਕਮਲ ਬਾਬਰਾ ਨੇ ਸਮਾਗ਼ਮ ਨੂੰ ਸੰਖੇਪ ਰੂਪ ਵਿਚ ਸੰਕੋਚਦਿਆਂ ਕਿਹਾ, ”ਇਹ ਸ਼ਾਮ ਦਰਸਾਉਂਦੀ ਹੈ ਕਿ ਇਕੱਠੇ ਹੋ ਕੇ ਅਸੀਂ ਕੀ ਕੁਝ ਪ੍ਰਾਪਤ ਕਰ ਸਕਦੇ ਹਾਂ।” ਸਮਾਗਮ ਵਿੱਵ ਪਹੁੰਚੇ ਸਮੂਹ ਮਹਿਮਾਨਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਦਾ ਕਹਿਣਾ ਸੀ, ”ਸੀਨੀਅਰਾਂ ਨੂੰ ਇਸ ਤਰ੍ਹਾਂ ਖੁਸ਼ ਅਤੇ ਇਕੱਠੇ ਵੇਖਣਾ ਸਾਡੀ ਕਲੱਬ ਦਾ ਮਿਸ਼ਨ ਹੈ, ਜਿਸ ਵਿੱਚ ਅਸੀਂ ਸਫ਼ਲ ਹੋਏ ਹਾਂ।”
ਸਮਾਗਮ ਦੀ ਸਮਾਪਤੀ ‘ਤੇ ਅਖ਼ੀਰ ਵਿਚ ਕਲੱਬ ਦੇ ਚੇਅਰਪਰਸਨ ਵੱਲੋਂ ਸਾਰੇ ਮੈਂਬਰਾਂ ਤੇ ਮਹਿਮਾਨਾਂ ਦਾ ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਇੱਜ ਵਾਰ ਫਿਰ ਧੰਨਵਾਦ ਕੀਤਾ ਗਿਆ।
ਅਗਲੇ ਸਾਲ 2026 ਲਈ ਸਮੂਹ ਮੈਂਬਰਾਂ ਨੂੰ ਸ਼ੁਭ-ਇੱਛਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇੰਜ ਹੀ ਇਕੱਠੇ ਹੋ ਕੇ ਸਾਰੇ ਤਿਓਹਾਰ ਮਨਾਏ ਜਾਣਗੇ ਅਤੇ ਕਲੱਬ ਵੱਲੋਂ ਪਿਕਨਿਕਾਂ ਉੱਪਰ ਵੱਖ-ਵੱਖ ਥਾਵਾਂ ਦੇ ਮਨੋਰੰਜਕ ਟੂਰਾਂ ‘ਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਜਾਏਗਾ।

RELATED ARTICLES
POPULAR POSTS