-1.6 C
Toronto
Tuesday, February 10, 2026
spot_img
Homeਸੰਪਾਦਕੀਪੋਹ ਦੇ ਕਹਿਰ ਤੇ ਦੁਨੀਆਂਵੀ ਰੂਹਾਂ

ਪੋਹ ਦੇ ਕਹਿਰ ਤੇ ਦੁਨੀਆਂਵੀ ਰੂਹਾਂ

ਹਰ ਸਾਲ, ਦਸੰਬਰ ਮਹੀਨੇ ਦਾ ਆਖ਼ਰੀ ਹਫਤਾ, 6 ਪੋਹ (20/21 ਦਸੰਬਰ) ਤੋਂ 13 ਪੋਹ (27/28 ਦਸੰਬਰ), ਲਾਸਾਨੀ ਸ਼ਹੀਦੀਆਂ ਦਾ ਹਫਤਾ ਹੈ। ਇੱਕ-ਇੱਕ ਦਿਨ, ਇੱਕ-ਇੱਕ ਪਲ ਦਿਲ ਕੰਬਾਉਣ ਵਾਲਾ ਹੈ ਅਤੇ ਉਦਾਸੀਆਂ ਭਰਪੂਰ ਹੈ। ਸਾਡੇ ਵੱਡੇ ਵਡੇਰੇ, ਇਹਨਾਂ ਦਿਨਾਂ ‘ਚ ਭੁੰਜੇ ਸੌਂਦੇ ਸਨ ਤੇ ਸਾਦਾ ਭੋਜਨ ਕਰਦੇ ਸਨ।
ਇਹਨਾਂ ਦਿਨਾਂ ਵਿੱਚ, ਕੀ ਕੁਝ ਨਹੀਂ ਵਾਪਰਿਆ। ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਘੇਰ ਲੈਣਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰਿਵਾਰ ਤੇ ਸਿੰਘਾਂ ਸਮੇਤ ਅੱਠ ਮਹੀਨੇ, ਇਸ ਘੇਰੇ ਦੇ ਜੁਲਮਾਂ ਦਾ ਮੁਕਾਬਲਾ ਕਰਨਾ। ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਤੇ ਗਾਂ ਦੀਆਂ ਸੌਹਾਂ ਖਾ ਕੇ ਗੁਰੂ ਸਾਹਿਬ ਨੂੰ ਕਿਲ੍ਹਾ ਛੱਡਣ ਦੀ ਬੇਨਤੀ ਕਰਨੀ। ਖਾਲਸੇ ਦੇ ਵਡੇਰੇ ਹਿੱਤਾਂ ਦੀ ਰਣਨੀਤੀ ਤਹਿਤ ਕਿਲ੍ਹਾ ਛੱਡਣ ਲਈ ਗੁਰੂ ਸਾਹਿਬ ਦਾ ਸਹਿਮਤ ਹੋਣਾ। ਗੁਰੂ ਸਾਹਿਬ ਵੱਲੋਂ ਪਰਿਵਾਰ ਤੇ ਸਿੰਘਾਂ ਸਮੇਤ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ। ਮੁਗਲਾਂ ਤੇ ਪਹਾੜੀ ਰਾਜਿਆਂ ਵੱਲੋਂ ਸੁਰੱਖਿਅਤ ਲਾਂਘਾਂ ਦੇਣ ਦੀਆਂ ਸੌਹਾਂ ਤੋੜ ਕੇ ਗੁਰੂ ਸਾਹਿਬ ਦੇ ਕਾਫ਼ਲੇ ‘ਤੇ ਹਮਲਾ ਕਰਨਾ। ਹਮਲੇ ਨੂੰ ਨਾਕਾਮ ਕਰਕੇ ਕਾਫਲੇ ਦਾ ਸਰਸਾ ਨਦੀ ‘ਤੇ ਪਹੁੰਚਣਾ।
ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀ ‘ਚ ਹੜ੍ਹ ਦਾ ਆਉਣਾ। ਨਦੀ ਪਾਰ ਕਰਨ ਲੱਗਿਆਂ ਪਾਣੀ ਦੇ ਤੇਜ਼ ਵਹਾ ਵਿੱਚ ਵਿੱਦਿਆ ਸਾਗਰ ਗ੍ਰੰਥ ਤੇ ਕਈ ਸਿੰਘਾਂ ਦਾ ਰੁੜ੍ਹ ਜਾਣਾ। ਗੁਰੂ ਸਾਹਿਬ ਦੇ ਪਰਿਵਾਰ ਦਾ ਤਿੰਨ ਹਿੱਸਿਆਂ ਵਿੱਚ ਵਿਛੜ ਜਾਣਾ। ਗੁਰੂ ਸਾਹਿਬ ਦੇ ‘ਮਹਿਲ’ ਤੇ ਭਾਈ ਮਨੀ ਸਿੰਘ ਇੱਕ ਪਾਸੇ। ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਇੱਕ ਪਾਸੇ ਨੇ। ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਅਤੇ ਪੰਜ ਪਿਆਰੇ ਇੱਕ ਪਾਸੇ।
ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਦਾ ਦੋ ਵੱਡੇ ਸਾਹਿਬਜ਼ਾਦਿਆਂ ਪੰਜਾਂ ਪਿਆਰਿਆਂ ਤੇ ਚਾਲੀ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਵਿਖੇ ਪਹੁੰਚਣਾ। ਏਥੇ ਹੋਏ ਯੁੱਧ ‘ਚ ਵੱਡੇ ਸਾਹਿਬਜ਼ਾਦਿਆਂ ਅਤੇ ਹੋਰ ਸਿੰਘਾਂ ਦਾ ਸ਼ਹੀਦ ਹੋ ਜਾਣਾ। ਖਾਲਸੇ ਦੇ ਭਲੇ ਲਈ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਛੱਡਣ ਲਈ ਪੰਜ ਸਿੰਘਾਂ ਵੱਲੋਂ ਬੇਨਤੀ ਕਰਨ। ਗੁਰੂ ਸਾਹਿਬ ਦਾ ਗੜ੍ਹੀ ‘ਚੋਂ ਨਿਕਲਣਾ ਤੇ ਮਾਛੀਵਾੜੇ ਦੇ ਜੰਗਲ ‘ਚ ਟਿੰਡ ਦਾ ਸਰਹਾਣਾ ਬਣਾ ਕੇ ਭੁੰਜੇ ਸੌਣਾ।
ਪਰਿਵਾਰ ਤੋਂ ਵਿਛੜਣ ਉਪਰੰਤ, ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਦਾ ਸਫ਼ਰ-ਏ-ਸ਼ਹਾਦਤ ਸ਼ੁਰੂ ਹੋਣਾ। ਬਿਰਧ ਮਾਤਾ ਜੀ ਸੱਤ ਤੇ ਨੌਂ ਸਾਲ ਦੀਆਂ ਮਾਸੂਮ ਜਿੰਦਾਂ ਦੇ ਇਸ ਸਫ਼ਰ ਦਾ ਪਹਿਲਾ ਪੜਾਅ ਕੁੰਮੇ (ਕਰੀਮ ਬਖਸ਼) ਮਾਸ਼ਕੀ ਦੀ ਟੁੱਟੀ ਜਿਹੀ ਛੰਨ ਦਾ ਬਨਣਾ। ਰਾਤ ਦੇ ਸੰਘਣੇ ਹਨੇਰੇ ‘ਚ ਭੁੱਖਣ ਭਾਣੇ ਪੋਤਿਆਂ ਨੂੰ ਅੱਤ ਦੀ ਸਰਦੀ ਤੋਂ ਬਚਾਉਣ ਲਈ ਕੁੰਮੇ ਦੀ ਛੰਨ ਦਾ ਆਸਰਾ ਲੈਣਾ।
ਅਗਲੇ ਦਿਨ ਅਗਲਾ ਪੜਾਅ ਗੰਗੂ ਬਾਹਮਣ ਦੇ ਪਿੰਡ ਸਹੇੜੀ, ਉਸਦੇ ਘਰ ਦਾ ਹੋਣਾ। ਗੰਗੂ ਬਾਹਮਣ ਦਾ ਲਾਲਚ ਵਿੱਚ ਆਉਣਾ। ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਖਬਰ ਮੁਗਲਾਂ ਨੂੰ ਦੇਣੀ। ਮੁਗਲਾਂ ਵੱਲੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਦੀ ਕੋਤਵਾਲੀ ਵਿੱਚ ਰੱਖਣਾ ਤੇ ਫਿਰ ਸੂਬਾ ਸਰਹਿੰਦ ਦੇ ਪੇਸ਼ ਕਰਨਾ।
ਸੂਬੇ ਵੱਲੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ਼ ਵਿੱਚ ਕੈਦ ਕਰਨਾ। ਭੁੱਖਣ ਭਾਣੇ ਰੱਖਣਾ। ਮੋਤੀ ਰਾਮ ਮਹਿਰਾ ਵੱਲੋਂ ਚੋਰੀ ਛਿੱਪੇ ਸਾਹਿਬਜ਼ਾਦਿਆਂ ਲਈ ਜੇਲ੍ਹ ਵਿੱਚ ਦੁੱਧ ਲੈ ਕੇ ਆਉਣਾ। ਇਸ ਜੁਰਮ ਬਦਲੇ ਉਸਦੇ ਪਰਿਵਾਰ ਦਾ ਕੋਹਲੂ ਵਿੱਚ ਪੀੜਿਆ ਜਾਣਾ। ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ‘ਤੇ ਮੁਕੱਦਮਾ ਚਲਾਉਣਾ। ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਲਲਚਾਉਣਾ, ਡਰਾਉਣਾ, ਧਮਕਾਉਣਾ। ਸਾਹਿਬਜ਼ਾਦਿਆਂ ਦਾ, ਆਪਣੇ ਸਿਦਕ ‘ਤੇ ਪੱਕਿਆ ਰਹਿਣਾ। ਦਾਦੀ ਦੀ ਸਿੱਖਿਆ ‘ਤੇ ਅਡੋਲ ਰਹਿਣਾ। ਮੁਗਲਾਂ ਦੀ ਈਨ ਮੰਨਣ ਤੋਂ, ਇਨਕਾਰ ਕਰਨਾ। ਕਾਜ਼ੀ ਵੱਲੋ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ, ਜਿੰਦਾ ਚਿਨਣ ਦਾ ਫਤਵਾ ਦੇਣਾ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸ਼ਹੀਦੀਆਂ ਪਾਉਣਾ। ਦੀਵਾਨ ਟੋਡਰ ਮੱਲ ਵੱਲੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨਾ।
ਇਹਨਾਂ ਦਿਨਾਂ ਵਿੱਚ ਜੋ ਕੁਝ ਵਾਪਰਿਆ ਹੈ ਉਹਦੇ ਬਾਰੇ ਸੋਚ ਸੋਚ ਕੇ, ‘ਗੁਰੂ ਆਲਿਆਂ’ ਦੀ ਰੂਹ ਕੰਬਦੀ ਹੈ ਪਰ ‘ਦੁਨੀਆਂ ਆਲਿਆਂ’ ਦੀ ਰੂਹ ‘ਤੇ, ਕੋਈ ਅਸਰ ਨਹੀਂ। ਉਹ ਨਾ ਤਾਂ ਇਹਨਾਂ ਦਿਨਾਂ ‘ਚ ਵਾਪਰੇ ਭਾਣਿਆਂ ਦੀ ਪੀੜ ਮਹਿਸੂਸ ਕਰਦੇ ਹਨ ਤੇ ਨਾ ਹੀ ਇਹਨਾਂ ਸ਼ਹੀਦੀਆਂ ਬਾਰੇ ਕੋਈ ਵਿਚਾਰ ਚਰਚਾ ਕਰਦੇ ਹਨ। ਉਹ ਤਾਂ ਆਪੋ ਆਪਣੀਆਂ, ‘ਮੌਜ ਮਸਤੀਆਂ’ ਤੱਕ ਸੀਮਤ ਹਨ। ਉਹ ਸ਼ਹੀਦੀਆਂ ਦੇ ਸਬੰਧ ਵਿੱਚ ਰੱਖੇ, ਅਖੰਡ ਪਾਠ ਸਾਹਿਬ ਦੇ ਭੋਗ ਵੇਲੇ, ਨੌਵੇਂ ਮਹੱਲੇ ਦੇ ਸਲੋਕ ਪੜ੍ਹਨ ਵੇਲੇ, ਗੁਰਦੁਆਰੇ ਹਾਜ਼ਰ ਹੋ ਕੇ, ਆਟੇ ਦਾ ਬੈਗ ਚੜ੍ਹਾਉਣ ਤੇ ਲੰਗਰ ਛੱਕਣ ਨੂੰ ਹੀ ਸ਼ਰਧਾਂਜਲੀ ਮੰਨਦੇ ਹਨ।
ਭਲੇ ਮਾਨਸੋ, ਇਹ ਸੁਰਤਾਂ ਸੰਭਾਲਣ ਦੇ ਦਿਨ ਨੇ। ਕੀ ਪਤਾ, ਖਾਣ-ਪੀਣ ਤੇ ਨਾਚ-ਗਾਨੇ ਦੇ, ਇੱਕ ਹਫ਼ਤੇ ਦੇ ਪ੍ਰਹੇਜ਼ ਨਾਲ, ਕੋਈ ‘ਕਪਾਟ’ ਖੁੱਲ ਜਾਵੇ।
– ਰਾਜਪਾਲ ਬੋਪਾਰਾਏ

RELATED ARTICLES
POPULAR POSTS