ਸੋਸ਼ਲ ਮੀਡੀਆ ‘ਤੇ ਤੁਹਾਨੂੰ ਸੈਂਕੜੇ ਸਿਹਤ ਸੰਬੰਧੀ ਵੀਡੀਓ ਨਜ਼ਰ ਆਉਣਗੀਆਂ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਤੁਸੀਂ ਵੇਖੀਆਂ ਵੀ ਹੋਣਗੀਆਂ। ਪ੍ਰੇਰਿਤ ਵੀ ਹੋਏ ਹੋਵੋਗੇ। ਚੰਗੀਆਂ ਗੱਲਾਂ ਨੂੰ ਜੀਵਨ-ਸ਼ੈਲੀ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੋਵੇਗੀ। ਜ਼ਰੂਰ ਉਨ੍ਹਾਂ ਦਾ ਤੁਹਾਡੀ ਸਰੀਰਕ ਮਾਨਸਿਕ ਸਿਹਤ ਨੂੰ ਲਾਭ ਵੀ ਮਿਲਿਆ ਹੋਵੇਗਾ।
ਮੈਂ ਵੀ ਅਜਿਹੀਆਂ ਬਹੁਤ ਸਾਰੀਆਂ ਸਿਹਤ-ਵੀਡੀਓ ਵੇਖਦਾ-ਸੁਣਦਾ ਹਾਂ। ਪਰ ਮੈਨੂੰ ਉਹੀ ਵੀਡਓ, ਉਹੀ ਡਾਕਟਰ ਪ੍ਰਭਾਵਿਤ ਤੇ ਪ੍ਰੇਰਿਤ ਕਰਦੇ ਹਨ, ਜਿਨ੍ਹਾਂ ਦੀਆਂ ਗੱਲਾਂ ਕੁਦਰਤ-ਪੱਖੀ, ਸਿਹਤ-ਪੱਖੀ ਹੋਣ। ਜਿਨ੍ਹਾਂ ਦੀਆਂ ਗੱਲਾਂ ਸਿਹਤ-ਵਿਗਿਆਨ, ਇਲਾਜ-ਵਿਗਿਆਨ ‘ਤੇ ਖਰੀਆਂ ਉੱਤਰਦੀਆਂ ਹੋਣ। ਜਿਹੜੇ ਇਲਾਜ-ਕਾਰੋਬਾਰ ਨੂੰ ਰੱਦ ਕਰਦਿਆਂ ਸਿਹਤ-ਪ੍ਰੇਮੀ, ਕੁਦਰਤ-ਪ੍ਰੇਮੀ ਬਣਨ ਦੀ ਪ੍ਰੇਰਨਾ ਦਿੰਦੇ ਹੋਣ। ਜਿਹੜੇ ਇਸ ਧਾਰਨਾ ਨੂੰ ਮੰਨਦੇ ਸਮਝਦੇ ਹੋਣ ਕਿ ਸਾਡਾ ਸਰੀਰ ਖ਼ੁਦ ਆਪਣੇ ਆਪ ਨੂੰ ਹੀਲ ਕਰਦਾ ਹੈ। ਅਸੀਂ ਉਸ ਨੂੰ ਸਹਿਯੋਗ ਦੇਣਾ ਹੁੰਦਾ ਹੈ, ਚੰਗੀ ਜੀਵਨ-ਸ਼ੈਲੀ ਨਾਲ, ਚੰਗੀ ਖੁਰਾਕ ਨਾਲ, ਕਸਰਤ ਨਾਲ, ਡੀਪ-ਬ੍ਰੀਦਿੰਗ ਨਾਲ। ਅਜਿਹੇ ਡਾਕਟਰਾਂ ਦੀਆਂ ਵੀਡੀਓ ਤੋਂ ਮੈਂ ਬੜਾ ਕੁਝ ਸਿੱਖਿਆ ਸਮਝਿਆ ਹੈ। ਬੜਾ ਲਾਭ ਉਠਾਇਆ ਹੈ।
ਸਭ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬਾਨ ਦੀਆਂ ਵੀਡੀਓ ਨੇ ਮੈਨੂੰ ਪ੍ਰਭਾਵਿਤ ਪ੍ਰੇਗਿਤ ਕੀਤਾ, ਉਹ ਡਾਕਟਰ ਬਿਮਲ ਛਾਜੇੜ ਹਨ। ਐੱਮ.ਬੀ.ਬੀ.ਐੱਸ, ਐੱਮ.ਡੀ ਹਨ। ਜਦੋਂ ਉਨ੍ਹਾਂ ਕਲਕੱਤਾ ਦੇ ਮੈਡੀਕਲ ਕਾਲਜ ਤੋਂ ਐੱਮ.ਬੀ.ਬੀ.ਐੱਸ ਦੀ ਡਿਗਰੀ ਪ੍ਰਾਪਤ ਕੀਤੀ ਤਾਂ ਉਹ ਵੀ ਦਵਾਈਆਂ ਅਤੇ ਸਰਜਰੀ ਵਾਲੇ ਇਲਾਜ ਨੂੰ ਹੀ ਬਿਹਤਰੀਨ ਮੰਨਦੇ ਸਨ। ਪਰੰਤੂ ਅਗਲੇ ਹੀ ਸਾਲ ਜਦ ਉਹ ਦਿੱਲੀ ਦੇ ਪ੍ਰਸਿੱਧ ਹਸਪਤਾਲ ਵਿਚ ਦਿਲ ਦੇ ਮਾਹਿਰ ਡਾਕਟਰ ਵਜੋਂ ਸੇਵਾਵਾਂ ਦੇ ਰਹੇ ਸਨ ਤਾਂ ਸਾਰਾ ਕੁਝ ਵੇਖ ਸਮਝ ਕੇ ਉਨ੍ਹਾਂ ਦੀ ਸੋਚ ਬਦਲਣ ਲੱਗੀ। ਲਖਨਊ ਦੇ ਮੈਡੀਕਲ ਕਾਲਜ ਅਤੇ ਏਮਜ਼ ਵਿਚ ਰਹਿੰਦਿਆਂ ਅਨੇਕਾਂ ਤਜ਼ਰਬੇ ਕੀਤੇ। ਜਦ ਉਨ੍ਹਾਂ ਨੇ ਵੇਖਿਆ ਕਿ ਜੀਵਨ-ਸ਼ੈਲੀ, ਕਸਰਤ, ਖੁਰਾਕ ਅਤੇ ਤਣਾਅ-ਪ੍ਰਬੰਧ ਨਾਲ ਇਲਾਜ ਦਾ, ਸਮੁੱਚਾ ਸਿਸਟਮ ਅਤੇ ਡਾਕਟਰ ਭਾਈਚਾਰਾ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਏਮਜ਼ ਤੋਂ ਅਸਤੀਫ਼ਾ ਦੇ ਕੇ ਆਪਣੇ ਪੱਧਰ ‘ਤੇ ਦਿਲ ਦੇ ਮਰੀਜ਼ਾਂ ਦਾ ਇਲਾਜ ਆਰੰਭ ਕੀਤਾ। ਉਨ੍ਹਾਂ ਨੇ ‘ਸਾਓਲ ਹਾਰਟ ਸੈਂਟਰ’ ਨਾਂਅ ਹੇਠ ਪੂਰੇ ਭਾਰਤ ‘ਚ ਇਲਾਜ ਕੇਂਦਰ ਖੋਲ੍ਹੇ ਅਤੇ ਕਾਮਯਾਬ ਹੋਏ। ਉਹ ਹੁਣ ਤੱਕ ਦਿਲ ਦੀ ਸਿਹਤ ਅਤੇ ਖੁਰਾਕ ਸੰਬੰਧੀ ਵੱਧ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਹਨ, ਜਿਹੜੀਆਂ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈਆਂ ਹਨ।
ਯੂਟਿਊਬ ‘ਤੇ ਉਨ੍ਹਾਂ ਦੀਆਂ 50 ਤੋਂ ਵੱਧ ਵੀਡੀਓ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਦਿਲ ਦੀ ਸਿਹਤ ਦੇ ਹਰੇਕ ਪਹਿਲੂ ਸੰਬੰਧੀ ਗੱਲ ਕੀਤੀ ਹੈ। ਸਰਲ, ਸਪਸ਼ਟ, ਸੰਖੇਪ ਸ਼ਬਦਾਂ ਵਿਚ। ਉਹ ਦਿਲ ਦੀ ਚੀਰ-ਫਾੜ ਦੇ ਵਿਰੁੱਧ ਹਨ ਅਤੇ ਬਦਲਵੇਂ ਕੁਦਰਤੀ ਢੰਗ-ਤਰੀਕੇ ਵਰਤਣ ਲਈ ਉਤਸ਼ਾਹਿਤ ਕਰਦੇ ਹਨ। ਉਹ ਘਿਉ-ਤੇਲ ਤੋਂ ਵਰਜਦੇ ਹਨ। ਪ੍ਰਦੂਸ਼ਣ ਦੇ ਤਣਾਅ ਤੋਂ ਬਚਣ ਦੀ ਸਲਾਹ ਦਿੰਦੇ ਹਨ। ਸਿਹਤਮੰਦ ਹਲਕੀ ਖੁਰਾਕ ਖਾਣ ਲਈ ਕਹਿੰਦੇ ਹਨ। ਯੋਗਾ ਅਤੇ ਕਸਰਤ ਨੂੰ ਰੋਜ਼ਾਨਾ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਦੇ ਹਨ। ਡਾਕਟਰ ਅਮਰ ਸਿੰਘ ਆਜ਼ਾਦ ਦੂਸਰੇ ਡਾਕਟਰ ਹਨ, ਜਿਨ੍ਹਾਂ ਦੀਆਂ ਵੀਡੀਓ, ਗੱਲਬਾਤ, ਇੰਟਰਵਿਊ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ। ਉਹ ਸਹੀ ਮਾਅਨਿਆਂ ਵਿਚ ਸਹੀ ਸਲਾਹ ਦੇਣ ਵਾਲੇ ਡਾਕਟਰ ਸਨ। ਉਹ ਪਟਿਆਲਾ ਨਾਲ ਸੰਬੰਧਤ ਸਨ ਪਰ ਵੱਖ-ਵੱਖ ਸ਼ਹਿਰਾਂ ਵਿਚ ਨਿਸ਼ਚਿਤ ਤਰੀਕਾਂ ਨੂੰ ਪਹੁੰਚਦੇ ਸਨ। ਮੈਂ ਦੋ ਤਿੰਨ ਵਾਰ ਜਲੰਧਰ ਵਿਖੇ ਉਨ੍ਹਾਂ ਨੂੰ ਮਿਲਿਆ ਸਾਂ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ‘ਤੇ ਉਨ੍ਹਾਂ ਦੀਆਂ ਲੰਮੀਆਂ ਸਿਹਤ-ਇੰਟਰਵਿਊ ਸੁਣ ਕੇ ਮੈਂ ਉਨ੍ਹਾਂ ਦਾ ਵੱਡਾ ਪ੍ਰਸੰਸਕ ਬਣ ਗਿਆ ਸਾਂ। ਮਨ ਵਿਚ ਸੋਚਦਾ ਸਾਂ ਡਾਕਟਰ ਹੋਵੇ ਤਾਂ ਇਹੋ ਜਿਹਾ ਹੋਵੇ। ਕੋਵਿਡ 19 ਦੌਰਾਨ ਕੋਰੋਨਾ ਵਾਇਰਸ ਸੰਬੰਧੀ ਜਦ ਉਨ੍ਹਾਂ ਦਾ ਆਰਟੀਕਲ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਇਆ ਤਾਂ ਮੇਰੇ ਅੰਦਰ ਉਨ੍ਹਾਂ ਬਾਰੇ ਹੋਰ ਜਾਨਣ ਦੀ ਜਿਗਿਆਸਾ ਜਾਗ ਪਈ।
ਉਨ੍ਹਾਂ ਨੇ ਐੱਮ.ਬੀ.ਬੀ.ਐੱਸ ਕਰਨ ਉਪਰੰਤ ਪਹਿਲਾਂ ਬਾਲ ਚਕਿਤਸਾ ਅਤੇ ਫਿਰ ਸੋਸ਼ਲ ਮੈਡੀਸਨ ਦੇ ਖੇਤਰ ਵਿਚ ਐੱਮ.ਡੀ. ਕੀਤੀ। ਇਸ ਨੂੰ ਕਮਿਊਨਿਟੀ ਮੈਡੀਸਨ ਵੀ ਕਿਹਾ ਜਾਂਦਾ ਹੈ। ਇਹ ਮੈਡੀਕਲ ਸਾਇੰਸ ਦੀ ਉਹ ਸ਼ਾਖਾ ਹੈ ਜੋ ਕਿਸੇ ਇਕ ਵਿਅਕਤੀ ਦੀ ਬਜਾਏ ਪੂਰੇ ਸਮਾਜ ਜਾਂ ਭਾਈਚਾਰੇ ਦੀ ਸਿਹਤ ਨੂੰ ਸੁਧਾਰਨ, ਬਿਮਾਰੀਆਂ ਨੂੰ ਰੋਕਣ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਸਿੱਖਿਅਤ ਕਰਨ ‘ਤੇ ਜ਼ੋਰ ਦਿੰਦੀ ਹੈ।
ਬਿਮਾਰੀ ਦੇ ਇਲਾਜ ਨਾਲੋਂ ਬਿਮਾਰੀ ਨੂੰ ਹੋਣ ਤੋਂ ਪਹਿਲਾਂ ਰੋਕਣਾ ਇਸ ਦਾ ਮੁੱਖ ਮਕਸਦ ਹੁੰਦਾ ਹੈ। ਇਹ ਪੌਸ਼ਟਿਕ ਖੁਰਾਕ ਬਾਰੇ ਜਾਗਰੂਕਤਾ ‘ਤੇ ਜ਼ੋਰ ਦਿੰਦੀ ਹੈ। ਇਹ ਸਮੂਹਕ ਸਿਹਤ ਸੰਭਾਲ ਦਾ ਵਿਗਿਆਨ ਹੈ।
30 ਸਾਲ ਦੀਆਂ ਸਿਹਤ-ਸੇਵਾਵਾਂ ਦੌਰਾਨ ਉਹ ਸੀਨੀਅਰ ਮੈਡੀਲ ਅਫ਼ਸਰ ਦੇ ਅਹੁਦੇ ‘ਤੇ ਵੀ ਰਹੇ। ਅਸਿਸਟੈਂਟ ਪ੍ਰੋਫ਼ੈਸਰ ਵਜੋਂ ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਪੜ੍ਹਾਇਆ ਵੀ। ਉਹ ਕੁਦਰਤੀ ਢੰਗ ਨਾਲ ਵਿਅਕਤੀ ਨੂੰ ਤੰਦਰੁਸਤ ਰੱਖਣ ਅਤੇ ਮਰੀਜ਼ ਨੂੰ ਠੀਕ ਕਰਨ ‘ਤੇ ਜ਼ੋਰ ਦਿੰਦੇ ਹਨ। ਉਹ ਕਣਕ ਅਤੇ ਦੁੱਧ ਬੰਦ ਕਰਨ ਲਈ ਕਹਿੰਦੇ ਹਨ ਕਿਉਂਕਿ ਇਹ ਦੋਵੇਂ ਚੀਜ਼ਾਂ ਅੱਜ ਖਾਣ-ਪੀਣ ਦੇ ਯੋਗ ਨਹੀਂ ਰਹੀਆਂ। ਮਿੱਠਾ ਨਾਮਾਤਰ ਵਰਤਣ ਲਈ ਪ੍ਰੇਰਦੇ ਹਨ। ਇਨ੍ਹਾਂ ਗੱਲਾਂ ‘ਤੇ ਕਿਸੇ ਹੱਦ ਤੱਕ ਅਮਲ ਕਰਕੇ ਮੈਨੂੰ ਬੜਾ ਲਾਭ ਮਿਲਿਆ ਹੈ। ਮੈਂ ਅਕਸਰ ਉਨ੍ਹਾਂ ਨੂੰ ਯਾਦ ਕਰਦਾ ਹਾਂ। ਕਣਕ ਦੀ ਜਗ੍ਹਾ ਉਹ ਮਿਲਟ ਵਰਤਣ ‘ਤੇ ਜ਼ੋਰ ਦਿੰਦੇ ਸਨ। ਸਮੁੱਚੇ ਇਲਾਜ ਅਤੇ ਸੰਪੂਰਨ ਤੰਦਰੁਸਤੀ ‘ਤੇ ਧਿਆਨ ਕੇਂਦ੍ਰਿਤ ਕਰਦੇ ਸਨ। ਇਹ ਸਰੀਰਕ ਬਿਮਾਰੀ ਠੀਕ ਕਰਨ ਦੀ ਬਜਾਏ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਨੂੰ ਇਕੱਠਿਆਂ ਤੰਦਰੁਸਤ ਕਰਨ ਦੀ ਪ੍ਰਕਿਰਿਆ ਹੈ। ਕੁਦਰਤੀ ਇਲਾਜ ਅਤੇ ਯੋਗਾ ਉਨ੍ਹਾਂ ਦੀ ਇਲਾਜ-ਵਿਧੀ ਦਾ ਕੇਂਦਰ-ਬਿੰਦੂ ਸਨ। ਇਸੇ ਲਈ ਉਨ੍ਹਾਂ ਨੇ ਪਟਿਆਲਾ ਵਿਖੇ ‘ਨੇਚਰ ਕਿਓਰ ਸੈਂਟਰ’ ਖੋਲ੍ਹਿਆ ਹੋਇਆ ਸੀ। ਦੂਰੋਂ-ਦੂਰੋਂ ਮਰੀਜ਼ ਆਉਂਦੇ ਸਨ ਅਤੇ ਵਾਰੀ ਲਈ ਉਡੀਕ ਕਰਨੀ ਪੈਂਦੀ ਸੀ।
ਤੀਸਰੇ ਨੰਬਰ ‘ਤੇ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਦੀ ਜੋੜੀ ਹੈ। ਇਹ ਵੀ ਪਟਿਆਲਾ ਨਾਲ ਸੰਬੰਧਤ ਹਨ ਅਤੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਿਤ ਹਨ। ਮੈਨੂੰ ਉਹੀ ਡਾਕਟਰ ਭਾਉਂਦਾ ਹੈ, ਜਿਹੜਾ ਸਿੱਧੇ, ਸਰਲ, ਸਪਸ਼ਟ ਢੰਗ ਨਾਲ ਮਰੀਜ਼ ਨੂੰ, ਲੋਕਾਂ ਨੂੰ ਬਿਮਾਰੀ ਬਾਰੇ, ਇਲਾਜ ਬਾਰੇ, ਖੁੱਲ੍ਹ ਕੇ ਸਮਝਾ ਦੇਵੇ। ਕੋਈ ਓਹਲਾ ਨਾ ਰੱਖੇ ਅਤੇ ਇਮਾਨਦਾਰੀ ਦਾ ਪੱਲਾ ਨਾ ਛੱਡੇ।
ਡਾ. ਹਰਸ਼ਿੰਦਰ ਕੌਰ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਬੱਚਿਆਂ ਦੇ ਮਾਹਿਰ ਡਾਕਟਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਹ ਲਗਾਤਾਰ ਅਖ਼ਬਾਰਾਂ ਵਿਚ ਲਿਖਦੇ ਹਨ ੳਤੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਆਪਣੇ ਯੂਟਿਊਬ ਚੈਨਲ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਚੇਤੰਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਕੁਝ ਦੇਰ ਤੋਂ ਉਨ੍ਹਾਂ ਦੇ ਹਮਸਫ਼ਰ ਡਾ. ਗੁਰਪਾਲ ਸਿੰਘ ਵੀ ਉਨ੍ਹਾਂ ਦੇ ਇਸ ਯਤਨ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੁਆਰਾ ਸਮਝਾਏ ਸਿਹਤ-ਨੁਕਤੇ ਬੜੇ ਮਹੱਤਵਪੂਰਨ, ਬੜੇ ਮੁੱਲਵਾਨ, ਬੜੇ ਕਮਾਲ ਦੇ ਹੁੰਦੇ ਹਨ।
ਸਿਹਤ ਦਾ ਮਾਮਲਾ ਸਿੱਧੇ ਤੌਰ ‘ਤੇ ਖੁਰਾਕ, ਕਸਰਤ, ਤਣਾਅ, ਮਨ, ਕੁਦਰਤ ਅਤੇ ਇਲਾਜ ਨਾਲ ਜੁੜਿਆ ਹੈ। ਇਹਦੇ ਲਈ ਸਰੀਰਕ ਬਣਤਰ ਅਤੇ ਵੱਖ-ਵੱਖ ਅੰਗਾਂ ਦੀ ਕਾਰਜ-ਪ੍ਰਣਾਲੀ ਨੂੰ ਸਮਝਣ ਜਾਨਣ ਦੀ ਲੋੜ ਹੈ। ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ, ਇਸ ਪਿੱਛੇ ਕੀ ਵਿਵੇਕ ਹੈ, ਉਹ ਸਮਝਾਉਣਾ ਜ਼ਰੂਰੀ ਹੈ। ਇਹ ਸਾਰੇ ਡਾਕਟਰ ਇਹੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਇਸ ਲੜੀ ਵਿਚ ਚੌਥੇ ਤੇ ਆਖ਼ਰੀ ਸ਼ਖ਼ਸ ਹਨ ਡਾਕਟਰ ਕੇ.ਪੀ.ਐੱਸ. ਸੇਖੋਂ। ਮੈਂ ਜਦ ਇਨ੍ਹਾਂ ਦੀਆਂ ਸਿਹਤ ਸੰਬੰਧੀ ਵੀਡੀਓ ਵੇਖੀਆਂ-ਸੁਣੀਆਂ ਤਾਂ ਬਿਲਕੁਲ ਉਵੇਂ ਪ੍ਰਭਾਵਿਤ ਹੋਇਆ ਜਿਵੇਂ ਡਾਕਟਰ ਅਮਰ ਸਿੰਘ ਆਜ਼ਾਦ ਦੀਆਂ ਲੰਮੀਆਂ ਟੈਲੀਵਿਜ਼ਨ ਇੰਟਰਵਿਊ ਸੁਣ ਕੇ ਹੋਇਆ ਸਾਂ। ਜਦ ਇਨ੍ਹਾਂ ਦੀਆਂ ਹੋਰ ਹੋਰ ਵੀਡੀਓ ਅਤੇ ਸਮਾਜਿਕ ਸਰਗਰਮੀਆਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਚੱਲਿਆ ਇਹ ਵੀ ਉਸੇ ਦਿਸ਼ਾ ਵਿਚ ਪੂਰੀ ਲਗਨ, ਪੂਰੀ ਸਮਰੱਥਾ, ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਡਾ. ਸੇਖੋਂ ਗੰਭੀਰ ਅਤੇ ਲੰਮਾ ਸਮਾਂ ਚੱਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਹਨ। ਮਾਨਸਿਕ ਤੰਦਰੁਸਤੀ ‘ਤੇ ਬਹੁਤ ਜ਼ੋਰ ਦਿੰਦੇ ਹਨ। ਸੰਪੂਰਨ ਇਲਾਜ ਅਤੇ ਪੂਰਨ ਸਿਹਤਯਾਬੀ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਹ ਡਾਕਟਰ ਹਨ, ਸਮਾਜ ਸੇਵਕ ਹਨ, ਦਾਰਸ਼ਨਿਕ ਹਨ। ਤਜ਼ਰਬੇਕਾਰ ਹਨ, ਗਿਆਨਵਾਨ ਹਨ, ਨੇਕ ਡਾਕਟਰ ਹਨ। ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦੀ ਛੋਹ ਮਰੀਜ਼ ਨੂੰ ਸਰੀਰਕ ਮਾਨਸਿਕ ਰਾਹਤ ਦਿੰਦੀ ਹੈ। ਤੰਦਰੁਸਤੀ ਅਤੇ ਸਕੂਨ ਪ੍ਰਦਾਨ ਕਰਦੀ ਹੈ।
ਉਨ੍ਹਾਂ ਦੀਆਂ ਸੈਂਕੜੇ ਸਿਹਤ-ਵੀਡਓ ਸੋਸ਼ਲ ਮੀਡੀਆ ‘ਤੇ ਉਪਲਬਧ ਹਨ ਜਿਨ੍ਹਾਂ ਨੂੰ ਵੇਖ-ਸੁਣ ਕੇ ਮਰੀਜ਼ ਤੰਦਰੁਸਤ ਜੀਵਨ ਵੱਲ ਵੱਧ ਸਕਦੇ ਹਨ। ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ, ਸਮਝਿਆ, ਜਾਣਿਆ ਹੈ। ਜਦ ਇਕ ਸੈਮੀਨਾਰ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੀ ਲੰਮੀ ਵੀਡੀਓ ਵੇਖੀ ਤਾਂ ਮੈਂ ਡਾਕਟਰ ਵੇਖੋਂ ਦਾ ਵੱਡਾ ਪ੍ਰਸੰਸਕ ਬਣ ਗਿਆ। ਮੈਨੂੰ ਲੱਗਦਾ ਇੰਝ ਪਾਠਕਾਂ ਨਾਲ ਗੱਲ ਸਾਂਝੀ ਕਰਕੇ ਮੈਂ ਉਪਰੋਕਤ ਡਾਕਟਰਾਂ ਦਾ ਕੁਝ ਕੁ ਰਿਣ ਉਤਾਰਨ ਦੇ ਯੋਗ ਹੋ ਸਕਿਆ ਹਾਂ।
– ਪ੍ਰੋ. ਕੁਲਬੀਰ ਸਿੰਘ
ਡਾਕਟਰਾਂ ਦੀਆਂ ਮੁੱਲਵਾਨ ਸਿਹਤ-ਵੀਡੀਓ
RELATED ARTICLES

